ਕੈਨੇਡਾ ਤੋਂ ਅਮਰੀਕਾ ਵਿੱਚ ਬੰਦੇ ਭੇਜਣ ਵਾਲ਼ਾ ਬਰੈਂਪਟਨ ਵਾਸੀ ਸਿਮਰਨਜੀਤ ਸਿੰਘ ਕੀਤਾ ਅਮਰੀਕੀ ਅਧਿਕਾਰੀਆ ਦੇ ਹਵਾਲੇ
(ਸਤਪਾਲ ਸਿੰਘ ਜੌਹਲ)- ਕੈਨੇਡਾ ਤੋਂ ਸਰਹੱਦ ਪਾਰ ਕਰਵਾ ਕੇ ਅਮਰੀਕਾ ਵਿੱਚ ਵਾੜਨ ਦੇ ਦੋਸ਼ਾਂ ਵਿੱਚ ਬਰੈਂਪਟਨ ਵਾਸੀ ਸਿਮਰਨਜੀਤ ਸਿੰਘ ਉਰਫ ਸ਼ੈਲੀ ਸਿੰਘ ਪੁਲਿਸ ਦੇ ਹੱਥ ਆਇਆ ਹੈ ਜਿਸ ਨੂੰ ਉਂਟਾਰੀਓ `ਚ ਅਦਾਲਤੀ ਕਾਰਵਾਈ ਤੋਂ ਬਾਅਦ ਬੀਤੇ ਦਿਨ ਕੈਨੇਡੀਅਨ ਅਧਿਕਾਰੀਆਂ ਨੇ ਅਮਰੀਕੀ ਪੁਲਿਸ ਦੇ ਹਵਾਲੇ ਕੀਤਾ ਹੈ ਜਿੱਥੇ ਉਸ ਨੂੰ ਬੀਤੇ ਬੁੱਧਵਾਰ ਅਮਰੀਕੀ ਸੰਘੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਅਦਾਲਤੀ ਦਸਤਾਵੇਜਾਂ ਮੁਤਾਬਿਕ ਸਿਮਰਨਜੀਤ 2010 ਤੋਂ ਕੈਨੇਡਾ ਵਿੱਚ ਸੀ ਜਿੱਥੇ ਸ਼ਰਨਾਰਥੀ ਕੇਸ ਰੱਦ ਹੋਣ ਤੋਂ ਬਾਅਦ ਉਸ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਸੀ ਪਰ ਇਸੇ ਦੌਰਾਨ ਉਸ ਨੇ ਵਿਦੇਸ਼ੀਆਂ (ਮੁੱਖ ਤੌਰ `ਤੇ ਭਾਰਤੀਆਂ) ਨੂੰ ਸਰਹੱਦ ਪਾਰ ਕਰਵਾਉਣ ਦੇ ਧੰਦੇ ਵਿੱਚ ਹੱਥ ਰੰਗਣੇ ਸ਼ੁਰੂ ਕੀਤੇ। ਦਸਤਾਵੇਜਾਂ ਵਿੱਚ ਉਸ ਦੇ ਆਪਣੇ ਹੀ ਇਕ ਦਾਅਵੇ ਦਾ ਹਵਾਲਾ ਮਿਲ਼ਦਾ ਹੈ ਜਿਸ ਅਨੁਸਾਰ ਉਹ ਗੈਰਕਾਨੂੰਨੀ ਤਰੀਕੇ ਨਾਲ਼ 1000 ਤੋਂ ਵੱਧ ਲੋਕਾਂ ਨੂੰ ਕੈਨੇਡਾ ਤੋਂ ਅਮਰੀਕਾ ਵਿੱਚ ਲੰਘਾ ਚੁੱਕਾ ਹੈ ਅਤੇ ਉਸ ਵਾਸਤੇ ਇਹ ਕੋਈ ਔਖਾ ਕੰਮ ਨਹੀਂ ਸੀ।
ਇਸ ਕੇਸ ਵਿੱਚ ਇਕ ਪਰਵਾਸੀ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਸ ਨੇ ਅਮਰੀਕਾ ਜਾਣ ਲਈ 35000 ਡਾਲਰ ਦਿੱਤੇ ਹਨ। 2023 ਦੇ ਹੁਣ ਤੱਕ ਬੀਤੇ 95 ਕੁ ਦਿਨਾਂ ਵਿੱਚ ਕਿਊਬਕ ਦੇ ਇਕ ਸਰਹੱਦੀ ਲਾਂਘੇ ਨੇੜਿਓਂ ਲੁਕਛਿਪ ਕੇ ਨਿਊ ਯਾਰਕ (ਅਮਰੀਕਾ) ਜਾਣ ਦੀ ਤਾਕ ਵਿੱਚ ਪੁਲਿਸ ਨੇ 80 ਤੋਂ ਵੱਧ ਵਿਦੇਸ਼ੀ ਗ੍ਰਿਫਤਾਰ ਕੀਤੇ ਹਨ ਜਿਨ੍ਹਾਂ ਵਿੱਚ ਬਹੁਤੀ ਗਿਣਤੀ ਭਾਰਤ ਅਤੇ ਰੋਮਾਨੀਆ ਦੇ ਨਾਗਰਿਕਾਂ ਦੀ ਦੱਸੀ ਜਾ ਰਹੀ ਹੈ।
