ਅੰਮ੍ਰਿਤਸਰ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ੍ਰੀ ਦਰਬਾਰ ਸਾਹਿਬ ਤੋਂ ਹੋਣ ਵਾਲੇ ਗੁਰਬਾਣੀ ਦੇ ਪ੍ਰਸਾਰਣ ਨੂੰ ਲੈਕੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਭਗਵੰਤ ਮਾਨ ਨੇ ਸਾਰੇ ਚੈਨਲਾਂ ਲਈ ਗੁਰਬਾਣੀ ਦਾ ਪ੍ਰਸਾਰਣ ਮੁਫਤ ਹੋਣ ਦੀ ਮੰਗ ਕੀਤੀ ਸੀ। ਜਿਸ ਦਾ ਹੁਣ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਨੂੰ ਜਵਾਬ ਦਿੱਤਾ ਹੈ। ਹਰਜਿੰਦਰ ਸਿੰਘ ਧਾਮੀ ਨੇ 25 ਸਾਲਾਂ ਦੀ ਟੀਵੀ ਰਿਕਾਰਡ ਪੇਸ਼ ਕੀਤਾ।
ਉਹਨਾਂ ਦੱਸਿਆ ਕਿ ਕਮੇਟੀ ਵੱਲੋਂ ਸਭ ਤੋਂ ਪਹਿਲਾਂ ਸਾਲ 1998 ਵਿੱਚ ਪੰਜਾਬੀ ਵਰਲਡ ਟੀਵੀ ਦੇ ਨਾਲ ਗੁਰਬਾਣੀ ਦੇ ਪ੍ਰਸਾਰਣ ਦਾ ਸਮਝੌਤਾ ਕੀਤਾ ਸੀ, ਫਿਰ ਸਾਲ 1999 ਵਿੱਚ ਯੂਕੇ ਖਾਲਸਾ ਵਰਲਡ ਟੀਵੀ ਦੀ ਕੰਪਨੀ ਨਾਰਥ ਇੰਡੀਆ ਟੈਲੀਵਿਜਨ ਲਿਮਟਿਡ ਦੇ ਨਾਲ ਕਰਾਰ ਹੋਇਆ ਪਰ ਉਹ ਵੀ ਛੱਡ ਕੇ ਚੱਲੇ ਗਏ। ਸਤੰਬਰ 2000 ਵਿੱਚ ETC ਨਾਲ ਸਮਝੌਤਾ ਹੋਇਆ ਅਤੇ ਤੈਅ ਹੋਇਆ ਕਿ ਚੈਨਲ ਹਰ ਸਾਲ 50 ਲੱਖ ਰੁਪਏ ਦੇਵੇਗਾ, ਪਰ ZEE NEXT ਮੀਡੀਆ ਵੱਲੋਂ ETC ਨੂੰ ਖਰੀਦਣ ਤੋਂ ਬਾਅਦ PTC ਨਾਲ 2007 ਵਿੱਚ ਸਮਝੌਤਾ ਹੋਇਆ, ਜੁਲਾਈ 2012 ਵਿੱਚ PTC ਨਾਲ 11 ਸਾਲ ਯਾਨੀ 24 ਜੁਲਾਈ 2023 ਤੱਕ ਕਰਾਰ ਹੋਇਆ ਅਤੇ ਤੈਅ ਹੋਇਆ ਕਿ ਚੈਨਲ ਹਰ ਸਾਲ ਕਮੇਟੀ ਨੂੰ 1 ਕਰੋੜ ਰੁਪਏ ਦੇਵੇਗਾ ਅਤੇ ਹਰ ਸਾਲ ਇਸ ਵਿੱਚ 10 ਫੀਸਦਾ ਦਾ ਵਾਧਾ ਹੋਵੇਗਾ ਅਤੇ ਹੁਣ ਇਹ ਵੱਧ ਕੇ 2 ਕਰੋੜ ਰੁਪਏ ਹੋ ਗਿਆ ਹੈ । ਪ੍ਰਧਾਨ ਨੇ ਦੱਸਿਆ ਕਿ PTC ਵੱਲੋਂ ਕਮੇਟੀ ਦੇ ਹੋਰ ਇਤਿਹਾਸਕ ਪ੍ਰੋਗਰਾਮਾਂ ਦੇ ਲਈ ਕੋਈ ਪੈਸਾ ਨਹੀਂ ਲਿਆ ਜਾਂਦਾ ਹੈ।
ਇਸ ਤੋਂ ਇਲਾਵਾ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਉਹ ਗੁਰਬਾਣੀ ਵੇਚਣ ਵਰਗੇ ਸ਼ਬਦ ਬੋਲਣ ਤੋਂ ਗੁਰੇਜ਼ ਕਰਨ, ਅਸੀ ਗੁਰਬਾਣੀ ਨੂੰ ਵੇਚਦੇ ਨਹੀਂ। ਇਸ ਤੋਂ ਇਲਾਵਾ ਉਹਨਾਂ ਐਲਾਨ ਕਰਦਿਆਂ ਦੱਸਿਆ ਕਿ ਸਬ ਕਮੇਟੀ ਜਲਦ ਹੀ ਗੁਰਬਾਣੀ ਦੇ ਪ੍ਰਸਾਰਣ ਦੇ ਲਈ ਨਿਯਮ ਤੈਅ ਕਰ ਰਹੀ ਹੈ ਅਤੇ ਜਲਦ ਹੀ ਟੈਂਡਰ ਜਾਰੀ ਕਰਕੇ ਸਾਰੇ ਟੀਵੀ ਅਦਾਰਿਆਂ ਨੂੰ ਬੋਲੀ ਲਗਾਉਣ ਦਾ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਸ਼ਰਤ ਰੱਖੀ ਬੋਲੀ ਵਿੱਚ ਸ਼ਾਮਲ ਹੋਣ ਵਾਲਾ ਅਦਾਰਾਂ ਇਸ ਗੱਲ ਦਾ ਯਕੀਨ ਦਿਵਾਏ ਕਿ ਗੁਰਬਾਣੀ ਦਾ ਪ੍ਰਸਾਰਨ ਪੂਰੀ ਦੁਨੀਆ ਵਿੱਚ ਕੀਤਾ ਜਾਵੇਗਾ।