BC ਰੀਅਲ ਅਸਟੇਟ ਅਸੋਸੀਏਸ਼ਨ (BCREA) ਨੇ ਜਾਰੀ ਇੱਕ ਨਵੀਂ ਰਿਪੋਰਟ ਵਿਚ ਕਿਹਾ ਕਿ ਸੂਬੇ ਵਿਚ ਲਗਾਤਾਰ ਵਧ ਰਹੇ ਪਰਵਾਸ ਦੇ ਹਾਊਸਿੰਗ ਮਾਰਕੀਟ ‘ਤੇ ਪੈਣ ਵਾਲੇ ਪ੍ਰਭਾਵ ਨੂੰ ਸੰਤੁਲਿਤ ਕਰਨ ਲਈ, ਨਵੇਂ ਘਰਾਂ ਦੀ ਉਸਾਰੀ ਵਿਚ ਤੇਜ਼ੀ ਲਿਆਉਣ ਦੀ ਜ਼ਰੂਰਤ ਹੈ। ਅਸੋਸੀਏਸ਼ਨ ਨੇ ਕਿਹਾ ਕਿ ਤੇਜ਼ੀ ਨਾਲ ਵਧ ਰਹੀ ਆਬਾਦੀ ਕਾਰਨ ਘਰਾਂ ਦੀ ਵਧ ਰਹੀ ਮੰਗ ਨੂੰ ਪੂਰਾ ਕਰਨ ਲਈ ਅਗਲੇ ਪੰਜ ਸਾਲਾਂ ਵਿਚ ਹਰ ਸਾਲ 43,000 ਨਵੇਂ ਘਰਾਂ ਦੀ ਉਸਾਰੀ ਮੁਕੰਮਲ ਕਰਨ ਦੀ ਲੋੜ ਹੈ। ਹਾਲਾਂਕਿ ਘਰਾਂ ਦੀ ਉਸਾਰੀ 2021 ਅਤੇ 2021 ਵਿਚ ਮੁਕੰਮਲ ਹੋਏ ਘਰਾਂ ਦੇ ਨੇੜੇ ਹੀ ਹੈ, ਪਰ ਉੱਚ ਵਿਆਜ ਦਰਾਂ ਅਤੇ ਮਾਰਕੀਟ ਦੀਆਂ ਕਮਜ਼ੋਰ ਸਥਿਤੀਆਂ ਕਾਰਨ ਇਸ ਦਰ ‘ਤੇ ਘਰਾਂ ਦੀ ਉਸਾਰੀ ਦੀ ਸੰਭਾਵਨਾ ਘੱਟ ਹੈ।
ਬੀਸੀ ਵਿਚ 2023 ਤੋਂ 2025 ਦਰਮਿਆਨ 217,500 ਨਵੇਂ ਪਰਮਾਨੈਂਟ ਰੈਜ਼ੀਡੈਂਟਸ ਆਉਣ ਦੀ ਉਮੀਦ ਹੈ, ਜੋਕਿ ਔਸਤ ਇਮੀਗ੍ਰੇਸ਼ਨ ਪੱਧਰ ਨਾਲੋਂ ਦੁੱਗਣਾ ਅੰਕੜਾ ਹੈ। ਫ਼ੈਡਰਲ ਸਰਕਾਰ ਦੀਆਂ ਦੋ ਨੀਤੀਆਂ ਵਿਦੇਸ਼ੀਆਂ ‘ਤੇ ਘਰ ਖ਼ਰੀਦਣ ਦੀਆਂ ਪਾਬੰਦੀਆਂ ਅਤੇ ਰਿਕਾਰਡ ਇਮੀਗ੍ਰੇਸ਼ਨ ਟੀਚੇ ਬੀਸੀ ਵਿਚ ਹਾਊਸਿੰਗ ਦੀ ਮੰਗ ਨੂੰ ਆਕਾਰ ਦੇਣ ਵਿਚ ਅਹਿਮ ਕਾਰਕ ਹੋਣਗੀਆਂ। ਬਿਲ ਸੀ-19, ਜਿਸ ਅਧੀਨ ਸਰਕਾਰ ਨੇ ਦੋ ਸਾਲ ਲਈ ਗ਼ੈਰ-ਕੈਨੇਡੀਅਨਜ਼ ‘ਤੇ ਰਿਹਾਇਸ਼ੀ ਪ੍ਰੌਪਰਟੀ ਖ਼ਰੀਦਣ ‘ਤੇ ਪਾਬੰਦੀ ਲਗਾਈ ਹੈ, ਨਾਲ ਹਾਊਸਿੰਗ ਦੀ ਕੁਝ ਕੁ ਮੰਗ ਤਾਂ ਘਟੇਗੀ, ਪਰ ਇਹ ਨਵੇਂ ਇਮੀਗ੍ਰੈਂਟਸ ਵੱਲੋਂ ਹੋਣ ਵਾਲੀ ਸੰਭਾਵੀ ਮੰਗ ਦੇ ਮੇਚ ਦੀ ਨਹੀਂ ਹੋਵੇਗੀ। ਬੀਸੀ ਦੇ ਹਾਊਸਿੰਗ ਮਿਨਿਸਟਰ, ਰਵੀ ਕਾਹਲੋਂ ਨੇ ਕਿਹਾ ਕਿ ਉਨ੍ਹਾਂ ਨੇ ਫ਼ੈਡਰਲ ਸਰਕਾਰ ਨੂੰ ਕਿਹਾ ਹੈ ਕਿ ਉਹ ਕੈਨੇਡਾ ਵਿੱਚ ਸਵੀਕਾਰ ਕੀਤੇ ਜਾਣ ਵਾਲੇ ਪਰਵਾਸੀਆਂ ਦੀ ਗਿਣਤੀ ਬਾਰੇ ਇੱਥੇ ਉਪਲਬਧ ਰਿਹਾਇਸ਼ੀ ਯੂਨਿਟਾਂ ਦੀ ਗਿਣਤੀ ਨਾਲ ਜੋੜ ਕੇ ਵਿਚਾਰ ਕਰੇ। ਇਹ ਯਕੀਨੀ ਬਣਾਉਣਾ ਵੀ ਜ਼ਰੂਰੀ ਹੈ ਕਿ ਨਵੇਂ ਆਉਣ ਵਾਲਿਆਂ ਲਈ ਲੋੜੀਂਦੀ ਹਾਊਸਿੰਗ ਮੌਜੂਦ ਹੋਵੇ।
ਦ ਕੈਨੇਡੀਅਨ ਪ੍ਰੈੱਸ