5 ਜੁਲਾਈ ਤੋਂ ਕੈਨੇਡਾ ਵਾਸੀਆਂ ਨੂੰ ਗਰੌਸਰੀ ਰਿਆਇਤ ਵਜੋਂ ਮਿਲਣਗੇ ਡਾਲਰ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਹੈ ਕਿ ਲੱਖਾਂ ਕੈਨੇਡਾ ਵਾਸੀਆਂ ਨੂੰ 5 ਜੁਲਾਈ ਤੋਂ ਗਰੌਸਰੀ ਰਿਆਇਤ ਵਜੋਂ ਡਾਲਰ ਮਿਲਣਗੇ। ਕੋਸਟ ਆਫ਼ ਲਿਵਿੰਗ ਐਕਟ ਅਧੀਨ ਦੋ ਬੱਚਿਆਂ ਵਾਲੇ ਕੈਨੇਡੀਅਨ ਪਰਿਵਾਰ ਨੂੰ 467 ਡਾਲਰ ਤੱਕ ਦੀ ਰਕਮ ਮਿਲੇਗੀ ਜਦਕਿ ਇਕ ਬੱਚੇ ਵਾਲੀ ਸਿੰਗਲ ਮਦਰ 386 ਡਾਲਰ ਦੀ ਹੱਕਦਾਰ ਹੋਵੇਗੀ। ਇਸ ਤਰ੍ਹਾਂ ਬਗੈਰ ਬੱਚੇ ਵਾਲੇ ਸਿੰਗਲ ਕੈਨੇਡੀਅਨ ਨੂੰ 234 ਡਾਲਰ ਮਿਲਣਗੇ। ਬਜ਼ੁਰਗਾਂ ਨੂੰ 225 ਡਾਲਰ ਮਿਲਣਗੇ।
ਇਹ ਰਕਮ ਸਿੱਧੀ ਬੈਂਕ ਖਾਤਿਆਂ ‘ਚ ਪਹੁੰਚੇਗੀ ਜਾਂ ਕੈਨੇਡਾ ਰੈਵੇਨਿਊ ਏਜੰਸੀ ਵੱਲੋਂ ਚੈੱਕ ਭੇਜੇ ਜਾਣਗੇ। ਸਿੰਗਲ ਮਦਰ ਦੇ ਮਾਮਲੇ ‘ਚ ਸਾਲਾਨਾ ਆਮਦਨ ਹੱਦ 30,000 ਡਾਲਰ ਤੈਅ ਕੀਤੀ ਗਈ ਹੈ ਜਦਕਿ ਇਕੱਲੇ ਬਜ਼ੁਰਗ ਦੇ ਮਾਮਲੇ ਵਿਚ ਆਮਦਨ ਹੱਦ 20,000 ਡਾਲਰ ਸਾਲਾਨਾ ਤੈਅ ਕੀਤੀ ਗਈ ਹੈ। ਘੱਟ ਅਤੇ ਦਰਮਿਆਨੇ ਆਮਦਨ ਵਾਲੇ ਕੈਨੇਡਾ ਵਾਸੀਆਂ ਨੂੰ ਗਰੋਸਰੀ ਰਿਆਇਤ ਲਈ ਕੋਈ ਅਰਜ਼ੀ ਦਾਖਲ ਕਰਨ ਦੀ ਜ਼ਰੂਰਤ ਨਹੀਂ ਅਤੇ ਇਹ GST ਕਰੈਡਿਟ ਪੇਮੈਂਟ ਦੇ ਨਾਲ ਅਦਾ ਕਰ ਦਿੱਤੀ ਜਾਵੇਗੀ।
ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕਿਹਾ ਕਿ ਮਹਿੰਗਾਈ ਦਰ ‘ਚ ਲਗਾਤਾਰ 9 ਮਹੀਨੇ ਵਾਧਾ ਹੋਣ ਤੋਂ ਬਾਅਦ ਫੈਡਰਲ ਸਰਕਾਰ ਨੇ ਲੋਕਾਂ ਨੂੰ ਰਾਹਤ ਦੇਣ ਦਾ ਫੈਸਲਾ ਕੀਤਾ, ਜਿਸ ਤਹਿਤ 2023 ਦੇ ਬਜਟ ‘ਚ ਗਰੋਸਰੀ ਰਿਆਇਤ ਦਾ ਐਲਾਨ ਹੋਇਆ। ਹੁਣ ਇਸ ਨਾਲ ਸਬੰਧਤ ਬਿੱਲ ‘ਤੇ ਗਵਰਨਰ ਜਨਰਲ ਦੀ ਮੋਹਰ ਲੱਗ ਚੁੱਕੀ ਹੈ ਅਤੇ ਅਦਾਇਗੀਆਂ ਦਾ ਰਾਹ ਪੱਧਰਾ ਹੋ ਗਿਆ ਹੈ। ਇਸ ਯੋਜਨਾ ਤਹਿਤ ਸਰਕਾਰ ਵੱਲੋਂ 2.5 ਬਿਲੀਅਨ ਡਾਲਰ ਦੀ ਰਕਮ ਰਾਖਵੀਂ ਰੱਖੀ ਗਈ ਹੈ ਅਤੇ ਲੋਕਾਂ ‘ਤੇ ਕੋਈ ਬੰਦਿਸ਼ ਨਹੀਂ ਕਿ ਉਨ੍ਹਾਂ ਵੱਲੋਂ ਰਕਮ ਗਰੋਸਰੀ ਲਈ ਹੀ ਖਰਚ ਕੀਤੀ ਜਾਣੀ ਹੈ।