ਕੈਨੇਡਾ ਵਿਚ ਬਲੈਕ ਲੋਕਾਂ ਦੀ ਮਲਕੀਅਤ ਵਾਲੇ ਕਾਰੋਬਾਰ ਵਧ ਰਹੇ ਹਨ, ਪਰ ਕੁਲ ਕਾਰੋਬਾਰਾਂ ਵਿਚੋਂ ਇਨ੍ਹਾਂ ਦੀ ਹਿੱਸੇਦਾਰੀ ਬਹੁਤ ਥੋੜੀ ਹੈ, ਅਤੇ ਜਿਹੜੇ ਕਾਰੋਬਾਰ ਸਥਾਪਿਤ ਵੀ ਹਨ ਉਹ ਵੀ ਹੋਰ ਕਾਰੋਬਾਰਾਂ ਨਾਲੋਂ ਛੋਟੇ ਅਤੇ ਘੱਟ ਮੁਨਾਫ਼ੇ ਵਾਲੇ ਹਨ। ਸਟੈਟਿਸਟਿਕਸ ਕੈਨੇਡਾ ਦੇ ਇੱਕ ਨਵੇਂ ਅਧਿਐਨ ਵਿਚ ਅਜਿਹੇ ਕੁਝ ਅਹਿਮ ਨੁਕਤੇ ਸਾਹਮਣੇ ਆਏ ਹਨ। ਸਟੈਟਿਸਟਿਕਸ ਕੈਨੇਡਾ ਦੇ ਅਧਿਐਨ ਵਿਚ 2001 ਤੋਂ 2018 ਦਰਮਿਆਨ ਬਲੈਕ ਭਾਈਚਾਰੇ ਦੇ ਕਾਰੋਬਾਰੀ ਰੁਝਾਨ ਨੂੰ ਸ਼ਾਮਲ ਕੀਤਾ ਗਿਆ ਹੈ। ਉਕਤ ਅਧਿਐਨ ਵਿਚ 2001, 2006 ਅਤੇ 2016 ਦੇ ਜਨਸੰਖਿਆ ਅੰਕੜੇ, 2011 ਦਾ ਨੈਸ਼ਨਲ ਹਾਊਸਹੋਲਡ ਸਰਵੇਅ, ਅਤੇ 2018 ਦੇ ਇੰਪਲੋਇਰ-ਇੰਪਲੋਈ ਡਾਈਨੈਮਿਕਸ ਡਾਟਾਬੇਸ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ।
ਅਧਿਐਨ ਵਿਚ ਸਾਹਮਣੇ ਆਇਆ ਕਿ ਕੈਨੇਡਾ ਵਿੱਚ 2018 ਤੱਕ ਲਗਭਗ 66,880 ਬਲੈਕ-ਮਲਕੀਅਤ ਵਾਲੇ ਕਾਰੋਬਾਰ ਸਨ ਜੋ ਕਿ ਦੇਸ਼ ਭਰ ਵਿੱਚ ਕੁੱਲ 3.1 ਮਿਲੀਅਨ ਤੋਂ ਵੱਧ ਕਾਰੋਬਾਰਾਂ ਵਿੱਚੋਂ ਲਗਭਗ 2.1 ਪ੍ਰਤੀਸ਼ਤ ਬਣਦਾ ਹੈ। ਤਾਜ਼ਾ ਜਨਸੰਖਿਆ ਅੰਕੜਿਆਂ ਅਨੁਸਾਰ, ਕੈਨੇਡਾ ਵਿਚ 4.3 ਪ੍ਰਤੀਸ਼ਤ ਆਬਾਦੀ, ਭਾਵ 1.5 ਮਿਲੀਅਨ ਤੋਂ ਵੱਧ ਲੋਕਾਂ ਨੇ ਆਪਣੀ ਪਛਾਣ ਬਲੈਕ ਦੱਸੀ ਹੈ। ਇਨ੍ਹਾਂ ਕਾਰੋਬਾਰਾਂ ਵਿਚੋਂ ਲਗਭਗ ਤਿੰਨ-ਚੌਥਾਈ ਕਾਰੋਬਾਰਾਂ ਦੀ ਮਲਕੀਅਤ ਮਰਦਾਂ ਦੀ ਹੈ, ਜਦਕਿ ਸਵੈ-ਰੁਜ਼ਗਾਰ ਦੀ ਪ੍ਰਤੀਸ਼ਤਤਾ ਅਧਿਐਨ ਦੇ ਸ਼ੁਰੂ ਵਿਚ 1.8 % ਤੋਂ ਵਧ ਕੇ 2018 ਤੱਕ 3.5 % ਹੋ ਗਈ ਹੈ। ਬਲੈਕ ਔਰਤਾਂ ਵਿਚ ਸਵੈ-ਰੁਜ਼ਗਾਰ ਦੀ ਪ੍ਰਤੀਸ਼ਤਤਾ 1.3 % ਤੋਂ ਵਧ ਕੇ 2.2 % ਹੋਈ ਹੈ। ਹਾਲਾਂਕਿ ਬਲੈਕ-ਮਲਕੀਅਤ ਵਾਲੇ ਕਾਰੋਬਾਰ ਵਧ ਰਹੇ ਹਨ, ਪਰ ਡਾਟਾ ਅਨੁਸਾਰ, ਉਹ ਆਪਣੀ ਪੂਰਨ ਸਮਰੱਥਾ ਨੂੰ ਪ੍ਰਾਪਤ ਨਹੀਂ ਕਰ ਪਾਉਂਦੇ ਕਿਉਂਕਿ ਉਹ ਦੂਸਰੇ ਕਾਰੋਬਾਰਾਂ ਤੋਂ ਮੁਕਾਬਲਾਤਨ ਛੋਟੇ ਅਤੇ ਘੱਟ ਲਾਭਕਾਰੀ ਹੁੰਦੇ ਹਨ। ਬਲੈਕ ਮਲਕੀਅਤ ਵਾਲੇ 95 % ਤੋਂ ਵੱਧ ਗ਼ੈਰ-ਸੰਗਠਿਤ ਕੈਨੇਡੀਅਨ ਕਾਰੋਬਾਰਾਂ ਵਿਚ ਇੱਕ ਤੋਂ ਘੱਟ ਮੁਲਾਜ਼ਮ ਹਨ ਅਤੇ ਜਿਹੜੇ ਵੱਡੇ ਵੀ ਹਨ ਤੇ ਸੰਗਠਿਤ ਹੋਣਾ ਚਾਹੁੰਦੇ ਹਨ, ਉਨ੍ਹਾਂ ਵਿਚੋਂ 91 % ਤੋਂ ਵੱਧ ਕੋਲ ਪੰਜ ਤੋਂ ਘੱਟ ਮੁਲਾਜ਼ਮ ਹਨ।ਪੁਰਸ਼ ਕਾਰੋਬਾਰੀ ਮਾਲਕਾਂ ਵਿਚ, ਬਲੈਕ ਮਰਦਾਂ ਦੀ ਔਸਤਨ ਕਮਾਈ 56,100 ਡਾਲਰ ਰਹੀ ਜੋਕਿ ਹੋਰ ਨਸਲੀ ਸਮੂਹਾਂ ਦੀ ਤੁਲਨਾ ਵਿਚ 9,500 ਡਾਲਰ ਘੱਟ ਹੈ ਅਤੇ 2018 ਵਿਚ ਔਸਤ ਗੋਰੇ ਪੁਰਸ਼ ਕਾਰੋਬਾਰੀ ਦੀ ਕਮਾਈ ਨਾਲੋਂ 43,300 ਡਾਲਰ ਘੱਟ ਹੈ। ਬਲੈਕ ਔਰਤ ਕਾਰੋਬਾਰੀਆਂ ਨੇ ਹੋਰ ਨਸਲੀ ਸਮੂਹਾਂ ਦੀ ਔਰਤਾਂ ਦੇ ਬਰਾਬਰ ਕਮਾਈ ਕੀਤੀ, ਪਰ ਉਨ੍ਹਾਂ ਦੀ ਕਮਾਈ ਔਸਤ ਗੋਰੀ ਕਾਰੋਬਾਰੀ ਔਰਤਾਂ ਦੀ ਕਮਾਈ ਨਾਲੋਂ 16,000 ਡਾਲਰ ਘੱਟ ਸੀ।