ਪ੍ਰਧਾਨ ਮੰਤਰੀ ਟਰੂਡੋ ਨੇ ਧਰਨੇ ‘ਤੇ ਬੈਠੇ ਪੰਜਾਬੀ ਨੌਜਵਾਨਾਂ ਨੂੰ ਦਿੱਤਾ ਭਰੋਸਾ
ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ 700 ਭਾਰਤੀ ਵਿਦਿਆਰਥੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨੌਜਵਾਨਾਂ ਨੂੰ ਖੁਦ ਭਰੋਸਾ ਦਿੱਤਾ ਹੈ ਕਿ ਹਰ ਕੇਸ ਦਾ ਜਾਂਚ ਕੀਤੀ ਜਾਵੇਗੀ ਤੇ ਧੋਖਾਧੜੀ ਦੇ ਪੀੜਤਾਂ ਨੂੰ ਆਪਣਾ ਪੱਖ ਰੱਖਣ ਦਾ ਵੀ ਮੌਕਾ ਦਿੱਤਾ ਜਾਵੇਗਾ।
ਜਸਟਿਨ ਟਰੂਡੋ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਪੰਜਾਬੀ ਨੌਜਵਾਨ 10 ਦਿਨ ਤੋਂ ਮੋਰਚਾ ਲਗਾ ਕੇ ਬੈਠੇ ਹਨ। ਵਿਦਿਆਰਥੀ ਇਹ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਭਾਰਤ ਵਿੱਚ ਏਜੰਟ ਨੇ ਧੋਖਾ ਦਿੱਤਾ ਹੈ। ਇਸ ਵਿੱਚ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ।
ਟਰੂਡੋ ਨੇ ਹਾਊਸ ਆਫ ਕਾਮਨਜ਼ ‘ਚ ਬਹਿਸ ਦੌਰਾਨ ਕਿਹਾ, ‘ਮੈਂ ਇਸ ਮਾਮਲੇ ਤੋਂ ਚੰਗੀ ਤਰ੍ਹਾਂ ਜਾਣੂ ਹਾਂ। ਸਾਡਾ ਧਿਆਨ ਪੀੜਤਾਂ ਨੂੰ ਸਜ਼ਾ ਦੇਣ ਦੀ ਬਜਾਏ ਦੋਸ਼ੀਆਂ ਦੀ ਪਛਾਣ ਕਰਨਾ ਹੈ।’ ਉਨ੍ਹਾਂ ਕਿਹਾ ਕਿ ਵਿਦੇਸ਼ੀ ਵਿਦਿਆਰਥੀਆਂ ਵਲੋਂ ਦੇਸ਼ ਦੀ ਤਰੱਕੀ ਵਿਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ ਤੇ ਅਸੀਂ ਉਨ੍ਹਾਂ ਨਾਲ ਇਨਸਾਫ਼ ਜ਼ਰੂਰ ਕਰਾਂਗੇ।
ਇਹ ਮੁੱਦਾ ਸੰਸਦ ‘ਚ ਐੱਨਡੀਪੀ ਆਗੂ ਜਗਮੀਤ ਸਿੰਘ ਵੱਲੋਂ ਚੁੱਕਿਆ ਗਿਆ ਸੀ। ਉਹਨਾਂ ਨੇ ਪੀੜਤ ਵਿਦਿਆਰਥੀਆਂ ਦੀ ਸਥਿਤੀ ਬਾਰੇ ਚਿੰਤਾ ਜ਼ਾਹਰ ਕਰਦਿਆ ਕਿਹਾ, ‘ਪੀੜਤਾਂ ਨੂੰ ਆਪਣਾ ਪੱਖ ਅਤੇ ਉਸ ਦੇ ਸਮਰਥਨ ’ਚ ਸਬੂਤ ਪੇਸ਼ ਕਰਨ ਦਾ ਮੌਕਾ ਮਿਲੇਗਾ। ਇਸ ਦੇ ਨਾਲ ਹੀ ਟਰੂਡੋ ਨੇ ਵੀ ਪੀੜਤ ਨੌਜਵਾਨਾਂ ਨੂੰ ਭਰੋਸਾ ਦਿੱਤਾ।