GTA News Media

Top Info Bar
22.1°C Toronto Loading date...
Canada

LMIA ਰਾਹੀਂ ਧੜੱਲੇਦਾਰ ਲੁੱਟ: 1 ਪੰਜਾਬਣ ਦੀ ਜਾਗਦੀ ਜਮੀਰ ਬਾਰੇ

LMIA ਰਾਹੀਂ ਧੜੱਲੇਦਾਰ ਲੁੱਟ: 1 ਪੰਜਾਬਣ ਦੀ ਜਾਗਦੀ ਜਮੀਰ ਬਾਰੇ
Share this post via:

(ਸਤਪਾਲ ਸਿੰਘ ਜੌਹਲ)  ਵਿਦੇਸ਼ਾਂ ਤੋਂ ਕੈਨੇਡਾ ਵਿੱਚ ਪੈਰ ਲਗਾ ਕੇ ਕੁਰੱਪਸ਼ਨ ਕਰਨਾ (LMIA ਵੇਚਣਾ) ਪੂਰੀ ਤਰ੍ਹਾਂ ਬੇਸ਼ਰਮ ਅਤੇ ਮਰੀ ਹੋਈ ਜ਼ਮੀਰ ਦੀ ਨਿਸ਼ਾਨੀ ਹੈ। LMIA ਖਰੀਦਣ ਨੂੰ ਅੱਧਮਰੀ ਜ਼ਮੀਰ ਕਿਹਾ ਜਾ ਸਕਦਾ ਹੈ ਕਿਉਂਕਿ ਕੁਰੱਪਟ ਧੰਦਾਕਾਰੀਆਂ ਵਲੋਂ ਲੋੜਵੰਦਾਂ ਵਾਸਤੇ ਮੁਫਤ LMIA ਦੇ ਰਾਹ ਬੰਦ ਕਰਕੇ, ਮੂੰਹੋਂਮੰਗੇ ਮੁੱਲ ਵੱਟਣ ਦੀਆਂ ਸਕੀਮਾਂ ਦੱਸੀਆਂ ਜਾਂਦੀਆਂ ਰਹਿੰਦੀਆਂ ਹਨ।

ਮਜਬੂਰੀਆਂ ਦੇ ਬੇਲੋੜੇ ਰਾਗ ਅਲਾਪ ਕੇ ਕੈਨੇਡਾ ਵਿੱਚ LMIA ਦੀ ਕੁਰੱਪਸ਼ਨ (ਖਰੀਦ/ਵੇਚ) ਕਰਨ ਲਈ ਭਾਰਤੀ ਭਾਈਚਾਰਿਆਂ, ਅਤੇ ਖਾਸ ਕਰਕੇ ਪੰਜਾਬੀ ਭਾਈਚਾਰੇ ਦੇ ਲੋਕ ਆਪ ਬਦਨਾਮ ਹੋਏ ਅਤੇ ਆਪਣੇ ਭਾਈਚਾਰੇ ਨੂੰ ਸ਼ਰਮਸਾਰ ਕੀਤਾ। ਏਥੋਂ ਤੱਕ ਕਿ ਉਨ੍ਹਾਂ ਦੀ ਕੈਨੇਡੀਅਨ ਜੰਮਪਲ ਅਗਲੀਆਂ ਪੀੜ੍ਹੀਆਂ ਵੀ ਇਸ ਕੁਰੱਪਸ਼ਨ ਨੂੰ ‘ਮਾੜੀ ਗੱਲ’ ਨਹੀਂ ਮੰਨ ਰਹੇ/ਰਹੀਆਂ ਕਿਊਂਕਿ ਉਨ੍ਹਾਂ ਨੂੰ ਆਪਣੇ ਘਰਾਂ ਤੋਂ ਗੁੜ੍ਹਤੀਆਂ ਕੁਰੱਪਸ਼ਨ ਕਰਨ ਅਤੇ ਜਰਨ ਦੀਆਂ ਮਿਲ਼ੀਆਂ।

ਇਸ ਵਰਤਾਰੇ ਨਾਲ ਕੈਨੇਡਾ ਦਾ ਨੰਬਰ ਵੰਨ ਦੇਸ਼ ਬਣੇ ਰਹਿਣ ਉੱਪਰ ਸਵਾਲੀਆਂ ਨਿਸ਼ਾਨ ਹੋਰ ਵੱਡਾ ਹੋਇਆ। ਲੋੜਵੰਦ Newcomers ਦੀ ਲੁੱਟ ਬੰਦ ਕਰਾਉਣ ਲਈ ਕੈਨੇਡਾ ਸਰਕਾਰ ਨਾਲ਼ ਬੀਤੇ ਛੇ ਕੁ ਸਾਲਾਂ ਦੇ ਆਪਣੇ ਸੰਘਰਸ਼ ਦੌਰਾਨ ਮੈਨੂੰ ਬੜੀ ਇਕੱਲਤਾ ਮਹਿਸੂਸ ਹੁੰਦੀ ਰਹੀ। ਲੋਕਾਂ ਦਾ ਗੱਲਾਂ ਦੀਆਂ ਤਸੱਲੀਆਂ ਤੋਂ ਵੱਧ ਸਾਥ ਨਹੀਂ ਮਿਲਿਆ। ਸਿਰਫ MPs ਨੂੰ ਈਮੇਲ ਕਰਨ ਨੂੰ ਬੇਨਤੀਆਂ ਸਨ ਪਰ ਬਹੁਤ ਸਾਰੇ ਸੱਜਣ ਫੋਨ ਉਪਰ ਕਹਾਣੀਆਂ ਜਹੀਆਂ ਬਿਆਨ ਕਰੀ ਜਾਣ ਤੋਂ ਅੱਗੇ ਨਹੀਂ ਵਧੇ/ਵਧੀਆਂ। ਕੁਰੱਪਸ਼ਨ ਕਰਨਾ ਮਰੀ ਜ਼ਮੀਰ ਹੈ ਤਾਂ ਕੁਰੱਪਸ਼ਨ ਜਰਨਾ ਵੀ ਜਿਊਂਦੀ ਜ਼ਮੀਰ ਦੀ ਨਿਸ਼ਾਨੀ ਨਹੀਂ ਹੈ।