ਇਹ ਵੀ ਪਤਾ ਲੱਗਾ ਹੈ ਕਿ ਸਿਮਰਨਜੀਤ ਅਮਰੀਕਾ ਵਿੱਚ ਲੰਘਾਉਣ ਲਈ ਪ੍ਰਤੀ ਵਿਅਕਤੀ 5000 ਤੋਂ 35000 ਡਾਲਰ ਵਸੂਲਦਾ ਸੀ ਅਤੇ ਸਰਹੱਦ ਨੇੜੇ ਆਪਣੇ ਬਣਾਏ ਆਦੀਵਾਸੀ ਭਾਈਵਾਲਾਂ ਨੂੰ ਤਕਰੀਬਨ 2000 ਤੋਂ 3000 ਡਾਲਰ ਪ੍ਰਤੀ ਵਿਅਕਤੀ ਦੇ ਕੇ ਕੈਨੇਡਾ ਤੋਂ (ਦਰਿਆ ਸੇਂਟ ਲਾਰੇਂਸ ਵਿੱਚੋਂ) ਸਰਹੱਦ ਪਾਰ ਕਰਵਾਈ ਜਾਂਦੀ ਸੀ। ਆਦੀਵਾਸੀ ਭਾਈਵਾਲਾਂ ਵਿੱਚ ਨਸ਼ਿਆਂ ਦੀ ਆਦੀ ਇਕ ਔਰਤ ਵੀ ਸੀ ਜੋ ਪਰਵਾਸੀਆਂ ਨੂੰ ਨਿਊਯਾਰਕ ਸਟੇਟ ਵਿੱਚ ਸਰਹੱਦ ਤੋਂ ਅਮਰੀਕਾ ਅੰਦਰ 15 ਕਿਲੋਮੀਟਰ ਦੂਰ ਸਥਿਤ ਮੋਟਲ ਤੱਕ ਛੱਡ ਕੇ ਆਉਂਦੀ ਸੀ।
ਮਾਰਚ 2020 ਵਿੱਚ ਉਹ ਔਰਤ ਅਮਰੀਕਾ ਵਿੱਚ ਮੋਟਲ ਨੇੜਿਓਂ ਗ੍ਰਿਫਤਾਰ ਕੀਤੀ ਗਈ ਤਾਂ ਅਧਿਕਾਰੀਆਂ ਵਾਸਤੇ ਸਿਮਰਨਜੀਤ ਦੇ ਧੰਦੇ ਦਾ ਛੜਯੰਤਰ ਬੇਨਕਾਬ ਕਰਨਾ ਸੌਖਾ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਸਿਮਰਨਜੀਤ 2010 ਵਿੱਚ ਆਪਣੀ ਪਤਨੀ ਅਤੇ ਬੱਚੇ ਸਮੇਤ ਮਾਂਟਰੀਅਲ ਪੁੱਜਾ ਸੀ ਜਿੱਥੇ ਉਸ ਨੇ ਭਾਰਤ ਵਿੱਚ ਆਪਣੀ ਜਾਨ ਨੂੰ ਖਤਰਾ ਦੱਸ ਕੇ ਸ਼ਰਨਾਰਥੀ ਕੇਸ ਅਪਲਾਈ ਕੀਤਾ। ਇਸ ਤੋਂ ਬਾਅਦ ਉਸ ਦੀ ਮਾਂ ਅਤੇ ਇਕ ਹੋਰ ਬੱਚਾ ਵੀ ਭਾਰਤ ਤੋਂ ਕੈਨੇਡਾ ਪੁੱਜੇ ਤੇ ਸ਼ਰਨਾਰਥੀ ਕੇਸ ਕੀਤਾ ਪਰ ਇਮੀਗ੍ਰੇਸ਼ਨ ਐਂਡ ਰਫਿਊਜੀ ਬੋਰਡ ਵਲੋਂ ਉਨ੍ਹਾਂ ਦੇ ਸਾਰੇ (5) ਕੇਸ ਰੱਦ ਕਰ ਦਿੱਤੇ ਸਨ।
ਸਿਮਰਨਜੀਤ ਕੋਲ਼ ਪਾਸਪੋਰਟ ਨਾ ਹੋਣ ਕਰਕੇ ਉਸ ਨੂੰ ਕੈਨੇਡਾ ਤੋਂ ਭਾਰਤ ਮੋੜਨ ਵਿੱਚ ਰੁਕਾਵਟ ਰਹੀ। ਇਸੇ ਦੌਰਾਨ ਉਸ ਦਾ ਪਹਿਲੀ ਪਤਨੀ ਨਾਲ਼ ਤਲਾਕ ਹੋਇਆ ਤਾਂ ਉਸ ਨੇ ਕੈਨੇਡਾ ਦੀ ਸ਼ਹਿਰੀ ਔਰਤ ਨਾਲ਼ ਵਿਆਹ ਕੀਤਾ ਜਿਸ ਦੇ ਆਸਰੇ ਨਾਲ਼ ਕੈਨੇਡਾ ਵਿੱਚ ਪੱਕੇ ਹੋਣ ਦੀ ਅਰਜੀ ਲਗਾਈ। ਪੀ.ਆਰ. ਦੀ ਉਹ ਅਰਜੀ ਅਜੇ ਵਿਚਾਰ ਅਧੀਨ ਸੀ ਪਰ ਇਸੇ ਦੌਰਾਨ ਉਸ ਦਾ ਪੋਲ ਖੁਲ੍ਹ ਗਿਆ ਕਿਉਂਕਿ ਖੁਫੀਆ ਅਧਿਕਾਰੀਆਂ ਨੇ 2020 ਵਿੱਚ ਉਸ ਦੀਆਂ ਸਰਗਰਮੀਆਂ ਉਪਰ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਗਈ ਸੀ। ਵੈਸੇ ਸੱਜਣ ਜੀ ਨੂੰ ਕੈਨੇਡਾ ਦੀ ਭੱਲ ਪਚਣੀ ਚਾਹੀਦੀ ਸੀ।