ਇੱਕ ਹੋਰ ਵੱਡੀ ਪਬਲਿਕ ਸਰਵਿਸ ਯੂਨੀਅਨ ਨੇ ਮੁਲਾਜ਼ਮਾਂ ਦੇ ਮੁੜ ਦਫ਼ਤਰੋਂ ਕੰਮ ਸ਼ੁਰੂ ਕਰਨ ਦੇ ਸਬੰਧ ਵਿਚ ਲੇਬਰ ਸ਼ਿਕਾਇਤ ਦਾਇਰ ਕੀਤੀ ਹੈ। ਪ੍ਰੋਫ਼ੈਸ਼ਨਲ ਇੰਸਟੀਟਿਊਟ ਔਫ਼ ਦ ਪਬਲਿਕ ਸਰਵਿਸ ਔਫ਼ ਕੈਨੇਡਾ ਨੇ ਇੱਕ ਨਿਊਜ਼ ਰਿਲੀਜ਼ ਜਾਰੀ ਕਰਦਿਆਂ ਕਿਹਾ ਕਿ ਉਸਨੇ ਖ਼ਰਾਬ ਨੀਅਤ ਦਾ ਹਵਾਲਾ ਦਿੰਦਿਆਂ ਸ਼ਿਕਾਇਤ ਦਾਇਰ ਕੀਤੀ ਹੈ ਕਿਉਂਕਿ ਕੈਨੇਡਾ ਰੈਵਨਿਊ ਏਜੰਸੀ ਨੇ ਪਿਛਲੇ ਮਹੀਨੇ ਘਰੋਂ ਕੰਮ ਕਰਨ ਬਾਬਤ ਯੋਜਨਾ ‘ਤੇ ਗੱਲਬਾਤ ਬੰਦ ਕਰ ਦਿੱਤੀ ਅਤੇ ਯੂਨੀਅਨ ਵਰਕਰਾਂ ਨੂੰ ਹਫ਼ਤੇ ਵਿਚ ਦੋ ਦਿਨ ਦਫ਼ਤਰ ਆਉਣ ਲਈ ਆਖਿਆ ਹੈ।
PIPSC ਅਕਤੂਬਰ ਮਹੀਨੇ ਤੋਂ 14,000 ਤੋਂ ਵੱਧ ਮੁਲਾਜ਼ਮਾਂ ਦੀ ਤਰਫ਼ੋਂ ਏਜੰਸੀ ਨਾਲ ਗੱਲਬਾਤ ਕਰ ਰਹੀ ਹੈ। ਇੱਕ ਈਮੇਲ ਬਿਆਨ ਵਿਚ ਸੀਆਰਏ ਨੇ ਕਿਹਾ ਕਿ ਉਸਨੇ ਯੂਨੀਅਨਾਂ ਨਾਲ ਹਾਈਬ੍ਰਿਡ ਮਾਡਲ ਉੱਤੇ ਗੱਲਬਾਤ ਕੀਤੀ ਹੈ ਅਤੇ ਉਹ ਗੱਲਬਾਤ ਨੂੰ ਜਾਰੀ ਰੱਖੇਗੀ। ਸੀਆਰਏ ਨੇ ਕਿਹਾ, “ਅਸੀਂ ਇੱਕ ਨਵੇਂ ਸਮੂਹਿਕ ਸਮਝੌਤੇ ‘ਤੇ ਪਹੁੰਚਣ ਲਈ ਵਚਨਬੱਧ ਹਾਂ ਜੋ ਮੁਲਾਜ਼ਮਾਂ ਲਈ ਨਿਰਪੱਖ ਹੋਵੇ ਅਤੇ ਕੈਨੇਡੀਅਨ ਟੈਕਸਦਾਤਿਆਂ ਦਾ ਸਤਿਕਾਰ ਕਰਦਾ ਹੋਵੇ।”
31 ਮਾਰਚ ਤੋਂ ਫ਼ੈਡਰਲ ਪਬਲਿਕ ਸਰਵੈਂਟਸ ਲਈ ਹਫ਼ਤੇ ਵਿਚ ਦੋ ਤੋਂ ਤਿੰਨ ਦਿਨ ਦਫ਼ਤਰ ਆਕੇ ਕੰਮ ਕਰਨਾ ਜ਼ਰੂਰੀ ਹੋ ਰਿਹਾ ਹੈ। ਕੁਝ ਮੁਲਾਜ਼ਮ ਪਹਿਲਾਂ ਹੀ ਦਫ਼ਤਰ ਆਉਣਾ ਸ਼ੁਰੂ ਕਰ ਚੁੱਕੇ ਹਨ।ਕੋਵਿਡ ਮਹਾਂਮਾਰੀ ਤੋਂ ਬਾਅਦ ਬਹੁਤ ਸਾਰੇ ਮੁਲਾਜ਼ਮ ਘਰੋਂ ਕੰਮ ਕਰ ਰਹੇ ਹਨ। PIPSC ਦਾ ਕਹਿਣਾ ਹੈ ਕਿ ਮੁਲਾਜ਼ਮ ਸੁਰੱਖਿਅਤ ਅਤੇ ਕੁਸ਼ਲ ਤਰੀਕੇ ਨਾਲ ਆਪਣਾ ਕੰਮ ਕਰ ਰਹੇ ਹਨ, ਪਬਲਿਕ ਸਰਵਿਸ ਅਲਾਇੰਸ ਔਫ਼ ਕੈਨੇਡਾ ਨੇ ਵੀ ਚਲ ਰਹੀ ਗੱਲਬਾਤ ਦੌਰਾਨ ਕਾਰਜ ਸਥਿਤੀਆਂ ਵਿਚ ਤਬਦੀਲੀ ਨੂੰ ਗ਼ੈਰ-ਕਾਨੂੰਨੀ ਆਖਦਿਆਂ ਦਸੰਬਰ ਵਿਚ ਲੇਬਰ ਸ਼ਿਕਾਇਤ ਦਾਇਰ ਕੀਤੀ ਸੀ। PSAC ਨੇ ਕਿਹਾ ਸੀ ਕਿ 165,000 ਫ਼ੈਡਰਲ ਪਬਲਿਕ ਸਰਵੈਂਟਸ ਦੀ ਤਰਫ਼ੋਂ ਯੂਨੀਅਨ ਦੀ ਲੇਬਰ ਗੱਲਬਾਤ ਜਾਰੀ ਹੋਣ ਦੇ ਬਾਵਜੂਦ, ਉਹ ਮੈਂਬਰਾਂ ਦੇ ਕੰਮਕਾਜ ਦੀਆਂ ਸਥਿਤੀਆਂ ਵਿਚ ਮਨਮਰਜ਼ੀ ਦੀਆਂ ਤਬਦੀਲੀਆਂ ਥੋਪਣ ਨੂੰ ਲੈਕੇ, ਟ੍ਰੈਜ਼ਰੀ ਬੋਰਡ ਅਤੇ ਹੋਰ ਏਜੰਸੀਆਂ ਖ਼ਿਲਾਫ਼ statutory freeze complaint ਦਰਜ ਕਰਵਾਏਗੀ।
(CBC News)