ਅਮਰੀਕਾ ‘ਚ ਇੱਕ ਭਾਰਤੀ ਮੂਲ ਦੇ 19 ਸਾਲਾ ਤੇਲਗੂ ਨੌਜਵਾਨ ਸਾਈ ਵਰਸ਼ਿਤ ਕੰਦੁਲਾ ‘ਤੇ ਜੋਅ ਬਾਇਡਨ ਦੀ ਹੱਤਿਆ ਕਰਨ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਉਸਨੇ ਕਿਰਾਏ ’ਤੇ ਲਏ ਯੂ-ਹੌਲ ਟਰੱਕ ਨਾਲ ਵਾਈਟ ਹਾਊਸ ਦੇ ਬੈਰੀਅਰ ਵਿੱਚ ਜਾਣਬੁੱਝ ਕੇ ਟੱਕਰ ਮਾਰ ਦਿੱਤੀ।ਟੱਕਰ ਤੋਂ ਬਾਅਦ ਸੜਕਾਂ ਤੇ ਆਲੇ-ਦੁਆਲੇ ਨੂੰ ਬੰਦ ਕਰ ਦਿੱਤਾ ਗਿਆ। ਨੇੜੇ ਸਥਿਤ ਹੇਅ-ਐਡਮਜ਼ ਹੋਟਲ ਨੂੰ ਵੀ ਖਾਲੀ ਕਰਾਉਣਾ ਪਿਆ। ਉਸ ਤੋਂ ਬਾਅਦ ਉਸਨੇ ਪੁਲਿਸ ਨੂੰ ਦਸਿਆ ਕਿ ਉਹ ਵਾਈਟ ਹਾਊਸ ਦੇ ਅੰਦਰ ਜਾ ਕੇ ‘ਸੱਤਾ ’ਤੇ ਕਾਬਜ਼’ ਹੋਣਾ ਤੇ ਰਾਸ਼ਟਰਪਤੀ ਜੋਅ ਬਾਇਡਨ ਨੂੰ ‘ਮਾਰਨਾ’ ਚਾਹੁੰਦਾ ਹੈ। ਪੁਲਿਸ ਨੇ ਸਾਈ ਵਰਸ਼ਿਤ ਕੰਦੁਲਾ ਨੂੰ ਹਿਰਾਸਤ ‘ਚ ਲੈ ਲਿਆ ਹੈ।
ਪੁਲਿਸ ਅਨੁਸਾਰ ਸਾਈ ਵਰਸ਼ਿਤ ਕੰਦੁਲਾ ਮਿਸੂਰੀ ਸੂਬੇ ਦੇ ਚੈਸਟਰਫੀਲਡ ਦਾ ਰਹਿਣ ਵਾਲਾ ਹੈ ਅਤੇ 2022 ਵਿੱਚ ਮਾਰਕੁਏਟ ਸੀਨੀਅਰ ਹਾਈ ਸਕੂਲ ਤੋਂ ਗ੍ਰੈਜੂਏਟ ਹੋਇਆ ਹੈ। ਉਹ ਸੇਂਟ ਲੁਈਸ ਤੋਂ ਇਕ ਪਾਸੇ ਦੀ ਟਿਕਟ ਲੈ ਕੇ ਡਿਊਲਜ਼ ਹਵਾਈ ਅੱਡੇ ’ਤੇ ਉਤਰਿਆ ਸੀ ਤੇ ਉਸ ਤੋਂ ਬਾਅਦ ਉਸ ਨੇ ਇਕ ਟਰੱਕ ਕਿਰਾਏ ਤੇ ਲੈ ਕੇ ਵਾਈਟ ਹਾਊਸ ਦੇ ਉੱਤਰੀ ਪਾਸੇ ਮੈਟਲ ਬੈਰੀਅਰ ਵਿਚ ਟੱਕਰ ਮਾਰ ਦਿੱਤੀ। ਕੰਦੁਲਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਛੇ ਮਹੀਨਿਆਂ ਤੋਂ ਹਮਲੇ ਦੀ ਯੋਜਨਾ ਬਣਾ ਰਿਹਾ ਸੀ। FBI ਦੇ ਏਜੰਟਾਂ ਨੇ ਇਸੇ ਦੌਰਾਨ ਚੈਸਟਰਫੀਲਡ ਸਥਿਤ ਕੰਦੁਲਾ ਦੇ ਘਰ ਦੀ ਤਲਾਸ਼ੀ ਵੀ ਲਈ ਹੈ।