GTA News Media

Top Info Bar
22.1°C Toronto Loading date...
Canada

ਏਅਰਪੋਰਟਾਂ ‘ਤੇ ਉਡਾਣਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਏਅਰ ਟ੍ਰੈਫ਼ਿਕ ਕੰਟਰੋਲਰਾਂ ਦੀ ਘਾਟ

ਏਅਰਪੋਰਟਾਂ ‘ਤੇ ਉਡਾਣਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਏਅਰ ਟ੍ਰੈਫ਼ਿਕ ਕੰਟਰੋਲਰਾਂ ਦੀ ਘਾਟ
Share this post via:

ਕੈਨੇਡੀਅਨ ਏਅਰਪੋਰਟਾਂ ‘ਤੇ ਉਡਾਣਾਂ ਵਿਚ ਦੇਰੀ ਹੋਣ ਜਾਂ ਉਡਾਣਾਂ ਦੇ ਰੱਦ ਹੋਣ ਦਾ ਕਾਰਨ ਏਅਰ ਟ੍ਰੈਫ਼ਿਕ ਕੰਟਰੋਲਰਾਂ ਦੀ ਘਾਟ ਬਣ ਰਹੀ ਹੈ। ਏਅਰ ਟ੍ਰੈਫਿਕ ਕੰਟਰੋਲਰਾਂ ਦੀ ਨਿਗਰਾਨੀ ਕਰਨ ਵਾਲੀ ਕਾਰਪੋਰੇਸ਼ਨ, ਨੈਵ ਕੈਨੇਡਾ (NAV Canada) ‘ਤੇ ਸਟਾਫ਼ ਦੀ ਘਾਟ ਦੀ ਸਮੱਸਿਆ ਦਾ ਹੱਲ ਲੱਭਣ ਦਾ ਦਬਾਅ ਹੈ। ਨੈਵ ਕੈਨੇਡਾ ਦੀ ਵਾਈਸ ਪ੍ਰੈਜ਼ੀਡੈਂਟ ਅਤੇ ਚੀਫ਼ ਔਫ਼ ਓਪਰੇਸ਼ਨਜ਼, ਮੈਰੀ-ਪੀਅਰ ਬਰਮਨ ਨੇ ਸਵੀਕਾਰ ਕੀਤਾ ਕਿ ਗਰਮੀਆਂ ਦੌਰਾਨ ਪ੍ਰਭਾਵਿਤ ਹੋਈਆਂ ਕਈ ਉਡਾਣਾਂ ਏਅਰ ਟ੍ਰੈਫ਼ਿਕ ਕੰਟਰੋਲਰਾਂ ਦੀ ਘਾਟ ਨਾਲ ਸਬੰਧਤ ਸਨ। ਬ੍ਰਿਟਿਸ਼ ਕੋਲੰਬੀਆ ਵਿੱਚ ਏਅਰ ਟ੍ਰੈਫ਼ਿਕ ਕੰਟਰੋਲਰਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ 2021 ਤੋਂ ਸਟਾਫਿੰਗ ਦੀ ਘਾਟ ਬਾਰੇ ਆਗਾਹ ਕਰਦੀ ਰਹੀ ਹੈ।

