UK ਵਿਚ 28 ਸਾਲਾ ਕੈਨੇਡੀਅਨ ਵਿਅਕਤੀ ‘ਤੇ ਲੱਗੇ ਅੱਤਵਾਦ ਦੇ ਦੋਸ਼
ਯੂਕੇ ਵਿਚ ਇੱਕ 28 ਸਾਲਾ ਕੈਨੇਡੀਅਨ ਵਿਅਕਤੀ ‘ਤੇ ਅੱਤਵਾਦ ਦੇ ਦੋਸ਼ ਆਇਦ ਕੀਤੇ ਗਏ ਹਨ, ਜਿਸਨੂੰ ਪਿਛਲੇ ਹਫ਼ਤੇ ਹੀਥਰੋਅ ਏਅਰਪੋਰਟ ਤੋਂ ਗ੍ਰਫ਼ਿਤਾਰ ਕੀਤਾ ਗਿਆ ਸੀ। ਕ੍ਰਾਊਨ ਪ੍ਰੌਸੀਕਿਊਸ਼ਨ ਸਵਰਿਸ (CPS) ਦੀ ਅੱਤਵਾਦ ਰੋਕੂ ਇਕਾਈ ਦੇ ਚੀਫ਼, ਨਿਕ ਪ੍ਰਾਈਸ ਨੇ ਕਿਹਾ ਕਿ CPS ਨੇ ਅੰਜਮ ਚੌਧਰੀ ਅਤੇ ਖ਼ਾਲਿਦ ਹੁਸੈਨ ਉੱਪਰ ਅੱਤਵਾਦੀ ਕਾਨੂੰਨ ਦੇ ਤਹਿਤ ਦੋਸ਼ ਮੰਜ਼ੂਰ ਕਰ ਦਿੱਤੇ ਹਨ।
ਇੱਕ ਬਿਆਨ ਵਿਚ ਸਕੌਟਲੈਂਡ ਯਾਰਡ ਨੇ ਦੱਸਿਆ ਕਿ 28 ਸਾਲ ਦਾ ਖ਼ਾਲਿਦ ਹੁਸੈਨ ਐਡਮੰਟਨ ਦਾ ਰਹਿਣ ਵਾਲਾ ਹੈ ਅਤੇ 56 ਸਾਲ ਦਾ ਅੰਜਮ ਚੌਧਰੀ ਇੱਕ ਬ੍ਰਿਟਿਸ਼ ਨਾਗਰਿਕ ਹੈ ਅਤੇ ਉਹ ਪੱਛਮੀ ਲੰਡਨ ਦਾ ਰਹਿਣ ਵਾਲਾ ਹੈ। ਜਾਣਕਾਰੀ ਮਤਾਬਿਕ, ਚੌਧਰੀ ਇੱਕ ਜਾਣਿਆ-ਪਛਾਣਿਆ ਕੱਟੜਪੰਥੀ ਇਸਲਾਮੀ ਪ੍ਰਚਾਰਕ ਹੈ ਜਿਸ ਨੂੰ ਪਹਿਲਾਂ ISIS ਦੀ ਸਹਾਇਤਾ ਕਰਨ ਦਾ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ।
ਖ਼ਾਲਿਦ ‘ਤੇ ਪਾਬੰਦੀਸ਼ੁਦਾ ਸੰਗਠਨ ਦਾ ਮੈਂਬਰ ਹੋਣ ਦਾ ਦੋਸ਼ ਲਗਾਇਆ ਗਿਆ ਹੈ। ਚੌਧਰੀ ਉੱਪਰ ਪਾਬੰਦੀਸ਼ੁਦਾ ਸੰਗਠਨ ਦਾ ਮੈਂਬਰ ਹੋਣ, ਪਾਬੰਦੀਸ਼ੁਦਾ ਸੰਗਠਨ ਲਈ ਸਮਰਥਨ ਨੂੰ ਉਤਸ਼ਾਹਿਤ ਕਰਨ ਲਈ ਮੀਟਿੰਗਾਂ ਕਰਨ ਅਤੇ ਇੱਕ ਅੱਤਵਾਦੀ ਸੰਗਠਨ ਨੂੰ ਨਿਰਦੇਸ਼ਤ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ।
ਦੋਵੇਂ ਵਿਅਕਤੀ ਸੋਮਵਾਰ ਨੂੰ ਲੰਡਨ ਦੀ ਵੈਸਟਮਿੰਸਟਰ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਹੋਏ। ਅਦਾਲਤ ਨੇ ਸੁਣਿਆ ਕਿ ਹੁਸੈਨ ਦੋ ਸਾਲਾਂ ਤੋਂ ਅਲ-ਮੁਹਾਜੀਰੂਨ ਦਾ ਮੈਂਬਰ ਹੈ ਅਤੇ ਚੌਧਰੀ ਦੇ ਨਜ਼ਦੀਕੀ ਸੰਪਰਕ ਵਿੱਚ ਸੀ। ਦੋਵਾਂ ਵਿਅਕਤੀਆਂ ਦੀ ਅਗਲੀ ਪੇਸ਼ੀ 4 ਅਗਸਤ ਨੂੰ ਹੋਣੀ ਹੈ, ਅਤੇ ਉਦੋਂ ਤੱਕ ਉਨ੍ਹਾਂ ਨੂੰ ਹਿਰਾਸਤ ਵਿੱਚ ਭੇਜਿਆ ਜਾਣਾ ਹੈ।
