ਕੈਨੇਡਾ ਦੀ ਪਾਰਲੀਮਾਨੀ ਸਕੱਤਰ ਮੈਰੀ ਫਰਾਂਸ ਲਾਲੌਂਡ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਵਿੱਚ ਨਵੇਂ ਆਉਣ ਵਾਲੇ ਇਮੀਗ੍ਰੈਂਟਸ ਨੂੰ ਸੈਟਲਮੈਂਟ ਸੇਵਾਵਾਂ ਦੇਣ ਲਈ ਫ਼ੈਡਰਲ ਸਰਕਾਰ 65 ਮਿਲੀਅਨ ਡਾਲਰ ਦੀ ਰਾਸ਼ੀ ਖ਼ਰਚੇਗੀ। ਇਸੇ ਲੜੀ ਤਹਿਤ ਫ਼ੈਡਰਲ ਮਨਿਸਟਰ ਹਰਜੀਤ ਸੱਜਣ ਵੱਲੋਂ ਬ੍ਰਿਟਿਸ਼ ਕੋਲੰਬੀਆ ਦੀ ਸਕਸੈਸ ਨਾਮੀ ਸੰਸਥਾ ਨੂੰ 12 ਮਿਲੀਅਨ ਡਾਲਰ ਦੀ ਫ਼ੰਡਿੰਗ ਦੇਣ ਦਾ ਐਲਾਨ ਕੀਤਾ ਗਿਆ ਹੈ ।
ਦੱਸਣਯੋਗ ਹੈ ਕੈਨੇਡਾ ਵਿੱਚ ਬਹੁਤ ਸਾਰੀਆਂ ਅਜਿਹੀਆਂ ਏਜੰਸੀਆਂ ਕੰਮ ਕਰਦੀਆਂ ਹਨ ਜੋ ਕਿ ਇਮੀਗ੍ਰੈਂਟਸ ਨੂੰ ਕੈਨੇਡਾ ਆਉਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਕੈਨੇਡਾ ਵਿੱਚ ਸੈਟਲ ਹੋਣ ਵਿੱਚ ਮਦਦ ਕਰਦੀਆਂ ਹਨ । ਇਹਨਾਂ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਵਿੱਚ ਕੈਨੇਡੀਅਨ ਸੱਭਿਆਚਾਰ ਬਾਰੇ ਜਾਣਕਾਰੀ ਦੇਣਾ , ਰੋਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਦੇਣਾ ਅਤੇ ਅੰਗ੍ਰੇਜ਼ੀ ਅਤੇ ਫ੍ਰੈਂਚ ਆਦਿ ਸਿਖਾਉਣ ਦੀਆਂ ਕਲਾਸਾਂ ਦੇਣੀਆਂ ਆਦਿ ਸ਼ਾਮਿਲ ਹੁੰਦਾ ਹੈ।
ਕੈਨੇਡਾ ਆਉਣ ਵਾਲੇ ਪ੍ਰਵਾਸੀ ਕੈਨੇਡਾ ਆਉਣ ਤੋਂ ਪਹਿਲਾਂ ਅਤੇ ਇੱਥੇ ਆ ਕੇ ਇਹਨਾਂ ਸੇਵਾਵਾਂ ਦਾ ਲਾਭ ਲੈ ਸਕਦੇ ਹਨ । ਕੈਨੇਡਾ ਵਿੱਚ 15 ਅਜਿਹੀਆਂ ਸੰਸਥਾਵਾਂ ਪ੍ਰੀ ਅਰਾਈਵਲ ਸੇਵਾਵਾਂ ਦੇ ਰਹੀਆਂ ਹਨ ਜੋ ਕਿ ਸਰਕਾਰ ਦੁਆਰਾ ਸਹਾਇਤਾ ਪ੍ਰਾਪਤ ਹਨ। ਇਹ ਸੰਸਥਾਵਾਂ ਕੈਨੇਡਾ ਵਿੱਚ ਬ੍ਰਿਟਿਸ਼ ਕੋਲੰਬੀਆ , ਮੈਨੀਟੋਬਾ , ਨੋਵਾ ਸਕੋਸ਼ੀਆ ਅਤੇ ਓਨਟੇਰੀਓ ਵਿੱਚ ਸਥਿਤ ਹਨ ਅਤੇ ਕੈਨੇਡਾ ਤੋਂ ਇਲਾਵਾ ਬਾਹਰ ਵੀ ਅਜਿਹੀਆਂ ਸੰਸਥਾਵਾਂ ਹਨ ।
ਫ਼ੈਡਰਲ ਸਰਕਾਰ ਵੱਲੋਂ ਹਰ ਸਾਲ ਕੈਨੇਡਾ ਆਉਣ ਵਾਲੇ ਇਮੀਗ੍ਰੈਂਟਸ ਦੀ ਗਿਣਤੀ ਵਿਚ ਜ਼ਬਰਦਸਤ ਵਾਧਾ ਕਰਨ ਦੀ ਯੋਜਨਾ ਉਲੀਕੀ ਗਈ ਹੈ। ਸਰਕਾਰ ਨੇ 2025 ਤੱਕ ਹਰ ਸਾਲ 500,000 ਇਮੀਗ੍ਰੈਂਟਸ ਨੂੰ ਕੈਨੇਡਾ ਸੱਦਣ ਦਾ ਟੀਚਾ ਮਿੱਥਿਆ ਹੈ। 2041 ਤੱਕ ਕੈਨੇਡਾ ਦੀ ਆਬਾਦੀ ਵਿਚੋਂ ਪਰਵਾਸੀਆਂ ਅਤੇ ਪਰਮਾਨੈਂਟ ਰੈਜ਼ੀਡੈਂਟਸ ਦੀ ਪ੍ਰਤੀਸ਼ਤਤਾ 29I1 ਫ਼ੀਸਦੀ ਤੋਂ 34 ਫ਼ੀਸਦੀ ਦੇ ਦਰਮਿਆਨ ਹੋਣ ਦਾ ਅਨੁਮਾਨ ਹੈ।