ਪਬਲਿਕ ਔਰਡਰ ਐਮਰਜੈਂਸੀ ਕਮੀਸ਼ਨ ਮੁਤਾਬਿਕ ਲਿਬਰਲ ਸਰਕਾਰ ਵੱਲੋਂ ਪਿਛਲੇ ਸਾਲ ਐਮਰਜੈਂਸੀ ਐਕਟ ਲਾਗੂ ਕਰਨ ਦਾ ਫ਼ੈਸਲਾ ਐਮਰਜੈਂਸੀ ਲਾਗੂ ਕਰਨ ਲਈ ਜ਼ਰੂਰੀ ਮਾਪਦੰਡਾਂ ਨੂੰ ਪੂਰਾ ਕਰਦਾ ਹੈ। ਮੰਗਲਵਾਰ ਨੂੰ ਜਾਰੀ ਹੋਈ ਰਿਪੋਰਟ ਵਿਚ, ਜਸਟਿਸ ਪੌਲ ਰੋਲੌ ਨੇ ਕਿਹਾ ਕਿ ਪੁਲਿਸ ਅਤੇ ਓਨਟੇਰਿਓ ਦੀ ਅਸਫਲਤਾ ਕਾਰਨ ਮੁਜ਼ਾਹਰੇ ਕਾਬੂ ਤੋਂ ਬਾਹਰ ਹੋਏ ਸਨ ਜਿਨ੍ਹਾਂ ਕਾਰਨ ਓਟਾਵਾ ਦੇ ਵਸਨੀਕਾਂ ਨੂੰ ਪਰੇਸ਼ਾਨੀ ਝੱਲਣੀ ਪਈ ਸੀ।
ਰੋਲੌ ਨੇ ਕਿਹਾ ਕਿ ਜ਼ਿਆਦਾਤਰ ਐਮਰਜੈਂਸੀ ਉਪਾਅ ਉਚਿਤ ਅਤੇ ਵਾਜਬ ਸਨ, ਹਾਲਾਂਕਿ ਉਹਨਾਂ ਨੇ ਵਾਹਨ ਬੀਮੇ ਨੂੰ ਮੁਅੱਤਲ ਕਰਨ ਦੀ ਸ਼ਕਤੀ ਵਰਗੇ ਉਪਾਵਾਂ ਨੂੰ ਪ੍ਰਤੀਕੂਲ ਆਖਿਆ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਐਮਰਜੈਂਸੀ ਐਕਟ ਲਾਗੂ ਕਰਨਾ ਇੱਕ ਸਖ਼ਤ ਕਦਮ ਸੀ, ਪਰ ਇਹ ਇੱਕ ਤਾਨਾਸ਼ਾਹੀ ਕਦਮ ਨਹੀਂ ਸੀ। ਓਟਾਵਾ ਵਿਚ ਵੈਕਸੀਨ ਖ਼ਿਲਾਫ਼ ਹੋਏ ਮੁਜ਼ਾਹਰਿਆਂ ਵੇਲੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਐਮਰਜੈਂਸੀ ਐਕਟ ਦਾ ਐਲਾਨ ਕਰ ਦਿੱਤਾ ਸੀ। ਕੈਨੇਡਾ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰੀ ਕੀਤਾ ਗਿਆ ਸੀ। ਐਮਰਜੈਂਸੀ ਐਕਟ ਦੇ ਲਾਗੂ ਹੋਣ ਨਾਲ ਵਿਰੋਧ ਪ੍ਰਦਰਸ਼ਨਾਂ ਨਾਲ ਨਜਿੱਠਣ ਲਈ ਫ਼ੈਡਰਲ ਸਰਕਾਰ ਨੂੰ ਆਰਜ਼ੀ ਤੌਰ ‘ਤੇ ਵਾਧੂ ਸ਼ਕਤੀਆਂ ਪ੍ਰਾਪਤ ਹੋਈਆਂ ਸਨ।