ਅਮਰੀਕਾ ਦੇ ਕਈ ਇਲਾਕੇ ਭਾਰੀ ਬਰਫੀਲੇ ਤੂਫਾਨ ਦਾ ਸਾਹਮਣਾ ਕਰ ਰਹੇ ਹਨ। ਇਸ ਕਾਰਨ ਏਅਰਲਾਈਨਸ ਦੀਆਂ 1000 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ 2000 ਤੋਂ ਵੱਧ ਉਡਾਣਾਂ ‘ਚ ਦੇਰੀ ਹੋਈ ਹੈ। ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਅਮਰੀਕਾ ਦੀ ਰਾਸ਼ਟਰੀ ਮੌਸਮ ਸੇਵਾ ਨੇ ਆਪਣੇ ਪੂਰਵ ਅਨੁਮਾਨ ਜਤਾਇਆ ਹੈ ਕਿ ਪ੍ਰਤੀ ਘੰਟੇ ਦੋ ਇੰਚ ਦੀ ਦਰ ਨਾਲ ਡਿਗਣ ਵਾਲੀ ਬਰਫ ਤੇ ਤੇਜ਼ ਹਵਾਵਾਂ ਕਾਰਨ ਉੱਤਰੀ ਮੈਦਾਨਾਂ ਅਤੇ ਅਪਰ ਮਿਡਵੇਸਟ ਦੇ ਕੁਝ ਹਿੱਸਿਆਂ ਵਿਚ ਸਥਿਤੀ ਹੋਰ ਖਰਾਬ ਹੋ ਸਕਦੀ ਹੈ । ਜਿਸ ਨਾਲ ਯਾਤਰਾ ਕਰਨਾ ਕਾਫੀ ਮੁਸ਼ਕਲ ਹੋ ਜਾਵੇਗਾ। ਘਰੇਲੂ ਏਅਰਲਾਈਨ ਸਕਾਈਵੇਸਟ ਇੰਕ ਦੀਆਂ 312 ਉਡਾਣਾਂ ਰੱਦ ਹੋਈਆਂ ਹਨ ਅਤੇ ਸਾਊਥਵੇਸਟ ਏਅਰਲਾਈਸ ਦੀਆਂ 248 ਅਤੇ ਡੇਲਟਾ ਏਅਰਲਾਈਨਸ ਦੀਆਂ 246 ਉਡਾਣਾਂ ਰੱਦ ਕੀਤੀਆਂ ਗਈਆਂ।
ਬਰਫੀਲੇ ਤੂਫਾਨ ਕਾਰਨ ਬਿਜਲੀ ਵਿਵਸਥਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਤੇ ਲਗਭਗ 8 ਲੱਖ ਦੀ ਆਬਾਦੀ ਹਨ੍ਹੇਰੇ ਵਿਚ ਰਹਿਣ ਨੂੰ ਮਜਬੂਰ ਹੈ। ਤੂਫਾਨ ਨੇ ਜ਼ਿਆਦਾਤਰ ਮਿਸ਼ਿਗਨ ਨੂੰ ਪ੍ਰਭਾਵਿਤ ਕੀਤਾ ਹੈ, ਜਿੱਥੇ ਲਗਭਗ 730,000 ਲੋਕਾਂ ਨੂੰ ਬਿਜਲੀ ਨਾ ਹੋਣ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਵਯੋਮਿੰਗ ਦੇ ਟਰਾਂਸਪੋਰਟ ਵਿਭਾਗ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਸੂਬੇ ਦੇ ਉੱਤਰੀ ਹਿੱਸੇ ਦੀਆਂ ਜ਼ਿਆਦਾਤਰ ਸੜਕਾਂ ਲੰਘਣ ਯੋਗ ਨਹੀਂ ਹਨ। ਕਈ ਹਿੱਸਿਆਂ ਵਿਚ 55 ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ ਤੇ ਭਾਰੀ ਬਰਫਬਾਰੀ ਹੋਵੇਗੀ। ਇਸ ਨਾਲ ਖੁੱਲ੍ਹੇ ਖੇਤਰਾਂ ਵਿਚ ਸਥਿਤੀ ਹੋਰ ਗੰਭੀਰ ਹੋਵੇਗੀ। ਲੋਕਾਂ ਨੂੰ ਸਿਰਫ ਐਮਰਜੈਂਸੀ ਵਿਚ ਹੀ ਯਾਤਰਾ ਕਰਨ ਦੀ ਹਦਾਇਤ ਦਿੱਤੀ ਗਈ ਹੈ। ਉੱਤਰੀ ਰਾਜਾਂ ਵਿਚ ਕੁਝ ਹਿੱਸਿਆਂ ਵਿਚ ਦੋ ਫੁੱਟ ਤੱਕ ਬਰਫ ਜੰਮਣ ਦਾ ਅਨੁਮਾਨ ਹੈ। ਇਨ੍ਹਾਂ ਖੇਤਰਾਂ ਵਿਚ 30 ਸਾਲਾਂ ਵਿਚ ਸਭ ਤੋਂ ਵੱਧ ਬਰਫਬਾਰੀ ਹੋ ਸਕਦੀ ਹੈ।