ਗੁਰਦੁਆਰਾ ਸ਼੍ਰੀ ਦੂਖ ਨਿਵਾਰਨ ਸਾਹਿਬ ‘ਚ ਔਰਤ ਦੇ ਕਤਲ ਮਾਮਲੇ ‘ਚ ਵੱਖ ਵੱਖ ਪ੍ਰਤੀਕਰਮ
ਗੁਰਦੁਆਰਾ ਦੂਖ ਨਿਵਾਰਨ ਸਾਹਿਬ ‘ਚ ਔਰਤ ਦੇ ਕਤਲ ਦੇ ਮਾਮਲੇ ‘ਚ ਐੱਸ. ਐੱਸ. ਪੀ ਵਰੁਣ ਸ਼ਰਮਾ ਨੇ ਵੱਡਾ ਖੁਲਾਸਾ ਕੀਤਾ ਹੈ। ਐਸ.ਐਸ.ਪੀ. ਨੇ ਦੱਸਿਆ ਹੈ ਕਿ ਪਰਮਿੰਦਰ ਕੌਰ (35-40) ਔਰਤ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਸਰੋਵਰ ਕੋਲ ਬੈਠ ਕੇ ਸ਼ਰਾਬ ਪੀ ਰਹੀ ਸੀ, ਜਿਸ ਕੋਲੋਂ ਇਕ ਕਵਾਟਰ ਸ਼ਰਾਬ ਬਰਾਮਦ ਹੋਈ ਹੈ। ਸ਼ਰਧਾਲੂਆਂ ਨੇ ਜਦੋਂ ਇਸ ਗਲਤ ਹਰਕਤ ਨੂੰ ਦੇਖਿਆ ਤਾਂ ਸੰਗਤ ਉਸ ਔਰਤ ਨੂੰ ਗੁਰਦੁਆਰਾ ਸਾਹਿਬ ਦੇ ਮੈਨੇਜਰ ਕੋਲ ਲੈ ਕੇ ਗਈ।
ਜਦੋਂ ਸੰਗਤ ਇਸ ਔਰਤ ਨੂੰ ਲੈ ਕੇ ਮੈਨੇਜਰ ਕੋਲ ਪਹੁੰਚੀ ਤਾਂ ਉੱਥੇ ਮੌਜੂਦ ਨਿਰਮਲਜੀਤ ਸੈਣੀ ਨਾਂ ਦੇ ਵਿਅਕਤੀ ਨੇ ਆਪਣੇ ਲਾਇਸੰਸੀ ਰਿਵਾਲਵਰ ਤੋਂ ਪੰਜ ਰਾਉਂਡ ਫਾਇਰ ਕੀਤੇ। ਜਿਸ ‘ਚੋਂ 3-4 ਗੋਲੀਆਂ ਔਰਤਾਂ ਨੂੰ ਲੱਗੀਆਂ, ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਥੇ ਮੌਜੂਦ ਸਾਗਰ ਨਾਂ ਦੇ ਵਿਅਕਤੀ ਨੂੰ ਵੀ ਗੋਲੀ ਲੱਗ ਗਈ, ਜਿਸ ਨੂੰ ਰਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ, ਜਿਸ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ।
SSP ਨੇ ਦੱਸਿਆ ਕਿ ਪਟਿਆਲਾ ਪੁਲਿਸ ਨੇ ਨਿਰਮਲਜੀਤ ਸਿੰਘ ਸੈਣੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਹਥਿਆਰ ਵੀ ਪੁਲਿਸ ਨੇ ਬਰਾਮਦ ਕਰ ਲਿਆ ਹੈ। ਅਜੇ ਤੱਕ ਔਰਤ ਦਾ ਪਰਿਵਾਰ ਸਾਹਮਣੇ ਨਹੀਂ ਆਇਆ ਹੈ। ਫਿਲਹਾਲ ਉਨ੍ਹਾਂ ਵੱਲੋਂ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾਵੇਗੀ।
ਇਸ ਘਟਨਾਂ ਨੂੰ ਲੈ ਕੇ SGPC ਦਾ ਬਿਆਨ ਸਾਹਮਣੇ ਆਇਆ ਹੈ। ਉਨਾਂ ਕਿਹਾ ਕਿ ਸਿੱਖ ਕਦੇ ਵੀ ਬੇਅਦਬੀ ਨੂੰ ਬਰਦਾਸ਼ਤ ਨਹੀਂ ਕਰਦੇ। ਇਸ ਨੂੰ ਕਤਲ ਨਹੀਂ ਕਿਹਾ ਜਾ ਸਕਦਾ, ਇਹ ਸਿੱਖ ਦਾ ਗੁੱਸਾ ਸੀ। ਗੁਰਦੁਆਰਾ ਸਾਹਿਬ ਵਿੱਚ ਸ਼ਰਾਬ ਦਾ ਸੇਵਨ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੈ। ਬੇਅਦਬੀ ਦੇਖ ਕੇ ਸੰਗਤਾਂ ਨੂੰ ਗੁੱਸਾ ਆ ਜਾਂਦਾ ਹੈ। ਗੁਰਦੁਆਰਾ ਸਾਹਿਬ ਦੀ ਬੇਅਦਬੀ ਬਰਦਾਸ਼ਤ ਨਹੀਂ ਕੀਤੀ ਜਾਂਦੀ।