ਭਾਰਤੀ ਰਿਜ਼ਰਵ ਬੈਂਕ ਨੇ ਸਭ ਤੋਂ ਵੱਡੇ ਕਰੰਸੀ 2000 ਰੁਪਏ ਦੇ ਨੋਟ ਉਪਰ ਵੱਡਾ ਫੈਸਲਾ ਲਿਆ ਹੈ। ਰਿਜ਼ਰਵ ਬੈਂਕ ਮੁਤਾਬਕ 2000 ਰੁਪਏ ਦਾ ਨੋਟ ਲੀਗਲ ਟੈਂਡਰ ਤਾਂ ਜਾਰੀ ਰਹੇਗਾ ਪਰ ਇਸ ਨੂੰ ਸਰਕੂਲੇਸ਼ਨ ਤੋਂ ਬਾਹਰ ਕਰ ਦਿੱਤਾ ਜਾਵੇਗਾ। ਭਾਰਤੀ ਰਿਜ਼ਰਵ ਬੈਂਕ ਨੇ ਦੇਸ਼ ਦੇ ਬੈਂਕਾਂ ਨੂੰ ਤੁਰੰਤ ਪ੍ਰਭਾਵ ਨਾਲ 2000 ਰੁਪਏ ਦੇ ਨੋਟ ਜਾਰੀ ਕਰਨ ਤੋਂ ਰੋਕਣ ਦੀ ਸਲਾਹ ਦਿੱਤੀ ਹੈ। ਰਿਜ਼ਰਵ ਬੈਂਕ ਨੇ ‘ਕਲੀਨ ਨੋਟ ਪਾਲਿਸੀ’ ਦੇ ਤਹਿਤ ਇਹ ਫੈਸਲਾ ਲਿਆ ਹੈ। 30 ਸਤੰਬਰ 2023 ਤੱਕ 2000 ਰੁਪਏ ਦੇ ਨੋਟ ਬੈਂਕ ‘ਚ ਜਮ੍ਹਾਂ ਕਰਵਾਏ ਜਾ ਸਕਦੇ ਹਨ।
ਰਿਜ਼ਰਵ ਬੈਂਕ ਅਨੁਸਾਰ 23 ਮਈ 2023 ਤੋਂ ਕਿਸੇ ਵੀ ਬੈਂਕ ਵਿੱਚ ਇੱਕ ਸਮੇਂ ਵਿੱਚ 2000 ਰੁਪਏ ਦੇ ਨੋਟਾਂ ਨੂੰ ਹੋਰ ਮੁੱਲਾਂ ਦੇ ਨੋਟਾਂ ਲਈ ਬਦਲਿਆ ਜਾ ਸਕਦਾ ਹੈ। ਨੋਟ ਐਕਸਚੇਂਜ ਦੀ ਸੀਮਾ 20,000 ਰੁਪਏ ਹੈ। ਸਾਲ 2016 ਵਿੱਚ ਰਿਜ਼ਰਵ ਬੈਂਕ ਦੁਆਰਾ ਨੋਟਬੰਦੀ ਤੋਂ ਬਾਅਦ ਰਿਜ਼ਰਵ ਬੈਂਕ ਨੇ 2000 ਰੁਪਏ ਦਾ ਨੋਟ ਜਾਰੀ ਕੀਤਾ ਸੀ। ਪਿਛਲੇ ਕੁਝ ਮਹੀਨਿਆਂ ਤੋਂ ਬਾਜ਼ਾਰ ‘ਚ 2000 ਰੁਪਏ ਦੇ ਨੋਟ ਘੱਟ ਨਜ਼ਰ ਆ ਰਹੇ ਸਨ। ਲੋਕਾਂ ਨੇ ਦੱਸਿਆ ਕਿ ਏਟੀਐਮ ਤੋਂ 2000 ਰੁਪਏ ਦੇ ਨੋਟ ਵੀ ਨਹੀਂ ਨਿਕਲ ਰਹੇ ਹਨ। ਇਸ ਸਬੰਧੀ ਸਰਕਾਰ ਨੇ ਸੰਸਦ ਵਿੱਚ ਵੀ ਜਾਣਕਾਰੀ ਦਿੱਤੀ ਸੀ।
ਰਿਜ਼ਰਵ ਬੈਂਕ ਨੇ ਆਪਣੀ ਸਾਲਾਨਾ ਰਿਪੋਰਟ ‘ਚ 2000 ਰੁਪਏ ਦੇ ਨੋਟ ਬਾਰੇ ਕਾਫੀ ਜਾਣਕਾਰੀ ਦਿੱਤੀ ਸੀ। ਭਾਰਤੀ ਰਿਜ਼ਰਵ ਬੈਂਕ ਦੀ ਸਾਲਾਨਾ ਰਿਪੋਰਟ ਅਨੁਸਾਰ ਵਿੱਤੀ ਸਾਲ 2019-20, ਵਿੱਤੀ ਸਾਲ 2020-21 ਅਤੇ ਵਿੱਤੀ ਸਾਲ 2021-22 ਵਿੱਚ 2000 ਰੁਪਏ ਦਾ ਇੱਕ ਵੀ ਨੋਟ ਨਹੀਂ ਛਾਪਿਆ ਗਿਆ ਹੈ। ਇਸ ਕਾਰਨ ਬਾਜ਼ਾਰ ‘ਚ 2000 ਰੁਪਏ ਦੇ ਨੋਟਾਂ ਦਾ ਪ੍ਰਚਲਨ ਘੱਟ ਗਿਆ ਹੈ।