ਬਲੈਕ-ਮਲਕੀਅਤ ਵਾਲੇ ਕਾਰੋਬਾਰ ਵਿੱਚ ਮੁਨਾਫਾ ਮਾਰਜਿਨ ਔਸਤਨ 8.5 ਪ੍ਰਤੀਸ਼ਤ ਹੁੰਦਾ ਹੈ, ਜੋਕਿ ਗੋਰੀ-ਮਲਕੀਅਤ ਵਾਲੀਆਂ ਫਰਮਾਂ ਵਿੱਚ ਔਸਤਨ 14.9 ਦੇ ਕਰੀਬ ਹੈ। ਅਧਿਐਨ ਵਿੱਚ ਕਿਹਾ ਗਿਆ ਹੈ ਕਿ ਗੋਰੀ-ਮਲਕੀਅਤ ਵਾਲੇ ਕਾਰੋਬਾਰਾਂ ਵਿੱਚ “ਆਪਣੀਆਂ ਗਤੀਵਿਧੀਆਂ ਤੋਂ ਲਾਭ ਲੈਣ ਦੀ ਬਿਹਤਰ ਯੋਗਤਾ ਹੁੰਦੀ ਹੈ ਅਤੇ ਵਧਦੀਆਂ ਲਾਗਤਾਂ ਜਾਂ ਮੁਕਾਬਲੇਬਾਜ਼ੀ ਨਾਲ ਸਿੱਝਣ ਦੀ ਵਧੇਰੇ ਗੁੰਜਾਇਸ਼ ਹੁੰਦੀ ਹੈ। ਹਾਲਾਂਕਿ ਰਿਪੋਰਟ ਵਿਚ ਇਹ ਨਹੀਂ ਕਿਹਾ ਗਿਆ ਕਿ ਇਸ ਪਾੜੇ ਦਾ ਇਕਲੌਤਾ ਕਾਰਨ ਪ੍ਰਣਾਲੀਗਤ ਚੁਣੌਤੀਆਂ ਹਨ।
ਅੰਕੜੇ ਸਪੱਸ਼ਟ ਤੌਰ ‘ਤੇ ਦਰਸਾਉਂਦੇ ਹਨ ਕਿ ਬਲੈਕ ਮਲਕੀਅਤ ਵਾਲੇ ਕਾਰੋਬਾਰ ਪ੍ਰਣਾਲੀਗਤ ਚੁਣੌਤੀਆਂ ਕਾਰਨ ਵਿਕਸਿਤ ਨਹੀਂ ਹੋ ਰਹੇ। ਬਲੈਕ ਮਲਕੀਅਤ ਵਾਲੀਆਂ ਫ਼ਰਮਾਂ ਨੂੰ ਬੈਂਕ ਤੋਂ ਲੋਨ ਪ੍ਰਾਪਤ ਕਰਨ ਵਿਚ ਵੀ ਮੁਸ਼ਕਲਾਂ ਆਉਂਦੀਆਂ ਹਨ, ਉਹਨਾਂ ਨੂੰ ਮਿਲਣ ਵਾਲੀਆਂ ਵਿਆਜ ਦਰਾਂ ਦੀ ਵੀ ਘੋਖ ਹੋਣੀ ਚਾਹੀਦੀ ਹੈ। 2021 ਵਿਚ ਫ਼ੈਡਰਲ ਸਰਕਾਰ ਨੇ 265 ਮਿਲੀਅਨ ਡਾਲਰ ਦਾ Black Entrepreneurship Program ਬਣਾਇਆ ਸੀ, ਜਿਸ ਅਧੀਨ ਬਲੈਕ ਉੱਦਮੀਆਂ ਨੂੰ 250,000 ਡਾਲਰ ਦੇ ਕਰਜ਼ੇ ਦੀ ਮਦਦ ਕਰਨ ਦੀ ਵਚਨਬੱਧਤਾ ਸੀ। ਇਸ ਤਰ੍ਹਾਂ ਦੇ ਪ੍ਰੋਗਰਾਮ ਸਹੀ ਦਿਸ਼ਾ ਵਿਚ ਇੱਕ ਕਦਮ ਹਨ, ਪਰ ਉਹ ਅਜੇ ਵੀ ਬਲੈਕ ਕਾਰੋਬਾਰੀਆਂ ਨੂੰ ਸਭ ਤੋਂ ਵੱਧ ਫ਼ੰਡਿੰਗ ਦੀ ਚੁਣੌਤੀ ਹੈ।
(ਸੀਬੀਸੀ ਨਿਊਜ਼)