ਪਾਲਕ ਇਕ ਗੁਣਕਾਰੀ ਸਬਜ਼ੀ ਹੈ। ਪਾਲਕ ‘ਚ ਵਿਟਾਮਿਨ ਏ, ਬੀ, ਸੀ, ਲੋਹਾ, ਕੈਲਸ਼ੀਅਮ, ਪ੍ਰੋਟੀਨ, ਫਾਈਬਰ, ਖਣਿਜ ਪਦਾਰਥ, ਮੈਗਨੀਸ਼ੀਅਮ, ਆਇਰਨ, ਅਮੀਨੋ ਐਸਿਡ ਅਤੇ ਫੌਲਿਕ ਐਸਿਡ ਵਰਗੇ ਤੱਤ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਇਸ ਨੂੰ ਅਸੀਂ ਕੱਚਾ ਅਤੇ ਪਕਾ ਕੇ ਦੋਵਾਂ ਤਰ੍ਹਾਂ ਨਾਲ ਖਾ ਸਕਦੇ ਹਾਂ। ਆਓ ਜਾਣਦੇ ਹਾਂ ਇਸਦੇ ਫਾਇਦਿਆਂ ਬਾਰੇ:
1. ਖੂਨ ਦੀ ਕਮੀ ਦੂਰ ਕਰੇ
ਆਇਰਨ ਦੀ ਕਮੀ ਕਾਰਨ ਸਰੀਰ ‘ਚ ਖੂਨ ਦੀ ਕਮੀ ਹੋ ਜਾਂਦੀ ਹੈ। ਪਾਲਕ ‘ਚ ਆਇਰਨ ਦੀ ਮਾਤਰਾ ਵੱਧ ਹੁੰਦੀ ਹੈ, ਜੋ ਹੀਮੋਗਲੋਬਿਨ ਵਧਾਉਣ ਦਾ ਕੰਮ ਕਰਦੀ ਹੈ। ਐਨੀਮੀਆ ਦਾ ਸ਼ਿਕਾਰ ਹੋਣ ‘ਤੇ ਆਪਣੇ ਆਹਾਰ ‘ਚ ਪਾਲਕ ਜ਼ਰੂਰ ਸ਼ਾਮਲ ਕਰੋ। ਬੱਚਿਆਂ ਨੂੰ ਆਹਾਰ ‘ਚ ਪਾਲਕ ਦੇਣ ਨਾਲ ਸਰੀਰ ‘ਚੋਂ ਖੂਨ ਦੀ ਕਮੀ ਦੂਰ ਹੁੰਦੀ ਹੈ। ਗਰਭਵਤੀ ਔਰਤਾਂ ਲਈ ਪਾਲਕ ਖਾਣਾ ਬਹੁਤ ਜ਼ਰੂਰੀ ਹੈ। ਅੱਧੇ ਗਿਲਾਸ ਪਾਲਕ ਦੇ ਰਸ ‘ਚ ਦੋ ਚਮਚ ਸ਼ਹਿਦ ਮਿਲਾ ਕੇ 50 ਦਿਨ ਪੀਓ, ਇਸ ਨਾਲ ਸਰੀਰ ‘ਚ ਖੂਨ ਦਾ ਵਾਧਾ ਹੁੰਦਾ ਹੈ ਪਰ ਸੇਵਨ ਕਰਨ ਤੋਂ ਪਹਿਲਾਂ ਇਕ ਵਾਰ ਮਾਹਿਰ ਦੀ ਸਲਾਹ ਜ਼ਰੂਰ ਲਓ।
2.ਹੱਡੀਆਂ ਅਤੇ ਦੰਦ ਮਜ਼ਬੂਤ
ਪਾਲਕ ਹੱਡੀਆਂ ਤੇ ਦੰਦਾਂ ਲਈ ਬਹੁਤ ਫਾਇਦੇਮੰਦ ਹੈ। ਇਹ ਸਰੀਰ ‘ਚ ਕੈਲਸ਼ੀਅਮ ਨੂੰ ਸੋਖਦੀ ਹੈ, ਜਿਸ ਨਾਲ ਸਰੀਰ ‘ਚੋਂ ਜ਼ਰੂਰੀ ਕੈਲਸ਼ੀਅਮ ਬਾਹਰ ਨਹੀਂ ਨਿਕਲਦਾ। ਬੱਚਿਆਂ ਦੇ ਆਹਾਰ ‘ਚ ਪਾਲਕ ਜ਼ਰੂਰ ਹੋਣੀ ਚਾਹੀਦੀ ਹੈ। ਜੇ ਉਹ ਪਾਲਕ ਦਾ ਜੂਸ ਨਹੀਂ ਪੀਂਦੇ ਤਾਂ ਉਨ੍ਹਾਂ ਨੂੰ ਪਾਲਕ-ਪਨੀਰ ਦੀ ਸਬਜ਼ੀ, ਰਾਇਤਾ ਜਾਂ ਪਾਲਕ ਸਨੈਕਸ ਦੇ ਤੌਰ ‘ਤੇ ਖਾਣ ਨੂੰ ਦੇ ਸਕਦੇ ਹੋ। ਜੇ ਤੁਹਾਨੂੰ ਦੰਦਾਂ ਨਾਲ ਜੁੜੀ ਪ੍ਰੇਸ਼ਾਨੀ ਪਾਇਰੀਆ ਹੈ ਤਾਂ ਖਾਲੀ ਪੇਟ ਪਾਲਕ ਦੇ ਰਸ ਦਾ ਸੇਵਨ ਕਰੋ। ਇਸ ‘ਚ ਤੁਸੀਂ ਗਾਜਰ ਦਾ ਜੂਸ ਮਿਲਾ ਕੇ ਵੀ ਪੀ ਸਕਦੇ ਹੋ। ਇਸ ਨਾਲ ਮਸੂੜਿਆਂ ‘ਚੋਂ ਨਿਕਲਣ ਵਾਲੇ ਖੂਨ ਦੀ ਸਮੱਸਿਆ ਬੰਦ ਹੋ ਜਾਵੇਗੀ।
3. ਬਲੱਡ ਪ੍ਰੈਸ਼ਰ ਕੰਟਰੋਲ
ਪਾਲਕ ਵਿਚ ਪੋਟਾਸ਼ੀਅਮ ਦੀ ਮਾਤਰਾ ਭਰਪੂਰ ਹੁੰਦੀ ਹੈ। ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹਿੰਦਾ ਹੈ, ਜਿਸ ਨਾਲ ਦਿਲ ਦੇ ਰੋਗਾਂ ਤੋਂ ਬਚਾਅ ਰਹਿੰਦਾ ਹੈ।
4. ਮਾਸਪੇਸ਼ੀਆਂ ਦੀ ਮਜ਼ਬੂਤੀ
ਪਾਲਕ ‘ਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਅਤੇ ਪ੍ਰੋਟੀਨ ਭਰਪੂਰ ਤੱਤ ਮਾਸਪੇਸ਼ੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਹਨ। ਇਸ ਨਾਲ ਰੋਗ ਰੋਕੂ ਸਮਰੱਥਾ ਮਜ਼ਬੂਤ ਹੁੰਦੀ ਹੈ, ਜਿਸ ਨਾਲ ਸਰੀਰ ਅੰਦਰੂਨੀ ਤੌਰ ‘ਤੇ ਮਜ਼ਬੂਤ ਰਹਿੰਦਾ ਹੈ। ਮਾਸਪੇਸ਼ੀਆਂ ਮਜ਼ਬੂਤ ਹੋਣ ਨਾਲ ਤੰਦਰੁਸਤੀ ਬਣੀ ਰਹਿੰਦੀ ਹੈ। ਇਹ ਭੁੱਖ ਵਧਾਉਣ ਵਿਚ ਸਹਾਇਕ ਹੈ।
5. ਮੋਟਾਪਾ ਘੱਟ ਕਰੇ
ਪਾਲਕ ਖਾਣ ਨਾਲ ਮੋਟਾਪਾ ਦੂਰ ਹੁੰਦਾ ਹੈ। ਪਾਲਕ ਵਿਚ ਗਾਜਰ ਦਾ ਜੂਸ ਮਿਲਾ ਕੇ ਪੀਣ ਨਾਲ ਬੌਡੀ ਨੂੰ ਨਿਊਟ੍ਰੀਸ਼ੀਅਨਜ਼ ਮਿਲਦੇ ਹਨ। ਇਸ ਨਾਲ ਸਰੀਰ ਦੀ ਵਾਧੂ ਚਰਬੀ ਘੱਟ ਹੋਣ ਲਗਦੀ ਹੈ ਅਤੇ ਕਮਜ਼ੋਰੀ ਵੀ ਨਹੀਂ ਆਉਂਦੀ।