GTA News Media

Top Info Bar
22.1°C Toronto Loading date...
Canada

CBSA ਨੇ 700 ਵਿਦਿਆਰਥੀਆਂ ਨੂੰ ਦੇਸ਼ ਛੱਡਣ ਦੇ ਹੁਕਮ ਕੀਤੇ ਜਾਰੀ

CBSA ਨੇ 700 ਵਿਦਿਆਰਥੀਆਂ ਨੂੰ ਦੇਸ਼ ਛੱਡਣ ਦੇ ਹੁਕਮ ਕੀਤੇ ਜਾਰੀ
Share this post via:

ਕੈਨੇਡਾ ‘ਚ ਦੇਸ਼-ਨਿਕਾਲੇ ਦਾ ਸਾਹਮਣਾ ਕਰ ਰਹੇ 700 ਦੇ ਲਗਭਗ ਪੰਜਾਬੀ ਵਿਦਿਆਰਥੀਆਂ ਨੂੰ ਲੈ ਕੇ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਰਿਪੋਰਟਾਂ ਮੁਤਾਬਕ ਇਹਨਾਂ ਵਿਦਿਆਰਥੀਆਂ ਨੂੰ CBSA ਨੇ ਦੇਸ਼ ਛੱਡਣ ਦੇ ਹੁਕਮ ਜਾਰੀ ਕਰ ਦਿੱਤੇ ਨੇ। ਦਰਅਸਲ, ਇਨਾਂ ਵਿਦਿਆਰਥੀਆਂ ਨੇ ਕੈਨੇਡਾ ‘ਚ ਆਪਣੀ ਪੜਾਈ ਪੂਰੀ ਕਰ ਲਈ ਸੀ, ਪਰ ਜਦੋਂ ਇਨਾਂ ਨੇ ਪੀ.ਆਰ. ਲਈ ਅਪਲਾਈ ਕੀਤਾ ਤਾਂ ਜਾਂਚ ਵਿੱਚ ਉਨ੍ਹਾਂ ਦੇ ਦਸਤਾਵੇਜ਼ ਫਰਜ਼ੀ ਪਾਏ ਗਏ। ਜਦਕਿ ਇਹਨਾਂ ਦਸਤਾਵੇਜ਼ਾਂ ਦੇ ਆਧਾਰ ਤੇ ਹੀ ਇਨ੍ਹਾਂ ਨੂੰ ਕੈਨੇਡਾ ਦਾ ਵੀਜ਼ਾ ਤਾਂ ਮਿਲਿਆ ਹੀ ਸੀ, ਨਾਲ ਹੀ ਕੈਨੇਡਾ ਦੇ ਕਾਲਜਾਂ ਵਿੱਚ ਐਡਮਿਸ਼ਨ ਵੀ ਮਿਲ ਗਈ ਸੀ, ਪਰ ਹੁਣ ਜਦੋਂ ਪੀ.ਆਰ. ਦੀ ਵਾਰੀ ਆਈ ਤਾਂ ਇਹਨਾਂ ਵਿਦਿਆਰਥੀਆਂ ਦੇ ਇਹੀ ਦਸਤਾਵਜ਼ ਫਰਜ਼ੀ ਕਰਾਰ ਦੇ ਦਿੱਤੇ ਗਏ।

ਦੱਸਿਆ ਜਾ ਰਿਹਾ ਹੈ ਕਿ ਇਹਨਾਂ ਵਿਦਿਆਰਥੀਆਂ ਨੇ ਜਲੰਧਰ ਦੀ ਇਕ ਟਰੈਵਲ ਏਜੰਸੀ ‘ਐਜੂਕੇਸ਼ਨ ਮਾਈਗ੍ਰੇਸ਼ਨ’ ਦੇ ਮਾਧਿਅਮ ਨਾਲ ਕੈਨੇਡਾ ਦਾ ਸਟੱਡੀ ਵੀਜ਼ਾ ਹਾਸਲ ਕੀਤਾ ਸੀ। ਐਜੂਕੇਸ਼ਨ ਮਾਈਗ੍ਰੇਸ਼ਨ ਸਰਵਿਸ ਏਜੰਸੀ ਚਲਾਉਣ ਵਾਲੇ ਬ੍ਰਿਜੇਸ਼ ਮਿਸ਼ਰਾ ਨਾਮ ਦੇ ਵਿਅਕਤੀ ਨੇ ਵਿਦਿਆਰਥੀਆਂ ਨਾਲ ਧੋਖਾਧੜੀ ਕੀਤੀ। ਦੋਸ਼ ਹੈ ਕਿ ਸਾਰੇ 700 ਵਿਦਿਆਰਥੀਆਂ ਕੋਲੋਂ ਉਸ ਨੇ 16- 16 ਲੱਖ ਰੁਪਏ ਲਏ ਸੀ। ਉਸ ਨੇ ਬੜੀ ਚਲਾਕੀ ਨਾਲ ਇਨਾਂ ਸਾਰੇ ਵਿਦਿਆਰਥੀਆਂ ਦੇ ਕਥਿਤ ਤੌਰ ‘ਤੇ ਸਾਰੇ ਦਸਤਾਵੇਜ਼ਾਂ ‘ਤੇ ਸਾਈਨ ਕਰਵਾਏ,ਪਰ ਖੁਦ ਸਾਈਨ ਨਹੀਂ ਕੀਤੇ। ਇਸ ਲਈ ਕੈਨੇਡੀਅਨ ਏਜੰਸੀ ਨੂੰ ਇਹ ਸਵੀਕਾਰ ਨਹੀਂ ਹੈ, ਪਰ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ।

