ਔਰਤਾਂ ਨੂੰ ਟਰੱਕ ਡਰਾਈਵਿੰਗ ਦੇ ਖੇਤਰ ‘ਚ ਲਿਆਉਣ ਲਈ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ 13 ਲੱਖ ਡਾਲਰ ਦੀ ਯੋਜਨਾ ਦਾ ਐਲਾਨ ਕੀਤਾ ਗਿਆ ਹੈ। ਪ੍ਰੀਮੀਅਰ ਨੇ ਕਿਹਾ ਕਿ ਵਪਾਰ ਵਿੱਚ ਟਰਕਿੰਗ ਦਾ ਵੱਡਾ ਯੋਗਦਾਨ ਹੈ ਪਰ ਸੂਬੇ ਵਿੱਚ ਸਿਰਫ ਦੋ ਫੀਸਦੀ ਔਰਤਾਂ ਹੀ ਟਰੱਕ ਡਰਾਈਵਿੰਗ ਕਰ ਰਹੀਆਂ ਹਨ। ਇਸ ਖੇਤਰ ਵਿੱਚ ਔਰਤਾਂ ਦੀ ਭਾਈਵਾਲੀ ਵਧਾਉਣਾ ਸਮੇਂ ਦੀ ਜ਼ਰੂਰਤ ਹੈ।
ਇਸ ਯੋਜਨਾ ਤਹਿਤ 54 ਔਰਤਾਂ ਨੂੰ 200 ਘੰਟੇ ਦੀ ਸਿਖਲਾਈ ਦਿੱਤੀ ਜਾਵੇਗੀ ਤਾਂਕਿ ਉਹ ਟ੍ਰੈਕਟਰ ਟ੍ਰੇਲਰ ਅਤੇ ਸਟ੍ਰੇਟ ਟਰੱਕ ਚਲਾਉਣ ਦੇ ਲਾਇਸੰਸ ਹਾਸਲ ਕਰ ਸਕਣ। ਸਿਰਫ ਐਨਾ ਹੀ ਨਹੀਂ ਔਰਤਾਂ ਦੇ ਰਾਹ ‘ਚ ਆਉਣ ਵਾਲੇ ਸਾਰੇ ਅੜਿੱਕੇ ਖਤਮ ਕਰਦਿਆਂ ਚਾਈਲਡ ਕੇਅਰ ਅਤੇ ਹੋਰ ਖਰਚਿਆਂ ਦੇ ਰੂਪ ਵਿਚ ਹਰ ਔਰਤ ਨੂੰ 4500 ਡਾਲਰ ਮੁਹੱਈਆ ਕਰਵਾਏ ਜਾਣਗੇ।
ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਟਰਕਿੰਗ ਇੰਡਸਟਰੀ ‘ਚ ਇਸ ਵੇਲੇ 6 ਹਜ਼ਾਰ ਤੋਂ ਵੱਧ ਡਰਾਈਵਰਾਂ ਦੀ ਜ਼ਰੂਰਤ ਹੈ ਜਿਸ ਨੂੰ ਵੇਖਦਿਆਂ 54 ਔਰਤਾਂ ਨਾਲ ਕੰਮ ਨਹੀਂ ਬਣਨਾ। ਆਉਣ ਵਾਲੇ ਦਹਾਕੇ ਦੌਰਾਨ ਓਨਟਾਰੀਓ ਨੂੰ ਹਜ਼ਾਰਾਂ ਹੋਰ ਟਰੱਕ ਡਰਾਈਵਰਾਂ ਦੀ ਜ਼ਰੂਰਤ ਹੈ ਜੋ ਕਾਰਖਾਨਿਆਂ, ਘਰਾਂ ਅਤੇ ਇੰਨਫਰਾਸਟ੍ਰਕਚਰ ਦੀ ਉਸਾਰੀ ‘ਚ ਯੋਗਦਾਨ ਪਾਉਣਗੇ।
ਜਾਣਕਾਰੀ ਮੁਤਾਬਕ ਔਰਤਾਂ ਨੂੰ ਟਰੱਕ ਸਿਖਾਉਣ ਦੀ ਪ੍ਰਕਿਰਿਆ ਕਿਚਨਰ, ਲੰਡਨ ਅਤੇ ਟੋਰਾਂਟੋ ਵਿਖੇ ਸ਼ੁਰੂ ਕੀਤੀ ਜਾ ਰਹੀ ਹੈ। ਵਾਟਰਲੂ ਰੀਜਨ ਦੀਆਂ ਔਰਤਾਂ ਵੱਲੋਂ ਇਸ ਯੋਜਨਾ ‘ਚ ਸਭ ਤੋਂ ਜ਼ਿਆਦਾ ਦਿਲਚਸਪੀ ਦਿਖਾਈ ਗਈ ਹੈ।