2022 ਦੇ ਆਖ਼ਰੀ ਤਿੰਨ ਮਹੀਨਿਆਂ ਵਿਚ ਕੈਨੇਡੀਅਨਜ਼ ਦੇ ਕ੍ਰੈਡਿਟ ਕਾਰਡ ਕਰਜ਼ੇ ਵਿਚ ਜ਼ਬਰਦਸਤ ਵਾਧਾ ਦਰਜ ਹੋਇਆ ਹੈ। ਵਿਆਜ ਦਰਾਂ ਵਿਚ ਹੋਏ ਵਾਧੇ ਅਤੇ ਮਹਿੰਗਾਈ ਕਾਰਨ ਨੌਜਵਾਨ ਕੈਨੇਡੀਅਨਜ਼ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਕ੍ਰੈਡਿਟ ਕਾਰਡ ‘ਤੇ ਨਿਰਭਰ ਕਰ ਰਹੇ ਹਨ। Equifax ਦਾ ਕਹਿਣਾ ਹੈ ਕਿ 2021 ਦੀ ਆਖ਼ਰੀ ਤਿਮਾਹੀ ਦੀ ਤੁਲਨਾ ਵਿਚ ਪਿਛਲੇ ਸਾਲ ਕੈਨੇਡੀਅਨਜ਼ ਦੇ ਕ੍ਰੈਡਿਟ ਕਾਰਡ ਕਰਜ਼ੇ ਵਿਚ 15 ਫ਼ੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ ਅਤੇ ਕਰਜ਼ਾ ਪਹਿਲੀ ਵਾਰੀ ਕੁਲ ਕ੍ਰੈਡਿਟ ਕਾਰਡ ਕਰਜ਼ਾ 100 ਬਿਲੀਅਨ ਡਾਲਰ ਤੋਂ ਵੱਧ ਦਰਜ ਹੋਇਆ ਹੈ।
Equifax ਦਾ ਕਹਿਣਾ ਹੈ ਕਿ ਮਕਾਨਮਾਲਕਾਂ ‘ਤੇ ਉੱਚ ਵਿਆਜ ਦਰਾਂ ਦਾ ਪ੍ਰਭਾਵ ਅਜੇ ਪੂਰੀ ਤਰ੍ਹਾਂ ਮਹਿਸੂਸ ਕੀਤਾ ਜਾਣਾ ਬਾਕੀ ਹੈ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਅਜੇ ਆਪਣੀਆਂ ਮੌਰਗੇਜਾਂ ਰੀਨਿਊ ਨਹੀਂ ਕਰਵਾਈਆਂ ਹਨ, ਪਰ ਨੌਜਵਾਨ ਕੈਨੇਡੀਅਨਜ਼ ਮਹਿੰਗਾਈ ਦਾ ਸੇਕ ਮਹਿਸੂਸ ਕਰ ਰਹੇ ਹਨ। ਕ੍ਰੈਡਿਟ ਰੁਝਾਨ ਬਾਰੇ ਆਪਣੀ ਤਾਜ਼ਾ ਰਿਪੋਰਟ ਵਿਚ ਏਜੰਸੀ ਨੇ ਕਿਹਾ ਕਿ 2022 ਦੀ ਚੌਥੀ ਤਿਮਾਹੀ ਦੌਰਾਨ ਸਮੁੱਚੇ ਖਪਤਕਾਰ ਕਰਜ਼ੇ (consumer debt) ਵਿਚ ਹੀ ਵਾਧਾ ਹੋਇਆ ਅਤੇ ਕੁਲ ਕਰਜ਼ਾ 2.37 ਟ੍ਰਿਲੀਅਨ ਡਾਲਰ ਦਰਜ ਹੋਇਆ ਹੈ, ਜੋਕਿ 2021 ਦੇ ਇਸੇ ਪੀਰੀਅਡ ਦੀ ਤੁਲਨਾ ਵਿਚ 6 ਫ਼ੀਸਦੀ ਵੱਧ ਹੈ।
ਚੌਥੀ ਤਿਮਾਹੀ ਵਿਚ ਗ਼ੈਰ-ਮੌਰਗੇਜ ਕਰਜ਼ੇ ਦੇ ਪੱਧਰ ਵਿਚ 5.4 ਫ਼ੀਸਦੀ ਦਾ ਵਾਧਾ ਹੋਇਆ, ਪਰ ਨੌਜਵਾਨ ਪੀੜੀ ਲਈ ਕਰਜ਼ਾ 8.4 ਫ਼ੀਸਦੀ ਵਧਿਆ। ਬਗ਼ੈਰ ਮੌਰਗੇਜ ਵਾਲੇ 18 ਤੋਂ 25 ਸਾਲ ਦੀ ਉਮਰ ਦੇ ਲੋਕਾਂ ਵਿਚ ਚੌਥੀ ਤਿਮਾਹੀ ਦੌਰਾਨ ਕਰਜ਼ੇ ਦੀ ਅਦਾਇਗੀ ਕਿਸ਼ਤ ਸਮੇਂ ਸਿਰ ਨਾ ਦੇ ਸਕਣ ਦੇ ਮਾਮਲਿਆਂ ਵਿਚ ਕਰੀਬ 31 ਫ਼ੀਸਦੀ ਵਾਧਾ ਦਰਜ ਹੋਇਆ ਹੈ ਜਦਕਿ ਬਾਕੀ ਸਾਰੇ ਖਪਤਰਕਾਰਾਂ ਵਿਚ ਇਹ ਵਾਧਾ 17 ਫ਼ੀਸਦੀ ਰਿਹਾ।
ਦ ਕੈਨੇਡੀਅਨ ਪ੍ਰੈੱਸ