ਦੱਸ ਦਈਏ ਕਿ ਇਨ੍ਹਾਂ ਵਿਦਿਆਰਥੀਆਂ ਨੂੰ 2018-19 ਵਿੱਚ ਪੜਾਈ ਕਰਨ ਲਈ ਕੈਨੇਡਾ ਭੇਜਿਆ ਗਿਆ ਸੀ। ਵਿਦਿਆਰਥੀਆਂ ਦੇ ਐਡਮਿਸ਼ਨ ਔਫ਼ਰ ਲੈਟਰ ਲਗਭਗ 5 ਸਾਲ ਪੁਰਾਣੇ ਨੇ, ਪਰ ਖੁਲਾਸਾ ਉਦੋਂ ਹੋਇਆ, ਜਦੋਂ ਇਹਨਾਂ ਸਾਰੇ ਵਿਦਿਆਰਥੀਆਂ ਨੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੈਨੇਡਾ ਦੀ ਪੀ.ਆਰ. ਭਾਵ ਪਰਮਾਨੈਂਟ ਰੈਜ਼ੀਡੈਂਸੀ ਲਈ ਅਪਲਾਈ ਕੀਤਾ। ਹੁਣ ਇਨਾਂ 700 ਪੰਜਾਬੀ ਵਿਦਿਆਰਥੀਆਂ ਦੇ ਭਵਿੱਖ ‘ਤੇ ਸੰਕਟ ਖੜਾ ਹੋ ਗਿਆ ਹੈ। ਨੌਜਵਾਨਾਂ ਦੇ ਨਾਲ- ਨਾਲ ਪੰਜਾਬ ਰਹਿੰਦੇ ਇਨਾਂ ਦੇ ਮਾਪੇ ਵੀ ਚਿੰਤਾ ਵਿੱਚ ਡੁੱਬ ਗਏ, ਜਿਨਾਂ ਨੇ ਲੱਖਾਂ ਰੁਪਏ ਖਰਚ ਕੇ ਆਪਣੇ ਬੱਚਿਆਂ ਨੂੰ ਚੰਗੇ ਭਵਿੱਖ ਲਈ ਵਿਦੇਸ਼ ਭੇਜਿਆ ਸੀ।

ਜ਼ਿਕਰਯੋਗ ਹੈ ਕਿ ਇਹ ਮਾਮਲਾ ਪਿਛਲੇ ਕੁਝ ਮਹੀਨਿਆਂ ਤੋਂ ਕਾਫ਼ੀ ਭਖਿਆ ਹੋਇਆ ਹੈ। ਪੀੜਤ ਵਿਦਿਆਰਥੀਆਂ ਵੱਲੋਂ ਕੈਨੇਡਾ ਦੇ ਕਈ ਸ਼ਹਿਰਾਂ ਵਿਚ ਵੱਖ-ਵੱਖ ਸਮੇਂ ‘ਤੇ ਰੋਸ ਪ੍ਰਦਰਸ਼ਨ ਵੀਕੀਤਾ ਗਿਆ, ਪਰ ਸਰਕਾਰ ਵੱਲੋਂ ਕੋਈ ਖਾਸ ਧਿਆਨ ਨਹੀਂ ਦਿੱਤਾ ਜਾ ਰਿਹਾ। ਜਲੰਧਰ ਦੀ ਟਰੈਵਲ ਏਜੰਸੀ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਇਹ ਬੇਕਸੂਰ ਵਿਦਿਆਰਥੀ ਉਲਝਣ ਵਿੱਚ ਫਸ ਗਏ, ਉੱਧਰ ਐਜੂਕੇਸ਼ਨ ਮਾਈਗ੍ਰੇਸ਼ਨ ਏਜੰਸੀ ਦਾ ਮਾਲਕ ਬ੍ਰਿਜੇਸ਼ ਮਿਸ਼ਰਾ ਫਰਾਰ ਚੱਲ ਰਿਹਾ ਹੈ।