ਕਿਊਬੈਕ ਪ੍ਰੀਮੀਅਰ ਫ਼੍ਰੈਂਸੁਆ ਲਿਗੋਅ ਨੇ ਪ੍ਰੋਵਿੰਸ ਵਿੱਚ ਆਉਣ ਵਾਲੇ ਇਮੀਗ੍ਰੈਂਟਸ ਲਈ ਫ੍ਰੈਂਚ ਭਾਸ਼ਾ ਬੋਲਣ ਅਤੇ ਲਿਖਣ ਦੇ ਯੋਗ ਹੋਣ ‘ਤੇ ਜ਼ੋਰ ਦਿੱਤਾ ਹੈ। ਲਿਗੋਅ ਨੇ ਵੀਰਵਾਰ ਦੁਪਹਿਰ ਨੂੰ ਨੈਸ਼ਨਲ ਅਸੈਂਬਲੀ ਵਿੱਚ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ,”ਪ੍ਰੀਮੀਅਰ ਵਜੋਂ ਮੇਰੀ ਪਹਿਲੀ ਜ਼ਿੰਮੇਵਾਰੀ ਇਹ ਯਕੀਨੀ ਬਣਾਉਣਾ ਹੈ ਕਿ ਸਾਡੀ ਪਛਾਣ ਸੁਰੱਖਿਅਤ ਹੈ।” ਪ੍ਰੀਮੀਅਰ ਫ਼੍ਰੈਂਸੁਆ ਲਿਗੋਅ ਵੱਲੋਂ ਕੁਝ ਸ਼ਰਤਾਂ ਪੇਸ਼ ਕੀਤੀਆਂ ਗਈਆਂ ਹਨ ਜਿਸ ਵਿੱਚ ਇਕਨਾਮਿਕ ਸ਼੍ਰੇਣੀ ਦੇ ਇਮੀਗ੍ਰੈਂਟਸ ਲਈ ਘੱਟੋ-ਘੱਟ ਫ੍ਰੈਂਚ ਦਾ ਵਿਚਕਾਰਲਾ ਗਿਆਨ ਹੋਣਾ ਲਾਜ਼ਮੀ ਬਣਾਉਣਾ ਅਤੇ ਵਿਦਿਆਰਥੀਆਂ ਲਈ ਫ੍ਰੈਂਚ-ਭਾਸ਼ਾ ਦੇ ਗਿਆਨ ਦੀਆਂ ਲੋੜਾਂ ਨੂੰ ਵਧਾਉਣਾ ਸ਼ਾਮਿਲ ਹੈ।
ਨੈਸ਼ਨਲ ਅਸੈਂਬਲੀ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਵਿੱਚ, ਸਰਕਾਰ ਨੇ ਦੋ ਵਿਕਲਪ ਪੇਸ਼ ਕੀਤੇ ਹਨ। 2027 ਤੱਕ ਪ੍ਰਤੀ ਸਾਲ 50,000 ਪ੍ਰਵਾਸੀਆਂ ਦੇ ਸਾਲਾਨਾ ਟੀਚੇ ਨੂੰ ਕਾਇਮ ਰੱਖਣਾ, ਜਾਂ ਹੌਲੀ ਹੌਲੀ ਹਰ ਸਾਲ ਸੰਖਿਆ ਨੂੰ ਵਧਾ ਕੇ 60,000 ਪ੍ਰਵਾਸੀਆਂ ਦੇ ਸਲਾਨਾ ਟੀਚੇ ਤੱਕ ਪਹੁੰਚਣਾ। ਗੌਰਤਲਬ ਹੈ ਕਿ ਕਿਊਬੈਕ ਪ੍ਰੀਮੀਅਰ ਫ਼੍ਰੈਂਸੁਆ ਲਿਗੋਅ ਨੇ ਲੰਘੇ ਸਾਲ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਹਰ ਸਾਲ 50,000 ਤੋਂ ਵੱਧ ਇਮੀਗ੍ਰੈਂਟਸ ਨੂੰ ਲੈ ਕੇ ਆਉਣਾ ਥੋੜਾ ਆਤਮਘਾਤੀ ਹੋਵੇਗਾ। ਇਮੀਗ੍ਰੇਸ਼ਨ ਮਸਲੇ ‘ਤੇ ਟਿੱਪਣੀਆਂ ਕਾਰਨ ਕੋਲੀਸ਼ਨ ਐਵੇਨਿਰ ਕਿਊਬੈਕ ਪਾਰਟੀ ਵਿਵਾਦਾਂ ਦੇ ਘੇਰੇ ਵਿੱਚ ਆ ਗਈ ਸੀ। ਕਾਰੋਬਾਰੀ ਸਮੂਹ ਸਰਕਾਰ ਨੂੰ ਸੂਬੇ ਦੀ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਟੀਚਿਆਂ ਨੂੰ ਵਧਾਉਣ ਦੀ ਬੇਨਤੀ ਕਰ ਰਹੇ ਹਨ।
ਕਿਊਬੈਕ ਸਰਕਾਰ ਨੇ ਹਾਲ ਵਿੱਚ ਹੀ ਪ੍ਰਧਾਨ ਮੰਤਰੀ ਟ੍ਰੂਡੋ ਦਾ ਇਮੀਗ੍ਰੇਸ਼ਨ ਪਲਾਨ ਨਕਾਰਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਇਸ ਦੌਰਾਨ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਦੀ 2025 ਤੱਕ ਹਰ ਸਾਲ 500,000 ਪਰਵਾਸੀਆਂ ਨੂੰ ਕੈਨੇਡਾ ਚ ਪੱਕੇ ਕਰਨ ਦੀ ਯੋਜਨਾ ਕਾਮਿਆਂ ਦੀ ਘਾਟ ਨੂੰ ਦੂਰ ਕਰਨ ਅਤੇ ਵਿਕਾਸ ਪੈਦਾ ਕਰਨ ਲਈ ਜ਼ਰੂਰੀ ਹੈ। ਕਿਊਬੈਕ ਦੀ ਅਸੈਂਬਲੀ ਦੇ ਮੈਂਬਰਾਂ ਨੇ ਕੁਝ ਹਫ਼ਤੇ ਪਹਿਲਾਂ ਇੱਕ ਮਤਾ ਮਨਜ਼ੂਰ ਕੀਤਾ ਜਿਸ ਵਿੱਚ ਕੈਨੇਡਾ ਦੀ ਇਮੀਗ੍ਰੇਸ਼ਨ ਯੋਜਨਾ ਨੂੰ ਕਿਊਬੈਕ ਵਿੱਚ ਫ੍ਰੈਂਚ ਦੀ ਸੁਰੱਖਿਆ ਨਾਲ ਅਸੰਗਤ ਘੋਸ਼ਿਤ ਕੀਤਾ ਗਿਆ ਸੀ।
CBC ਨਿਊਜ਼