ਸਟੈਟਿਸਟਿਕਸ ਕੈਨੇਡਾ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਕੈਨੇਡਾ ਦੀ ਮਹਿੰਗਾਈ ਦਰ ਜੂਨ ਮਹੀਨੇ ਘਟ ਕੇ 2.8 ਫ਼ੀਸਦੀ ਦਰਜ ਹੋਈ ਹੈ। ਪਿਛਲੇ ਦੋ ਸਾਲ ਤੋਂ ਵੱਧ ਦੇ ਸਮੇਂ ਵਿਚ ਇਹ ਮਹਿੰਗਾਈ ਦਰ ਦਾ ਸਭ ਤੋਂ ਹੇਠਲਾ ਪੱਧਰ ਹੈ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਇਸ ਗਿਰਾਵਟ ਦਾ ਸਭ ਤੋਂ ਵੱਡਾ ਕਾਰਨ ਪਿਛਲੇ ਸਾਲ ਇਸ ਸਮੇਂ ਦੀ ਤੁਲਨਾ ਵਿਚ ਗੈਸੋਲੀਨ ਦੀਆਂ ਕੀਮਤਾਂ ਵਿਚ ਆਈ ਕਮੀ ਹੈ। ਜੇ ਅੰਕੜਿਆਂ ਚੋਂ ਗੈਸੋਲੀਨ ਦੀਆਂ ਕੀਮਤਾਂ ਮਨਫ਼ੀ ਕਰ ਦਿੱਤੀਆਂ ਜਾਣ ਤਾਂ ਮਹਿੰਗਾਈ ਦਰ 4 % ਹੋ ਜਾਵੇਗੀ।
ਦੂਜੇ ਪਾਸੇ ਭੋਜਨ ਅਤੇ ਮੌਰਗੇਜ ਦੀਆਂ ਲਾਗਤਾਂ ਮਹਿੰਗਾਈ ਦਰ ਨੂੰ ਉੱਪਰ ਚੁੱਕ ਕੇ ਰੱਖਣ ਦੇ ਪ੍ਰਮੁੱਖ ਕਾਰਕ ਰਹੇ। ਸਟੋਰਾਂ ਤੋਂ ਖਰੀਦੇ ਗਏ ਭੋਜਨ ਦੀਆਂ ਕੀਮਤਾਂ ਪਿਛਲੇ ਸਾਲ ਦੇ ਮੁਕਾਬਲੇ 9 ਫ਼ੀਸਦੀ ਤੋਂ ਵੱਧ ਰਹੀਆਂ। ਪਿਛਲੇ ਇੱਕ ਸਾਲ ਦੀ ਤੁਲਨਾ ਵਿਚ ਜੂਨ ਦੌਰਾਨ ਮੌਰਗੇਜ ਵਿਆਜ ਦੀ ਲਾਗਤ 30 ਫ਼ੀਸਦੀ ਤੋਂ ਵਧੇਰੇ ਰਹੀ।
ਇਹ ਨਵੇਂ ਮਹਿੰਗਾਈ ਅੰਕੜੇ ਅਜਿਹੇ ਸਮੇਂ ਵਿਚ ਆਏ ਹਨ ਜਦੋਂ ਕੁਝ ਦਿਨ ਪਹਿਲਾਂ ਹੀ ਬੈਂਕ ਔਫ਼ ਕੈਨੇਡਾ ਨੇ ਬੈਂਚਮਾਰਕ ਵਿਆਜ ਦਰਾਂ ਵਿਚ ਵਾਧਾ ਕੀਤਾ ਸੀ। ਬੈਂਕ ਨੇ ਇਹ ਕਹਿ ਕੇ ਆਪਣੇ ਫੈਸਲੇ ਨੂੰ ਜਾਇਜ਼ ਠਹਿਰਾਇਆ ਕਿ ਮਹਿੰਗਾਈ ਨੂੰ ਆਪਣੇ 2 % ਦੇ ਟੀਚੇ ‘ਤੇ ਵਾਪਸ ਲਿਆਉਣ ਲਈ ਹੋਰ ਸਖ਼ਤੀ ਦੀ ਲੋੜ ਸੀ। ਪਿਛਲੇ ਸਾਲ ਜੂਨ ਵਿਚ ਮਹਿੰਗਾਈ ਦਰ ਰਿਕਾਰਡ 8.1 ਫ਼ੀਸਦੀ ‘ਤੇ ਪਹੁੰਚ ਗਈ ਸੀ, ਅਤੇ ਪਿਛਲੇ ਮਹੀਨੇ 3.4 ਫ਼ੀਸਦੀ ਸੀ।
(ਸੀਬੀਸੀ ਨਿਊਜ਼)