ਅੱਜ ਮੈਂ ਬੜੀ ਤਸੱਲੀ ਨਾਲ਼ ਕਹਿ ਸਕਦਾ ਹਾਂ ਕਿ ਬਰੈਂਪਟਨ ਵਿੱਚ ਇਕ ਸਥਾਪਿਤ ਪੰਜਾਬਣ ਬੀਬੀ ਡੱਟ ਕੇ ਅੱਗੇ ਆਈ ਹੈ ਜਿਸ ਨੇ ਕੈਨੇਡਾ ਨੂੰ ਕੈਨੇਡਾ ਬਣਾ ਕੇ ਰੱਖਣ ਦੇ ਹਿੱਤ `ਚ LMIA ਰਾਹੀਂ ਧੜੱਲੇਦਾਰ ਲੁੱਟ ਬਾਰੇ ਦੋ ਐੱਮ.ਪੀਆਂ. ਨੂੰ ਝਾੜਝੰਭ ਵਾਲੀ ਈਮੇਲ ਆਪਣੇ ਨਾਮ ਹੇਠ ਭੇਜੀ ਹੈ। ਬੀਬੀ ਨੇ ਆਪਣੀ ਦਲੇਰੀ/ਜੁਅਰਤ ਨਾਲ ਮਾਈ ਭਾਗੋ ਯਾਦ ਕਰਾਈ ਹੈ ਪਰ ਕਮਾਲ ਦੀ ਗੱਲ ਹੈ ਕਿ ਇਸ ਮਾਮਲੇ ਵਿੱਚ ਗੱਲੀਂਬੱਤੀਂ ਅਸਮਾਨ ਨੂੰ ਟਾਕੀਆਂ ਤੱਕ ਦੀਆਂ ਟ੍ਹਾਰਾਂ ਲਗਾਈ ਜਾਣ ਵਾਲੇ ਬਹੁਤ ਸਾਰੇ ਬੰਦੇ ਅਜੇ ਤੱਕ ਇਹ ਕੁਰੱਪਸ਼ਨ ਰੁਕਵਾਉਣ ਦਾ ਹੀਆ ਕਰਨ ਦਾ ਅਸਰਦਾਰ ਉਪਰਾਲਾ ਕਰਨਾ ਤਾਂ ਇਕ ਪਾਸੇ, ਉਹ ਕੁਰੱਪਸ਼ਨ ਜਰਨ ਦੇ ਇਸ਼ਾਰੇ ਦੇ ਰਹੇ ਹਨ।

ਕੁਰੱਪਸ਼ਨ ਦੀਆਂ ਕਹਾਣੀਆਂ ਸੁਣਾਈ ਜਾਣਾ ਵੀ ਅੱਧਮਰੀ ਜਮੀਰ ਹੈ ਕਿਉਂਕਿ ਇਕ/ਦੂਸਰੇ ਨੂੰ ਕਹਾਣੀਆਂ ਸੁਣਾ ਕੇ ਮਸਲਾ ਹੱਲ ਹੋਣ ਦਾ ਰਾਹ ਨਹੀਂ ਬਣਦਾ। ਚੇਤੇ ਰੱਖਿਓ, ਭਾਰਤ ਵਿੱਚੋਂ, ਪੰਜਾਬ ਵਿੱਚੋਂ ਸਾਡੇ ਉਜਾੜੇ ਦਾ ਸਭ ਤੋਂ ਵੱਡਾ ਕਾਰਨ ਕੁਰੱਪਸ਼ਨ ਕਰਨਾ ਅਤੇ ਕੁਰੱਪਸ਼ਨ ਜਰਨਾ ਹੈ ਜਿਸ ਕਰਕੇ ਕੈਨੇਡਾ ਵਿੱਚ ਪੈਰ ਲਗਾ ਕੇ ਹਰੇਕ ਮਾਈ-ਭਾਈ ਨੂੰ ਭੱਲ ਪਚਣੀ ਜਰੂਰੀ ਹੈ। ਜਿਊਂਦੇ ਹੋਏ ਭੁੱਲਣਾ ਨਾ ਕਿ ਆਖਿਰ ਵਾਲੇ ਦਿਨ, ਸਿਰਫ ਇਕ ਡੱਬਾ ਨਾਲ਼ ਸੜੇਗਾ ਅਤੇ ਕੁਰੱਪਸ਼ਨ ਨਾਲ ਕਮਾਈਆਂ ਲਾਹਨਤਾਂ ਜਾਂ ਲੋੜਵੰਦਾਂ ਦੀ ਮੁਫਤ ਸਹਾਇਤਾ ਕਰਕੇ ਬਣਾਈਆਂ ਇੱਜਤਾਂ ਜਿਊਂਦੀਆਂ ਰਹਿ ਜਾਣਗੀਆਂ।