GTA News Media

Top Info Bar
22.1°C Toronto Loading date...
Canada Featured

ਕੈਨੇਡੀਅਨ ਚੋਣਾਂ ਵਿਚ ਵਿਦੇਸ਼ੀ ਦਖ਼ਲ ਦੀ ਹੋਵੇਗੀ ਜਾਂਚ: ਟਰੂਡੋ

ਕੈਨੇਡੀਅਨ ਚੋਣਾਂ ਵਿਚ ਵਿਦੇਸ਼ੀ ਦਖ਼ਲ ਦੀ ਹੋਵੇਗੀ ਜਾਂਚ: ਟਰੂਡੋ
Share this post via:

ਕੈਨੇਡਾ ਵਿਚ 2019 ਅਤੇ 2021 ਦੀਆਂ ਚੋਣਾਂ ਵਿਚ ਚੀਨ ਵੱਲੋਂ ਕੀਤੀ ਦਖ਼ਲਅੰਦਾਜ਼ੀ ਦੇ ਦਾਅਵਿਆਂ ਨੂੰ ਲੈਕੇ ਲਿਬਰਲ ਸਰਕਾਰ ‘ਤੇ ਪੈ ਰਹੇ ਦਬਾਅ ਤੋਂ ਬਾਅਦ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਮਾਮਲੇ ਦੀ ਜਾਂਚ ਦਾ ਐਲਾਨ ਕੀਤਾ ਹੈ। ਟ੍ਰੂਡੋ ਨੇ ਇਸ ਬਾਬਤ ਇੱਕ ਵਿਸ਼ੇਸ਼ ਅਧਿਕਾਰੀ ਦੀ ਨਿਯੁਕਤੀ ਦਾ ਵੀ ਐਲਾਨ ਕੀਤਾ ਹੈ। ਸੋਮਵਾਰ ਸ਼ਾਮ ਨੂੰ ਇੱਕ ਨਿਊਜ਼ ਕਾਨਫ਼੍ਰੰਸ ਵਿਚ ਬੋਲਦਿਆਂ ਟਰੂਡੋ ਨੇ ਕਿਹਾ ਕਿ ਆਉਂਦੇ ਦਿਨਾਂ ਨੂੰ ਉਹ ਇੱਕ ‘ਉੱਘੇ’ ਅਤੇ ਸੁਤੰਤਰ ਵਿਅਕਤੀ ਨੂੰ ਚੋਣ ਦਖ਼ਲਅੰਦਾਜ਼ੀ ਦੇ ਮੁੱਦੇ ਬਾਬਤ ਨਿਯੁਕਤ ਕਰਨਗੇ, ਜੋ ਦਖ਼ਲਅੰਦਾਜ਼ੀ ਨਾਲ ਨਜਿੱਠਣ ਅਤੇ ਸਾਡੇ ਲੋਕਤੰਤਰ ਨੂੰ ਮਜ਼ਬੂਤ ​​ਕਰਨ ਲਈ ਮਾਹਿਰਾਨਾ ਸਿਫਾਰਸ਼ਾਂ ਕਰੇਗਾ। ਟਰੂਡੋ ਦਾ ਐਲਾਨ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮੁੱਦੇ ‘ਤੇ ਚਲ ਰਹੀ ਤਿੱਖੀ ਸਿਆਸੀ ਬਹਿਸ ਤੋਂ ਬਾਅਦ ਆਇਆ ਹੈ। ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਅਤੇ ਐਨਡੀਪੀ ਲੀਡਰ ਜਗਮੀਤ ਸਿੰਘ ਇਸ ਮੁੱਦੇ ‘ਤੇ ਖੁੱਲੀ ਜਾਂਚ ਕਰਵਾਉਣ ਦੀ ਹਿਮਾਇਤ ਕਰ ਰਹੇ ਹਨ। ਟਰੂਡੋ ਨੇ ਕਿਹਾ ਕਿ ਵਿਸ਼ੇਸ਼ ਅਧਿਕਾਰੀ ਇੱਕ ਰਸਮੀ ਜਾਂਚ ਦੀ ਵੀ ਸਿਫ਼ਾਰਿਸ਼ ਕਰ ਸਕਦਾ ਹੈ ਅਤੇ ਸਰਕਾਰ ਸਿਫ਼ਾਰਸ਼ਿਾਂ ਦੀ ਪਾਲਣਾ ਕਰੇਗੀ। ਟਰੂਡੋ ਅਤੇ ਕੈਨੇਡਾ ਦੀ ਖ਼ੂਫ਼ੀਆ ਏਜੰਸੀ ਦੇ ਮੁਖੀ ਨੇ ਮੰਨਿਆ ਹੈ ਕਿ ਚੀਨ ਨੇ ਪਿਛਲੀਆਂ ਦੋ ਫ਼ੈਡਰਲ ਚੋਣਾਂ ਵਿੱਚ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਚੋਣਾਂ ਦੇ ਸਮੁੱਚੇ ਨਤੀਜੇ ਪ੍ਰਭਾਵਿਤ ਨਹੀਂ ਹੋਏ ਹਨ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਦੇਸ਼ ਦੀਆਂ ਦੋ ਖ਼ੂਫ਼ੀਆ ਸਮੀਖਿਆ ਸੰਸਥਾਵਾਂ ਨੈਸ਼ਨਲ ਸਿਕਿਓਰਟੀ ਐਂਡ ਇੰਟੈਲੀਜੈਂਸ ਕਮੇਟੀ ਔਫ਼ ਪਾਰਲੀਮੈਂਟੇਰੀਅਨਜ਼ (NSICOP) ਅਤੇ ਨੈਸ਼ਨਲ ਸਿਕਿਓਰਟੀ ਐਂਡ ਇੰਟੈਲੀਜੈਂਸ ਰੀਵਿਊ ਏਜੰਸੀ (NSIRA) ਨੂੰ ਇਸ ਮੁੱਦੇ ਦੀ ਜਾਂਚ ਕਰਨ ਦਾ ਕੰਮ ਸੌਂਪਿਆ ਹੈ। ਪਾਰਲੀਮੈਂਟ ਦੀ NSICOP ਦੇ ਮੈਂਬਰ ਅਤੇ ਸੈਨੇਟਰ ਸਿਖਰਲੀ ਗੁਪਤ ਸੁਰੱਖਿਆ ਕਲੀਅਰੈਂਸ ਪ੍ਰਾਪਤ ਕਰਦੇ ਹਨ ਅਤੇ ਸਿਕਿਓਰਟੀ ਔਫ਼ ਇਨਫ਼ਰਮੇਸ਼ਨ ਐਕਟ ਦੇ ਤਹਿਤ ਸਥਾਈ ਤੌਰ ‘ਤੇ ਗੁਪਤਤਾ ਲਈ ਪਾਬੰਦ ਹੁੰਦੇ ਹਨ, ਜੋ ਉਹਨਾਂ ਨੂੰ ਏਜੰਸੀਆਂ ਦੀਆਂ ਆਮ ਤੌਰ ‘ਤੇ ਗੁਪਤ ਗਤੀਵਿਧੀਆਂ ਤੱਕ ਪਹੁੰਚ ਦੀ ਇਜਾਜ਼ਤ ਦਿੰਦਾ ਹੈ।