ਨੈਵ ਕੈਨੇਡਾ ਹੁਣ 400 ਤੋਂ ਵੱਧ ਨਵੇਂ ਮੁਲਾਜ਼ਮਾਂ ਨੂੰ ਸਿਖਲਾਈ ਦੇ ਰਿਹਾ ਹੈ। ਹਾਲਾਂਕਿ ਜਨਤਕ ਤੌਰ ‘ਤੇ ਅਜਿਹਾ ਡਾਟਾ ਉਪਲਬਧ ਨਹੀਂ ਹੈ ਜੋ ਇਹ ਦੱਸਦਾ ਹੈ ਕਿ ਕਿਉਂ ਜਾਂ ਕਿੰਨੀਆਂ ਉਡਾਣਾਂ ਵਿੱਚ ਦੇਰੀ ਹੋਈ ਹੈ, ਪਰ ਕੈਨੇਡੀਅਨ ਏਅਰਪੋਰਟ ਕੌਂਸਲ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਏਅਰ ਟ੍ਰੈਫਿਕ ਕੰਟਰੋਲਰਾਂ ਦੀ ਘਾਟ ਕਾਰਨ ਹੋਣ ਵਾਲੀ ਦੇਰੀ ਦੀ ਗਿਣਤੀ ਧਿਆਨ ਦੇਣ ਯੋਗ ਹੈ। ਕੈਨੇਡਾ ਵਿਚ ਮਹਾਂਮਾਰੀ ਤੋਂ ਬਾਅਦ ਦੀ ਹਵਾਈ ਆਵਾਜਾਈ ਮੰਗ ਵਿਚ ਹੋਏ ਵਾਧੇ ਅਤੇ ਸਟਾਫ਼ ਦੀ ਕਮੀ ਕਾਰਨ ਕਈ ਚੁਣੌਤੀਆਂ ਰਹੀਆਂ ਹਨ, ਜਿਨ੍ਹਾਂ ਵਿਚੋਂ ਕੁਝ ਹੱਦ ਤੱਕ ਸਮੱਸਿਆਵਾਂ ਮਹਾਂਮਾਰੀ ਦੌਰਾਨ ਹੋਈ ਛਾਂਟੀ ਨਾਲ ਵੀ ਸਬੰਧਤ ਹਨ। 2020 ਵਿੱਚ ਨੈਵ ਕੈਨੇਡਾ ਨੇ 720 ਤੋਂ ਵੱਧ ਨੌਕਰੀਆਂ ਵਿੱਚ ਕਟੌਤੀ ਕਰਨ ਦਾ ਐਲਾਨ ਕੀਤਾ ਸੀ, ਜੋ ਕਿ ਇਸਦੇ ਮੁਲਾਜ਼ਮਾਂ ਦੇ ਲਗਭਗ 14 ਪ੍ਰਤੀਸ਼ਤ ਨੂੰ ਦਰਸਾਉਂਦਾ ਹੈ।

ਸੰਸਥਾ ਨੇ ਮਹਾਂਮਾਰੀ ਦੌਰਾਨ ਆਪਣਾ ਸਿਖਲਾਈ ਪ੍ਰੋਗਰਾਮ ਵੀ ਬੰਦ ਕਰ ਦਿੱਤਾ ਸੀ। ਬਰਮਨ ਨੇ ਕਿਹਾ ਕਿ ਮਹਾਂਮਾਰੀ ਦੌਰਾਨ ਕਈ ਮੁਸ਼ਕਿਲ ਫ਼ੈਸਲੇ ਲੈਣੇ ਪਏ ਸਨ। ਉਨ੍ਹਾਂ ਕਿਹਾ  ਕਿ ਅਸਲੀਅਤ ਇਹ ਹੈ ਕਿ ਉਸ ਸਮੇਂ ਹਵਾਈ ਆਵਾਜਾਈ ਤਕਰੀਬਨ ਠੱਪ ਹੋ ਗਈ ਸੀ। ਉਨ੍ਹਾਂ ਕਿਹਾ ਕਿ ਸਿਖਲਾਈ ਪ੍ਰੋਗਰਾਮ ਨੂੰ ਰੱਦ ਕਰਨਾ ਸੁਰੱਖਿਆ ਦਾ ਮਾਮਲਾ ਸੀ, ਕਿਉਂਕਿ ਉਸ ਸਮੇਂ ਸਰੀਰਕ ਦੂਰੀ ਬਣਾਉਣ ਬਾਬਤ ਸਖ਼ਤ ਨਿਯਮ ਸਨ। ਕੈਨੇਡਾ ਹੀ ਅਜਿਹਾ ਦੇਸ਼ ਨਹੀਂ ਹੈ ਜੋ ਏਅਰ ਟ੍ਰੈਫਿਕ ਕੰਟਰੋਲਰਾਂ ਦੀ ਕਮੀ ਨਾਲ ਨਜਿੱਠ ਰਿਹਾ ਹੈ। ਅਮਰੀਕਾ ਵਿੱਚ ਵੀ ਇਸੇ ਤਰ੍ਹਾਂ ਦੇ ਮੁੱਦੇ ਸਾਹਮਣੇ ਆਏ ਹਨ।

(ਸੀਬੀਸੀ ਨਿਊਜ਼)