ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ G-7 ਸੰਮੇਲਨ ਵਿਚ ਸ਼ਾਮਲ ਹੋਣ ਲਈ ਜਪਾਨ ਪਹੁੰਚ ਗਏ ਹਨ। ਇਹ ਸੰਮੇਲਨ ਜਪਾਨ ਦੇ ਸ਼ਹਿਰ ਹੀਰੋਸ਼ੀਮਾ ਵਿਚ ਆਯੋਜਿਤ ਕੀਤਾ ਗਿਆ ਹੈ। ਹੀਰੋਸ਼ੀਮਾ ਉਹ ਸ਼ਹਿਰ ਹੈ ਜਿਸ ‘ਤੇ ਅਗਸਤ 1945 ਵਿਚ ਅਮਰੀਕਾ ਨੇ ਐਟਮ ਬੰਬ ਸੁੱਟਿਆ ਸੀ ਅਤੇ ਇਹ ਸ਼ਹਿਰ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਸੀ। ਇਹ ਸੰਸਾਰ ਵਿਚ ਪ੍ਰਮਾਣੂ ਬੰਬ ਦਾ ਪਹਿਲਾ ਹਮਲਾ ਸੀ।
ਜਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਜਾਣਬੁੱਝ ਕੇ ਆਪਣੇ ਜੱਦੀ ਸ਼ਹਿਰ ਹੀਰੋਸ਼ੀਮਾ ਨੂੰ G-7 ਦੀ ਮੀਟਿੰਗ ਲਈ ਚੁਣਿਆ ਤਾਂ ਕਿ ਮੌਜੂਦਾ ਸਮੇਂ ਵਿਚ ਵਿਸ਼ਵ ਨੂੰ ਦਰਪੇਸ਼ ਪ੍ਰਮਾਣੂ ਟਕਰਾਅ ਦੇ ਜੋਖਮ ਨੂੰ ਉਜਾਗਰ ਕੀਤਾ ਜਾ ਸਕੇ। ਜਪਾਨ ਪਹੁੰਚਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਟ੍ਰੂਡੋ ਦੱਖਣੀ ਕੋਰੀਆ ਦੇ ਦੌਰੇ ‘ਤੇ ਸਨ। ਉਨ੍ਹਾਂ ਨੇ ਇਸ ਦੌਰੇ ਦੌਰਾਨ ਰਾਜਧਾਨੀ ਸਿਓਲ ਤੋਂ 50 ਕਿਲੋਮੀਟਰ ਦੂਰ ਕੈਪਯਿਓਂਗ ਵਿੱਖੇ ਵੀ ਫ਼ੇਰੀ ਪਾਈ।
ਪ੍ਰਧਾਨ ਮੰਤਰੀ ਦਾ ਦੌਰਾ ਇਸ ਕਰਕੇ ਵੀ ਅਹਿਮ ਸੀ ਕਿਉਂਕਿ ਬਹੁਤ ਘੱਟ ਕੈਨੇਡੀਅਨ ਸਿਆਸਤਦਾਨਾਂ ਨੇ ਕੋਰੀਆ ਦਾ ਦੌਰਾ ਕੀਤਾ ਹੈ। ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਵਿਚ ਹੋਏ ਯੁੱਧ ਵਿਚ 516 ਕੈਨੇਡੀਅਨਜ਼ ਦੀ ਜਾਨ ਗਈ ਸੀ, ਜਿਨ੍ਹਾਂ ਵਿਚ 10 ਮੌਤਾਂ ਕੈਪਯੌਂਗ ਵਿਚ ਹੋਈਆਂ ਸਨ। ਇਹ ਸਾਲ ਕੋਰੀਆਈ ਯੁੱਧ ਨੂੰ ਖ਼ਤਮ ਕਰਨ ਵਾਲੀ ਜੰਗਬੰਦੀ ਦੀ 70ਵੀਂ ਵਰ੍ਹੇ ਗੰਢ ਵੀ ਹੈ, ਅਤੇ ਇਹ ਤੱਥ ਟ੍ਰੂਡੋ ਦੀ ਕੈਪਯੌਂਗ ਫ਼ੇਰੀ ਨੂੰ ਹੋਰ ਮਹੱਤਵਪੂਰਨ ਬਣਾਉਂਦਾ ਹੈ।