ਟਰੂਡੋ ਨੇ ਕਿਹਾ ਕਿ NSICOP ਚੋਣਾਂ ‘ਤੇ ਫ਼ੋਕਸ ਕਰਦੇ ਹੋਏ, ਵਿਦੇਸ਼ੀ ਦਖਲਅੰਦਾਜ਼ੀ ਦੀ ਨਵੀਂ ਸਮੀਖਿਆ ਸ਼ੁਰੂ ਕਰੇਗੀ। ਕਮੇਟੀ ਦੀ ਸਥਾਪਨਾ 2017 ਵਿੱਚ ਕੈਨੇਡਾ ਦੇ ਖ਼ੂਫ਼ੀਆ ਕਾਰਜਾਂ ਦੀ ਪਾਰਲੀਮਾਨੀ ਨਿਗਰਾਨੀ ਪ੍ਰਦਾਨ ਕਰਨ ਲਈ ਕੀਤੀ ਗਈ ਸੀ। ਇਸਨੇ 2019 ਵਿੱਚ ਵਿਦੇਸ਼ੀ ਦਖਲਅੰਦਾਜ਼ੀ ਬਾਰੇ ਇੱਕ ਰਿਪੋਰਟ ਪੇਸ਼ ਕੀਤੀ ਸੀ, ਜਿਸ ਵਿੱਚ ਸਰਕਾਰ ਨੂੰ ਬਿਹਤਰ [ਪ੍ਰਬੰਧ] ਕਰਨ ਲਈ ਕਿਹਾ ਗਿਆ ਸੀ। ਨੈਸ਼ਨਲ ਸਿਕਿਓਰਟੀ ਐਂਡ ਇੰਟੈਲੀਜੈਂਸ ਰੀਵਿਊ ਏਜੰਸੀ (NSIRA) ਇੱਕ ਸੁਤੰਤਰ ਅਤੇ ਬਾਹਰੀ ਸਮੀਖਿਆ ਸੰਸਥਾ ਹੈ ਜੋ ਇਹ ਯਕੀਨੀ ਬਣਾਉਣ ਲਈ ਸਾਰੀਆਂ ਰਾਸ਼ਟਰੀ ਸੁਰੱਖਿਆ ਅਤੇ ਖੂਫ਼ੀਆ ਗਤੀਵਿਧੀਆਂ ਦੀ ਸਮੀਖਿਆ ਕਰਦੀ ਹੈ ਕਿ ਉਹ ਕਾਨੂੰਨੀ, ਵਾਜਬ ਅਤੇ ਜ਼ਰੂਰੀ ਹੋਣ। ਟ੍ਰੂਡੋ ਨੇ ਕਿਹਾ ਕਿ NSIRA ਇਹ ਦੇਖੇਗੀ ਕਿ ਕੈਨੇਡਾ ਦੀਆਂ ਖ਼ੂਫ਼ੀਆ ਏਜੰਸੀਆਂ ਕਿਵੇਂ ਕੰਮ ਕਰਦੀਆਂ ਹਨ, ਕਿਹੜੀ ਜਾਣਕਾਰੀ ਸਹੀ ਢੰਗ ਨਾਲ ਪ੍ਰਦਾਨ ਕੀਤੀ ਗਈ ਅਤੇ ਕਿਹੜੀ ਨਹੀਂ ਅਤੇ ਕਿਉਂ ਨਹੀਂ ਪ੍ਰਦਾਨ ਕੀਤੀ ਗਈ। ਪੀਅਰ ਪੌਲੀਐਵ ਦਾ ਕਹਿਣਾ ਹੈ ਲਿਬਰਲ ਸਰਕਾਰ ਅੰਦਰ-ਖਾਤੇ ਇਸ ਮਾਮਲੇ ਨੂੰ ਢਕਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਚੁਣਿਆ ਗਿਆ ਇੱਕ ਅਖੌਤਾ ਵਿਸ਼ੇਸ਼ ਅਧਿਕਾਰੀ ਇੱਕ ਸੱਚੀ ਸੁਤੰਤਰ ਜਾਂਚ ਦੇ ਬਰਾਬਰ ਨਹੀਂ ਹੈ, ਜਿਸ ਵਿਚ ਪੁੱਛ-ਗਿੱਛ ਐਕਟ (Inquiries Act) ਦੇ ਤਹਿਤ ਗਵਾਹੀ ਦੇਣ ਲਈ ਮਜਬੂਰ ਕਰਨ ਅਤੇ ਦਸਤਾਵੇਜ਼ ਪੇਸ਼ ਕਰਨ ਦੇ ਆਦੇਸ਼ ਦੇਣ ਵਰਗੀਆਂ ਪੂਰੀਆਂ ਕਾਨੂੰਨੀ ਸ਼ਕਤੀਆਂ ਹੁੰਦੀਆਂ ਹਨ। ਪੌਲੀਐਵ ਨੇ ਕਿਹਾ, ਬਸ ਬਹੁਤ ਹੋ ਗਿਆ। ਜਸਟਿਨ ਟ੍ਰੂਡੋ ਕੈਨੇਡੀਅਨਜ਼ ਤੋਂ ਸੱਚਾਈ ਨੂੰ ਹੋਰ ਨਹੀਂ ਛੁਪਾ ਸਕਦੇ, ਅਤੇ ਅਸੀਂ ਉਹਨਾਂ ਨੂੰ ਸੱਚ ਨੂੰ ਦਫ਼ਨ ਨਹੀਂ ਕਰਨ ਦੇਵਾਂਗੇ। ਲਿਬਰਲਾਂ ਨੂੰ ਪਾਰਲੀਮੈਂਟ ਦੀ ਇੱਛਾ ਸੁਣਨੀ ਚਾਹੀਦੀ ਹੈ ਅਤੇ ਇੱਕ ਸੁਤੰਤਰ ਜਨਤਕ ਜਾਂਚ ਕਰਵਾਉਣੀ ਚਾਹੀਦੀ ਹੈ।

ਸੀਬੀਸੀ ਨਿਊਜ਼