ਮੈਟਰੋਪੌਲੀਟਨ ਪੁਲਿਸ ਅਨੁਸਾਰ, ਇਸਲਾਮਿਕ ਥਿੰਕਰਜ਼ ਸੁਸਾਇਟੀ ਦੀ ਮੈਂਬਰਸ਼ਿਪ ਦੀ ਜਾਂਚ ਕਰ ਰਹੇ ਅੱਤਵਾਦ ਰੋਕੂ ਅਧਿਕਾਰੀਆਂ ਨੇ 17 ਜੁਲਾਈ ਨੂੰ ਖ਼ਾਲਿਦ ਹੁਸੈਨ ਨੂੰ ਲੰਡਨ ਪਹੁੰਚਣ ‘ਤੇ ਹੀਥਰੋ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਸੀ। ਉਸੇ ਦਿਨ ਅੰਜਮ ਚੌਧਰੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।
ਯੂਕੇ ਦੀ ਇੱਕ ਸਰਕਾਰੀ ਵੈਬਸਾਈਟ ਦੇ ਅਨੁਸਾਰ, ਬ੍ਰਿਟੇਨ ਦੇ ਗ੍ਰਹਿ ਸਕੱਤਰ ਕਿਸੇ ਸੰਗਠਨ ਨੂੰ ਉਦੋਂ ‘ਪਾਬੰਦੀਸ਼ੁਦਾ’ ਬਣਾਉਂਦੇ ਹਨ ਜੇ ਉਨ੍ਹਾਂ ਦਾ ਮੰਨਣਾ ਹੋਵੇ ਕਿ ਉਹ ਸੰਗਠਨ ਅੱਤਵਾਦ ਦੀਆਂ ਕਾਰਵਾਈਆਂ ਵਿੱਚ ਹਿੱਸਾ ਲੈਂਦਾ ਹੈ, ਜਾਂ ਅੱਤਵਾਦ ਦੀ ਤਿਆਰੀ ਕਰਦਾ ਹੈ, ਜਾਂ ਅੱਤਵਾਦ ਨੂੰ ਉਤਸ਼ਾਹਿਤ ਕਰਦਾ ਹੈ।
ਯੂਕੇ ਦੇ ਅੱਤਵਾਦ ਕਾਨੂੰਨ 2000 ਦੇ ਸੈਕਸ਼ਨ 11 ਅਤੇ 12 ਦੇ ਤਹਿਤ ਆਉਣ ਵਾਲੇ ਅਪਰਾਧ ਲਈ ਦੋਸ਼ੀ ਪਾਏ ਜਾਣ ‘ਤੇ 14 ਸਾਲ ਦੀ ਕੈਦ, ਜਾਂ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਸੈਕਸ਼ਨ 56 ਦੇ ਤਹਿਤ ਦੋਸ਼ੀ ਪਾਏ ਜਾਣ ‘ਤੇ ਉਮਰ ਕੈਦ ਹੋ ਸਕਦੀ ਹੈ।
ਅੰਜਮ ਚੌਧਰੀ ਨੂੰ ਬ੍ਰਿਟੇਨ ਦੇ ਸਭ ਤੋਂ ਮਸ਼ਹੂਰ ਕੱਟੜਪੰਥੀ ਇਸਲਾਮੀ ਪ੍ਰਚਾਰਕਾਂ ਵਿੱਚੋਂ ਇੱਕ ਵਜੋਂ ਜਾਣਿਆ ਜਾਂਦਾ ਹੈ। ਕਈ ਸਾਲਾਂ ਤੋਂ, ਉਹ ਅਲ-ਮੁਹਾਜੀਰੂਨ, ਇਸਲਾਮ 4ਯੂਕੇ ਅਤੇ ਮੁਸਲਿਮ ਅਗੇਂਸਟ ਕਰੂਸੇਡਜ਼ ਵਰਗੇ ਸਮੂਹਾਂ ਦੀ ਅਗਵਾਈ ਕਰਦਾ ਰਿਹਾ ਹੈ। 2016 ਵਿੱਚ ਉਸਨੂੰ ISIS ਨੂੰ ਸਮਰਥਨ ਦੇਣ ਲਈ 5½ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਸੀਬੀਸੀ ਨਿਊਜ਼