ਸਾਬਕਾ ਲਿਬਰਲ MP ਰਾਜ ਗਰੇਵਾਲ ਨੇ ਅਦਾਲਤ ਵਿੱਚ ਆਪਣੇ ਦਫ਼ਤਰ ਦੇ ਸਮੇਂ ਨਾਲ ਜੁੜੇ ਦੋ ਅਪਰਾਧਿਕ ਦੋਸ਼ਾਂ ਨੂੰ ਖ਼ਾਰਜ ਕਰਨ ਦੀ ਮੰਗ ਕੀਤੀ। ਰਾਜ ਗਰੇਵਾਲ ਦੇ ਵਕੀਲ ਦੀ ਦਲੀਲ ਹੈ ਕਿ ਸਰਕਾਰੀ ਵਕੀਲ ਨੇ ਉਨ੍ਹਾਂ ਨੂੰ ਭਰੋਸੇ ਦੀ ਉਲੰਘਣਾ ਦਾ ਦੋਸ਼ੀ ਠਹਿਰਾਉਣ ਲਈ ਲੋੜੀਂਦੇ ਸਬੂਤ ਪੇਸ਼ ਨਹੀਂ ਕੀਤੇ। ਸਰਕਾਰੀ ਵਕੀਲਾਂ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਰਾਜ ਗਰੇਵਾਲ ਨੇ ਆਪਣੇ ਨਿੱਜੀ ਲਾਭ ਲਈ ਸਿਆਸੀ ਅਹੁਦੇ ਦੀ ਵਰਤੋਂ ਕੀਤੀ ਸੀ।
ਰਾਜ ਗਰੇਵਾਲ ‘ਤੇ ਇਲਜ਼ਾਮ ਲਗਾਇਆ ਗਿਆ ਸੀ ਕਿ ਉਨ੍ਹਾਂ ਨੇ ਇਮੀਗ੍ਰੇਸ਼ਨ ਫ਼ਾਈਲਾਂ ਵਿਚ ਮਦਦ ਤੋਂ ਲੈਕੇ ਪ੍ਰਧਾਨ ਮੰਤਰੀ ਦੇ ਸਮਾਗਮਾਂ ਵਿਚ ਪਹੁੰਚ ਮੁਹੱਈਆ ਕਰਵਾਉਣ ਦੇ ਬਦਲੇ ਵੱਡੇ ਲੋਨ ਪ੍ਰਾਪਤ ਕੀਤੇ, ਜੋ ਉਹਨਾਂ ਦੇ ਜੂਏਬਾਜ਼ੀ ਦੇ ਕਰਜ਼ੇ ਵਿਚ ਸ਼ਾਮਲ ਹੋਏ ਸਨ। ਪਰ ਉਹਨਾਂ ਦੇ ਵਕੀਲਾਂ ਵੱਲੋਂ ਦਾਇਰ ਦਸਤਾਵੇਜ਼ਾਂ ਵਿਚ ਦਲੀਲ ਦਿੱਤੀ ਗਈ ਸੀ ਕਿ ਉਹਨਾਂ ਦਾ ਵਿਵਹਾਰ ਗ਼ੈਰ-ਅਪਰਾਧਕ ਸ਼੍ਰੇਣੀ ਵਿਚ ਆਉਂਦਾ ਹੈ ਅਤੇ ਕ੍ਰਾਊਨ ਦੇ ਕੇਸ ਵਿਚ ਕੋਈ ਦਮ ਨਹੀਂ ਹੈ।ਰਾਜ ਦੇ ਵਕੀਲ ਨਾਦਰ ਹਸਨ ਨੇ ਦਸਤਾਵੇਜ਼ ਵਿੱਚ ਕਿਹਾ ਹੈ ਕਿ ਕਿਸੇ ਭ੍ਰਿਸ਼ਟ ਮਕਸਦ ਲਈ ਆਪਣੇ ਅਧਿਕਾਰਤ ਰੁਤਬੇ ਦੀ ਦੁਰਵਰਤੋਂ ਕਰਨ ਅਤੇ ਦਫ਼ਤਰ ਵਿੱਚ ਸੇਵਾ ਨਿਭਾਉਂਦੇ ਸਮੇਂ ਗਲਤੀ ਕਰਨ ਵਿੱਚ ਅੰਤਰ ਹੈ। ਗਰੇਵਾਲ ਨੇ 2018 ਵਿੱਚ ਲਿਬਰਲ ਕੌਕਸ ਦੇ ਮੈਂਬਰ ਵਜੋਂ ਅਸਤੀਫਾ ਦੇ ਦਿੱਤਾ ਸੀ ਅਤੇ ਉਹਨਾਂ ਨੇ ਦੁਬਾਰਾ ਚੋਣ ਨਹੀਂ ਲੜੀ ਸੀ।
ਗਰੇਵਾਲ ਸੋਮਵਾਰ ਨੂੰ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿੱਚ ਪੇਸ਼ ਹੋਇਆ, ਉਹਨਾਂ ਦੇ ਵਕੀਲ ਨੇ ਸਾਰੇ ਦੋਸ਼ਾਂ ਤੋਂ ਬਰੀ ਹੋਣ ਲਈ ਆਪਣਾ ਪ੍ਰਸਤਾਵ ਪੇਸ਼ ਕੀਤਾ।