ਸੰਜੇ ਮਦਾਨ ਨੇ ਓਨਟੇਰਿਓ ਸਰਕਾਰ ਨਾਲ 47.4 ਮਿਲੀਅਨ ਡਾਲਰ ਦੀ ਠੱਗੀ ਮਾਰਨ ਦੇ ਮਾਮਲੇ ਵਿਚ ਆਪਣਾ ਜੁਰਮ ਕਬੂਲ ਲਿਆ ਹੈ। ਮਿਨਿਸਟਰੀ ਔਫ਼ ਅਟੌਰਨੀ ਜਨਰਲ ਨੇ ਕਿਹਾ ਕਿ ਜੱਜ ਨੇ ਸੰਜੇ ਮਦਾਨ ਨੂੰ ਇਸ ਮਾਮਲੇ ਵਿਚ 10 ਸਾਲ ਦੀ ਸਜ਼ਾ ਸੁਣਾਈ ਹੈ।ਸੰਜੇ ਮਦਾਨ, ਓਨਟੇਰਿਓ ਸਰਕਾਰ ਅਧੀਨ ਇੱਕ ਸੀਨੀਅਰ ਕੰਪਿਊਟਰ ਮਾਹਰ ਦੇ ਤੌਰ ਤੇ ਕੰਮ ਕਰਦਾ ਸੀ ਅਤੇ ਉਸਨੇ ਕੋਵਿਡ-19 ਰਾਹਤ ਬੈਨਿਫ਼ਿਟ ਨਾਲ ਸਬੰਧਤ ਇੱਕ ਕੰਪਿਊਟਰ ਐਪਲੀਕੇਸ਼ਨ ਤਿਆਰ ਕਰਨ ਵਿਚ ਵੀ ਮਦਦ ਕੀਤੀ ਸੀ। 2020 ਵਿਚ ਸੰਜੇ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਸੰਜੇ ਦੀ ਪਤਨੀ ਅਤੇ ਦੋਵੇਂ ਬੇਟੇ ਵੀ ਓਨਟੇਰਿਓ ਸਰਕਾਰ ਦੇ ਆਈ.ਟੀ. ਖੇਤਰ ਵਿਚ ਹੀ ਕੰਮ ਕਰਦੇ ਸਨ।
ਕੋਵਿਡ-19 ਰਾਹਤ ਫ਼ੰਡਾਂ ਵਿਚ ਲਗਭਗ 11 ਮਿਲੀਅਨ ਦੀ ਚੋਰੀ ਕਰਨ ਦੇ ਇਲਜ਼ਾਮ ਲੱਗਣ ਤੋਂ ਬਾਅਦ ਮਦਾਨ ਨੂੰ 5,000 ਡਾਲਰ ਤੋਂ ਵੱਧ ਦੀ ਧੋਖਾਧੜੀ ਅਤੇ ਭਰੋਸੇ ਦੀ ਉਲੰਘਣਾ ਦੇ ਮਾਮਲਿਆਂ ਲਈ ਚਾਰਜ ਕੀਤਾ ਗਿਆ ਸੀ। ਸੰਜੇ ਮਦਾਨ ‘ਤੇ ਸਰਕਾਰੀ ਠੇਕੇ ਵੰਡਣ ਵਿਚ ਧਾਂਦਲੀ ਕਰਨ ਅਤੇ ਆਪਣੇ ਜਾਂ ਕਿਸੇ ਜਾਣਕਾਰ ਦੀ ਕੰਪਨੀ ਨੂੰ ਠੇਕੇ ਦਵਾਉਣ ਅਤੇ ਗੁਪਤ ਕਮੀਸ਼ਨ ਪ੍ਰਾਪਤ ਕਰਨ ਵਿਚ 36 ਮਿਲੀਅਨ ਡਾਲਰ ਦਾ ਫ਼੍ਰਾਡ ਕਰਨ ਦੇ ਵੀ ਦੋਸ਼ ਆਇਦ ਕੀਤੇ ਗਏ ਸਨ। ਸੰਜੇ ਨੇ ਇਨ੍ਹਾਂ ਮਾਮਲਿਆਂ ਵਿਚ ਵੀ ਇਕਬਾਲ-ਏ-ਜੁਰਮ ਕੀਤਾ ਹੈ। ਸੂਬਾ ਸਰਕਾਰ ਨੇ ਸੰਜੇ ਮਦਾਨ, ਉਸਦੀ ਪਤਨੀ ਅਤੇ ਦੋ ਬਾਲਗ਼ ਬੱਚਿਆਂ ‘ਤੇ ਵੀ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੇ ਕੋਵਿਡ-19 ਦੌਰਾਨ ਬੱਚਿਆਂ ਲਈ ਘਰੋਂ ਪੜ੍ਹਾਈ ਜਾਰੀ ਰੱਖਣ ਵਿਚ ਵਿੱਤੀ ਮਦਦ ਲਈ ਚਲਾਏ ਗਏ ਪ੍ਰੋਗਰਾਮ ਵਿਚ ਹੇਰਾ-ਫ਼ੇਰੀ ਕੀਤੀ ਸੀ।