ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵਲੋਂ ਹੈਰਾਨੀਜਨਕ ਅੰਕੜੇ ਜਾਰੀ ਕੀਤੇ ਗਏ ਹਨ। ਜਿਸ ਮੁਤਾਬਕ ਮਈ ਦੇ ਅਖੀਰ ਤੱਕ 2 ਲੱਖ 21 ਹਜ਼ਾਰ ਪਰਵਾਸੀ ਕੈਨੇਡਾ ਪਹੁੰਚ ਚੁੱਕੇ ਹਨ। ਉੱਥੇ ਹੀ ਦੂਜੇ ਪਾਸੇ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਜਨਵਰੀ ਤੋਂ ਮਈ ਵਿਚਾਲੇ 4 ਲੱਖ 17 ਹਜ਼ਾਰ ਸਟੱਡੀ ਵੀਜ਼ੇ ਜਾਰੀ ਕੀਤੇ ਗਏ। ਪਿਛਲੇ ਸਾਲ ਇਸੇ ਸਮੇਂ ਦੌਰਾਨ 2 ਲੱਖ 86 ਹਜ਼ਾਰ ਵੀਜ਼ੇ ਜਾਰੀ ਕੀਤੇ ਗਏ ਸਨ। ਦੂਜੇ ਪਾਸੇ ਜਨਵਰੀ ਤੋਂ ਮਈ ਵਿਚਾਲੇ 6 ਲੱਖ 96 ਹਜ਼ਾਰ ਵਰਕ ਪਰਮਿਟ ਜਾਰੀ ਕੀਤੇ ਗਏ ਜਿਨ੍ਹਾਂ ਦੀ ਗਿਣਤੀ ਪਿਛਲੇ ਸਾਲ 3 ਲੱਖ 63 ਹਜ਼ਾਰ ਦਰਜ ਕੀਤੀ ਗਈ ਸੀ।
ਇਸੇ ਦੌਰਾਨ ਕੈਨੇਡਾ ਦਾ ਇੰਮੀਗ੍ਰੇਸ਼ਨ ਬੈਕਲਾਗ ਮੁੜ ਵਧਦਾ ਮਹਿਸੂਸ ਹੋ ਰਿਹਾ ਹੈ ਅਤੇ ਮਈ ਦੇ ਅਖੀਰ ਤੱਕ 8 ਲੱਖ 20 ਹਜ਼ਾਰ ਅਰਜ਼ੀਆਂ ਤੈਅ ਹੱਦ ਅੰਦਰ ਪ੍ਰੋਸੈਸ ਨਹੀਂ ਹੋ ਸਕੀਆਂ। 31 ਮਈ ਤੱਕ ਵਿਜ਼ਟਰ ਵੀਜ਼ੇ ਦੀਆਂ 13 ਲੱਖ ਅਰਜ਼ੀਆਂ ‘ਚੋਂ 33 ਫ਼ੀਸਦੀ ਦਾ ਨਿਪਟਾਰਾ ਤੈਅ ਹੱਦ ਅੰਦਰ ਨਹੀਂ ਕੀਤਾ ਜਾ ਸਕਿਆ। ਇਸੇ ਤਰ੍ਹਾਂ ਪਰਮਾਨੈਂਟ ਰੈਜ਼ੀਡੈਂਸ ਦੀਆ 6 ਲੱਖ 40 ਹਜ਼ਾਰ ਅਰਜ਼ੀਆਂ ‘ਚੋਂ 48 ਫ਼ੀਸਦ ਦਾ ਨਿਪਟਾਰਾ ਸਮਾਂ ਹੱਦ ਲੰਘਣ ਤੋਂ ਪਹਿਲਾਂ ਨਹੀਂ ਕੀਤਾ ਜਾ ਸਕਿਆ। ਮਾਰਚ ਵਿਚ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ 8 ਲੱਖ 96 ਹਜ਼ਾਰ ਦਰਜ ਕੀਤਾ ਗਿਆ ਜੋ ਅਪ੍ਰੈਲ ਦੌਰਾਨ ਘਟ ਕੇ 8 ਲੱਖ 9 ਹਜ਼ਾਰ ‘ਤੇ ਆ ਗਿਆ ਪਰ ਫੈਡਰਲ ਕਾਮਿਆਂ ਦੀ ਹੜਤਾਲ ਕਾਰਨ ਮਈ ਦੇ ਅੰਤ ਤੱਕ 8 ਲੱਖ 20 ਹਜ਼ਾਰ ਇੰਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ ਖੜ੍ਹਾ ਸੀ।
ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਮੰਤਰਾਲੇ ਨੇ ਕਿਹਾ ਕਿ ਮਈ ਮਹੀਨੇ ਦੌਰਾਨ ਜ਼ਿਆਦਾਤਰ ਅਰਜ਼ੀਆਂ ਦੀ ਪ੍ਰੋਸੈਸਿੰਗ ਸਮੇਂ ਸਿਰ ਕੀਤੀ ਗਈ ਅਤੇ ਹਾਲਾਤ ਵਿੱਚ ਹੋਰ ਸੁਧਾਰ ਹੋ ਰਿਹਾ ਹੈ। 16 ਜੂਨ ਨੂੰ ਪ੍ਰਕਾਸ਼ਤ ਅੰਕੜਿਆ ਮੁਤਾਬਕ 64 ਫ਼ੀਸਦ ਅਰਜ਼ੀਆਂ ਤੈਅ ਸਮਾਂ ਹੱਦ ਦੇ ਅੰਦਰ-ਅੰਦਰ ਪ੍ਰੋਸੈਸਿੰਗ ਦੇ ਰਾਹ ‘ਤੇ ਅੱਗੇ ਵਧ ਰਹੀਆਂ ਹਨ। ਇਹ ਅੰਕੜਾ ਅਪ੍ਰੈਲ ਤੋਂ 4 ਫ਼ੀਸਦ ਵੱਧ ਹੈ ਜਦੋਂ 60 ਫ਼ੀ ਸਦੀ ਅਰਜ਼ੀਆਂ ਤੈਅ ਟੀਚੇ ਦੀ ਹੱਦ ਵਿੱਚ ਸਨ। ਇੰਮੀਗ੍ਰੇਸ਼ਨ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਨਵੀਆਂ ਅਰਜ਼ੀਆਂ ਵਿੱਚੋਂ 80 ਫ਼ੀਸਦ ਨੂੰ ਤੈਅ ਸਮਾਂ ਹੱਦ ਦੇ ਅੰਦਰ ਨਿਪਟਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਆਉਣ ਵਾਲੇ ਸਮੇਂ ਦੌਰਾਨ ਬੈਕਲਾਗ ਹੋਰ ਹੇਠਾਂ ਆਵੇਗਾ।