ਮੌਂਟਰੀਅਲ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੋ ਬੱਚਿਆਂ ਸਣੇ ਅੱਠ ਪ੍ਰਵਾਸੀਆਂ ਦੀ ਮੌਤ ਨੂੰ ਇਕ ਵੱਡੀ ਤਰਾਸਦੀ ਕਰਾਰ ਦਿੰਦਿਆਂ ਜਾਇਜ਼ ਤਰੀਕੇ ਨਾਲ ਪ੍ਰਵਾਸ ਦੀ ਅਹਿਮੀਅਤ ‘ਤੇ ਜ਼ੋਰ ਦਿੱਤਾ ਹੈ। ਕਿਊਬੈਕ ਪੁੱਜੇ ਜਸਟਿਨ ਟਰੂਡੋ ਨੇ ਕਿਹਾ ਕਿ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਲੋਕਾਂ ਦਾ ਵਿਸ਼ਵਾਸ ਕਾਇਮ ਰੱਖਣਾ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਪ੍ਰਵਾਸੀ ਆਪਣੀ ਜਾਨ ਖਤਰੇ ‘ਚ ਪਾ ਕੇ ਨਾਜਾਇਜ਼ ਤਰੀਕੇ ਨਾਲ ਸਰਹੱਦਾਂ ਪਾਰ ਕਰਦੇ ਹਨ ਤਾਂ ਇਮੀਗ੍ਰੇਸ਼ਨ ‘ਤੇ ਭਰੋਸੇ ਨੂੰ ਖੋਰਾ ਲਗਦਾ ਹੈ। ਕੈਨੇਡਾ ਹਰ ਸਾਲ ਵੱਧ ਤੋਂ ਵੱਧ ਪ੍ਰਵਾਸੀਆਂ ਨੂੰ ਸੱਦ ਰਿਹਾ ਹੈ, ਪਰ ਇਹ ਸਭ ਨਿਯਮਾਂ ਦੇ ਦਾਇਰੇ ਵਿਚ ਰਹਿ ਕੇ ਕੀਤਾ ਜਾ ਰਿਹਾ ਹੈ।
ਭਾਰਤੀ ਪਰਿਵਾਰ ਦੇ ਚਾਰ ਜੀਆਂ ਸਣੇ ਅੱਠ ਪ੍ਰਵਾਸੀ ਪਿਛਲੇ ਦਿਨੀਂ ਸੇਂਟ ਲਾਰੈਂਸ ਨਦੀ ‘ਚ ਡੁੱਬ ਗਏ, ਜੋ ਨਾਜਾਇਜ਼ ਤਰੀਕੇ ਨਾਲ ਕੈਨੇਡਾ ਤੋਂ ਅਮਰੀਕਾ ਦਾਖ਼ਲ ਹੋਣ ਦਾ ਯਤਨ ਕਰ ਰਹੇ ਸਨ। ਇਮੀਗ੍ਰੇਸ਼ਨ ਮੰਤਰੀ ਸ਼ੋਨ ਫਰੇਜ਼ਰ ਨੇ ਸੈਂਟ ਲਾਰੈਂਸ ਨਦੀ ‘ਚ ਵਾਪਰੇ ਹਾਦਸੇ ਨੂੰ ਦਿਲ ਕੰਬਾਊ ਕਰਾਰ ਦਿੰਦਿਆਂ ਕਿਹਾ ਕਿ ਮੈਂ ਯਕੀਨ ਦਵਾਉਣਾ ਚਾਹੁੰਦਾ ਹਾਂ ਕਿ ਇਸ ਰੁਝਾਨ ਬਾਰੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਇਮੀਗ੍ਰੇਸ਼ਨ ਮੰਤਰੀ ਨੇ ਦੱਸਿਆ ਕਿ ਫੈਡਰਲ ਸਰਕਾਰ ਗੈਰਕਾਨੂੰਨੀ ਤਰੀਕੇ ਨਾਲ ਬਾਰਡਰ ਪਾਰ ਕਰਨ ਦੀ ਸਮੱਸਿਆ ਦੀਆਂ ਜੜਾਂ ਤੱਕ ਪਹੁੰਚਣ ਲਈ ਫੰਡ ਜਾਰੀ ਕਰਨ ‘ਤੇ ਵਿਚਾਰ ਕਰ ਰਹੀ ਹੈ। ਇਸੇ ਦੌਰਾਨ ਐਨ.ਡੀ.ਪੀ. ਦੀ ਇਮੀਗ੍ਰੇਸ਼ਨ ਮਾਮਲਿਆਂ ਦੀ ਆਲੋਚਕ ਜੈਨੀ ਕਵੈਨ ਵੱਲੋਂ ਟਰੂਡੋ ਸਰਕਾਰ ਨੂੰ ਅਮਰੀਕਾ ਨਾਲ ਗੁਪ ਚੁੱਪ ਤਰੀਕੇ ਨਾਲ ਕੀਤੀ ਸੰਧੀ ਰੱਦ ਕਰਨ ਦਾ ਸੱਦਾ ਦਿਤਾ ਗਿਆ ਹੈ। ਐਮਰਸਨ ਨੇੜੇ ਇਕ ਸਰਹੱਦੀ ਲਾਂਘੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੈਨੀ ਕਵੇਨ ਨੇ ਖਦਸ਼ਾ ਜ਼ਾਹਰ ਕੀਤਾ ਕਿ ਨਵੇਂ ਰੂਪ ‘ਚ ਆਈ ਸੇਫ ਥਰਡ ਕੰਟਰੀ ਸੰਧੀ ਲੋਕਾਂ ਦੀ ਮੌਤ ਦਾ ਕਾਰਨ ਬਣ ਸਕਦੀ ਹੈ।