GTA News Media

Top Info Bar
22.1°C Toronto Loading date...
Featured Sports

ਦੋ ਪੰਜਾਬੀ ਸਿੱਖ ਖਿਡਾਰੀਆਂ ਨੇ ਆਸਟ੍ਰੇਲੀਆ ਦੀ ਕ੍ਰਿਕਟ ਟੀਮ ‘ਚ ਬਣਾਈ ਜਗ੍ਹਾ

ਦੋ ਪੰਜਾਬੀ ਸਿੱਖ ਖਿਡਾਰੀਆਂ ਨੇ ਆਸਟ੍ਰੇਲੀਆ ਦੀ ਕ੍ਰਿਕਟ ਟੀਮ ‘ਚ ਬਣਾਈ ਜਗ੍ਹਾ
Share this post via:

ਕ੍ਰਿਕਟ ਇਕ ਅਜਿਹੀ ਖੇਡ ਹੈ ਜੋ ਹਜ਼ਾਰਾਂ ਭਾਵਨਾਵਾਂ ਨੂੰ ਉਜਾਗਰ ਕਰਦੀ ਹੈ। ਹਰ ਸਾਲ, ਕਿਸੇ ਖ਼ਾਸ ਟੀਮ ਜਾਂ ਖਿਡਾਰੀ ਦੇ ਪ੍ਰਸ਼ੰਸਕ ਵਜੋਂ, ਕੁਝ ਯਾਦਗਾਰੀ ਜਿੱਤਾਂ ਅਤੇ ਕੁਝ ਯਾਦਗਾਰੀ ਹਾਰਾਂ ਦਾ ਗਵਾਹ ਹੁੰਦਾ ਹੈ। ਖੇਡ ਦੌਰਾਨ ਕਈ ਖ਼ੁਸ਼ੀ ਅਤੇ ਗ਼ਮੀ ਦੇ ਪਲ ਵੀ ਹੁੰਦੇ ਹਨ ਜੋ ਦਹਾਕਿਆਂ ਤਕ ਯਾਦ ਰਹਿ ਜਾਂਦੇ ਹਨ। ਅਜਿਹੀ ਹੀ ਪ੍ਰੇਰਨਾਦਾਇਕ ਕਹਾਣੀ ਸਿੱਖ ਨੌਜਵਾਨ ਹਰਜਸ ਸਿੰਘ ਅਤੇ ਹਰਕੀਰਤ ਸਿੰਘ ਦੀ ਹੈ।

ਸਿੱਖ ਪਿਛੋਕੜ ਵਾਲੇ ਹਰਜਸ ਸਿੰਘ ਲਈ ਆਸਟ੍ਰੇਲੀਆ ਦੀ ਅੰਡਰ-19 ਪੁਰਸ਼ ਟੀਮ ਵਿਚ ਜਗ੍ਹਾ ਬਣਾਉਣਾ ਆਸਾਨ ਨਹੀਂ ਸੀ ਪਰ ਇਹ ਨੌਜਵਾਨ ਕਈ ਪੰਜਾਬੀਆਂ ਅਤੇ ਸਿੱਖ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣ ਗਿਆ ਹੈ। ਹੋਰ ਭਾਰਤੀਆਂ ਵਾਂਗ ਹਰਜਸ ਸਿੰਘ ਨੂੰ ਵੀ ਕ੍ਰਿਕਟ ਪ੍ਰਤੀ ਬਚਪਨ ਤੋਂ ਹੀ ਪਿਆਰ ਸੀ। ਇਸੇ ਤਰ੍ਹਾਂ ਹੀ ਹਰਕੀਰਤ ਸਿੰਘ ਬਾਜਵਾ, ਜੋ ਕਿ 2012 ਵਿਚ ਅਪਣੇ ਪ੍ਰਵਾਰ ਸਮੇਤ ਮੁਹਾਲੀ ਤੋਂ ਆਸਟ੍ਰੇਲੀਆ ਆਇਆ ਸੀ, ਨੇ ਵੀ ਆਸਟ੍ਰੇਲੀਆ ਅੰਡਰ-19 ਕ੍ਰਿਕਟ ਟੀਮ ਵਿਚ ਜਗ੍ਹਾ ਬਣਾਈ ਹੈ। ਸੱਤ ਸਾਲ ਦੀ ਉਮਰ ਤੋਂ ਹੀ ਹਰਕੀਰਤ ਮੋਹਾਲੀ ਵਿਚ ਗਲੀ ‘ਚ ਕ੍ਰਿਕਟ ਖੇਡਦਾ ਸੀ ਪਰ ਜਦੋਂ ਉਹ ਆਸਟ੍ਰੇਲੀਆ ਆਇਆ, ਤਾਂ ਅਪਣੇ ਕ੍ਰਿਕਟ ਦੇ ਹੁਨਰ ਨੂੰ ਨਿਖਾਰਨ ਲਈ ਉਹ ਚੈਲਸੀ ਕ੍ਰਿਕਟ ਕਲੱਬ ਨਾਲ ਜੁੜ ਗਿਆ।

ਹਰਕੀਰਤ ਸਿੰਘ ਨੇ ਦਸਿਆ ਕਿ ਉਸ ਦੇ ਪਿਤਾ ਕੈਬ ਡਰਾਈਵਰ ਹਨ ਅਤੇ ਇਸ ਦੇ ਨਾਲ ਹੀ ਸਮੇਂ-ਸਮੇਂ ‘ਤੇ ਉਸ ਨੂੰ ਅਭਿਆਸ ਸੈਸ਼ਨਾਂ ‘ਤੇ ਲੈ ਕੇ ਜਾਂਦੇ ਸਨ। ਹਰਕੀਰਤ ਦਾ ਕਹਿਣਾ ਹੈ ਕਿ ਉਸ ਦੇ ਮਾਪਿਆਂ ਦਾ ਸ਼ੁਰੂ ਤੋਂ ਹੀ ਉਸ ਨਾਲ ਸਮਰਥਨ ਰਿਹਾ ਹੈ ਅਤੇ ਇਸ ਮੁਕਾਮ ਤਕ ਪਹੁੰਚਣ ਲਈ ਉਨ੍ਹਾਂ ਦਾ ਧਨਵਾਦੀ ਹੈ। ਜੇਕਰ ਹਰਜਸ ਦੀ ਗੱਲ ਕਰੀਏ ਤਾਂ, ਸ਼ੌਕ ਵਜੋਂ ਖੇਡਦੇ ਪੁੱਤ ਦੇ ਹੁਨਰ ਅਤੇ ਖੇਡ ਪ੍ਰਤੀ ਲਗਨ ਦੇਖ ਕੇ ਮਾਪਿਆਂ ਨੇ ਉਸ ਨੂੰ ਪ੍ਰੋਫ਼ੈਸ਼ਨਲ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿਤੀ ਤੇ ਬਹੁਤ ਸਾਲਾਂ ਬਾਅਦ ਆਖ਼ਰਕਾਰ ਹਰਜਸ ਨੂੰ ਸਖ਼ਤ ਮਿਹਨਤ ਦਾ ਫ਼ਲ ਮਿਲਿਆ ਹੈ।

8 ਸਾਲ ਦੀ ਉਮਰ ‘ਚ ਹਰਜਸ ਸਿੰਘ ਨੇ ਆਸਟ੍ਰੇਲੀਆ ਦੇ ਲੋਕਲ ਦੇਵੈਸਬੀ ਵਰਕਰਜ਼ ਕ੍ਰਿਕਟ ਕਲੱਬ ‘ਚ ਬਦਲਵੇਂ ਖਿਡਾਰੀ ਵਜੋਂ ਖੇਡ ਦੀ ਸ਼ੁਰੂਆਤ ਕੀਤੀ। ਉਦੋਂ ਤੋਂ ਹੀ ਇਸ ਖੱਬੇ ਹੱਥ ਦੇ ਬੈਟਸਮੈਨ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਸਮੇਂ ਦੇ ਨਾਲ-ਨਾਲ ਹਰਜਸ ਸਿੰਘ ਦੀ ਖੇਡ ਹੋਰ ਮਜ਼ਬੂਤ ਹੁੰਦੀ ਗਈ ਤੇ ਉਸ ਨੂੰ ਕਈ ਕਲੱਬਾਂ ਵਲੋਂ ਚੁਣਿਆ ਗਿਆ। ਉਸ ਦੀ ਖੇਡ ਤੋਂ ਖ਼ੁਸ਼ ਹੋਏ ਨੀਲ ਡੀਕੋਸਟਾ ਨੇ ਉਸ ਨੂੰ ਪ੍ਰੋਫ਼ੈਸ਼ਨਲ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿਤੀ। ਹਰਜਸ ਸਿੰਘ ਨੂੰ ਉਸ ਦੀ ਵੱਖਰੀ ਪਛਾਣ ਹੋਣ ਕਰ ਕੇ ਖੇਡ ਮੈਦਾਨ ਵਿਚ ਬਾਕੀ ਖਿਡਾਰੀਆਂ ਨਾਲੋਂ ਜ਼ਿਆਦਾ ਮਿਹਨਤ ਕਰਨੀ ਪਈ ਹੈ ਤੇ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਉਹ ਕਹਿੰਦਾ ਹੈ ਕਿ ਜੇ ਤੁਸੀਂ ਦੂਜਿਆਂ ਨਾਲੋਂ ਵੱਖਰੇ ਦਿਖਾਈ ਦਿੰਦੇ ਹੋ ਤਾਂ ਤੁਹਾਨੂੰ ਕਰਨਾ ਵੀ ਕੁੱਝ ਵੱਖਰਾ ਹੀ ਪੈਂਦਾ ਹੈ ਤਾਂ ਜੋ ਤੁਹਾਡੀ ਪਛਾਣ ਤੇ ਤੁਹਾਡੀ ਜਗ੍ਹਾ ਮੈਦਾਨ ‘ਚ ਪੱਕੀ ਹੋ ਸਕੇ।