ਬੁਢਲਾਡਾ ਦੇ ਨਜ਼ਦੀਕੀ ਪਿੰਡ ਗੁਰਨੇ ਕਲਾ ਦੇ ਨੌਜਵਾਨ ਦੀ ਕੈਨੇਡਾ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਰਾਜਵਿੰਦਰ ਸਿੰਘ ਰਾਜੂ (32) ਪੁੱਤਰ ਦਰਸ਼ਨ ਸਿੰਘ ਅਜੇ 3 ਫਰਵਰੀ ਨੂੰ ਕੈਨੇਡਾ ਦੇ ਸ਼ਹਿਰ ਓਟਾਰੀਓ ਵਿਖੇ ਸਟੱਡੀ ਵੀਜ਼ਾ ’ਤੇ ਆਇਆ ਸੀ, ਜਿਸ ਦੀ 23 ਫਰਵਰੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਿੰਡ ਵਾਸੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮ੍ਰਿਤਕ ਦੇਹ ਨੂੰ ਭਾਰਤ ਲਿਜਾਣ ’ਚ ਪਰਿਵਾਰ ਦੀ ਮਦਦ ਕੀਤੀ ਜਾਵੇ। ਲਾਸ਼ ਲਿਆਉਣ ਲਈ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਆਏ ਦਿਨ ਵਿਦੇਸ਼ਾਂ ਦੀ ਧਰਤੀ ’ਤੇ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਸੰਬੰਧੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਰੋਜ਼ਗਾਰ ਦੀ ਭਾਲ ’ਚ ਵਿਦੇਸ਼ਾਂ ’ਚ ਗਏ ਨੌਜਵਾਨਾਂ ਨਾਲ ਦਰਦਨਾਕ ਹਾਦਸੇ ਨਾ ਵਾਪਰਨ ਕਿਉਂਕਿ ਵਿਦੇਸ਼ ਭੇਜਣ ਲਈ ਪਹਿਲਾਂ ਲੱਖਾਂ ਰੁਪਏ ਖਰਚ ਕਰਨੇ ਪੈਂਦੇ ਹਨ ਫਿਰ ਨੌਜਵਾਨ ਵਿਦੇਸ਼ਾਂ ਦੀ ਧਰਤੀ ’ਤੇ ਭਾਰੀ ਆਰਥਿਕ ਖਰਚੇ ਕਾਰਨ ਮਾਨਸਿਕ ਤਣਾਅ ਦਾ ਸਾਹਮਣਾ ਕਰਦੇ ਹਨ, ਅਜਿਹੀ ਸਥਿਤੀ ਵਿਚ ਪਰਿਵਾਰ ਨੂੰ ਫਿਰ ਲਾਸ਼ਾਂ ਮੰਗਵਾਉਣ ਲਈ ਵੱਡੇ ਖਰਚੇ ਕਰਨੇ ਪੈਂਦੇ ਹਨ ਜੋ ਪਰਿਵਾਰ ਨੂੰ ਦੁਖਦਾਈ ਘਟਨਾ ਸਮੇਂ ਅਲੱਗ ਖਰਚ ਕਰਨੇ ਪੈਂਦੇ ਹਨ।