-(ਸਤਪਾਲ ਸਿੰਘ ਜੌਹਲ)- ਅੱਜ 2023 ਦਾ 207ਵਾਂ ਦਿਨ, 26 ਜੁਲਾਈ ਹੈ।
-ਬਰੈਂਪਟਨ ਅਤੇ ਨੇੜੇ ਸ਼ਹਿਰਾਂ ਵਿੱਚ ਅਗਲੇ 3 ਦਿਨ ਹੁੰਮ ਕਾਰਨ ਚੁੱਭਵੀਂ ਗਰਮੀ ਮਹਿਸੂਸ ਹੋਣ ਦੀ ਸੰਭਾਵਨਾ ਹੈ। ਮਾਹਿਰਾਂ ਵਲੋਂ ਲੋਕਾਂ ਨੂੰ ਬਿਨਾ ਵਜ੍ਹਾ ਘਰੋਂ ਬਾਹਰ ਨਾ ਜਾਣ ਅਤੇ ਪਾਣੀ (ਸਾਦਾ/ਫੋਕਾ) ਪੀਂਦੇ ਰਹਿਣ ਦੀ ਸਲਾਹ ਦਿੱਤੀ ਗਈ ਹੈ।
-ਪੰਜਾਬੀਆਂ ਦੇ ਚਹੇਤੇ, ਉੱਘੇ ਗਾਇਕ ਸੁਰਿੰਦਰਪਾਲ ਸਿੰਘ ਧਾਮੀ ਉਰਫ ਸੁਰਿੰਦਰ ਸ਼ਿੰਦਾ ਦਾ ਅੱਜ ਲੁਧਿਆਣਾ ਵਿੱਚ ਦਿਹਾਂਤ ਹੋਣ ਦੀ ਖਬਰ ਹੈ। ਵਾਹਿਗੁਰੂ ਜੀ ਕਿਰਪਾ ਕਰਨ।
-ਬਰੈਂਪਟਨ ਵਾਸੀ ਡਰਾਈਵਰ (21) ਨੂੰ ਕੈਨੇਡਾ ਦੀ ਇਸ ਕਦਰ ਭੱਲ ਨਾ ਪਚਣ ਦੀ ਖਬਰ ਹੈ ਕਿ ਮਾਲਟਨ ਵਿੱਚ ਬੀਤੇ ਕੱਲ੍ਹ ਪੁਲਿਸ ਦੇ ਸਾਹਮਣੇ ਹੀ ਗੱਡੀ ਦੀਆਂ ਚੀਕਾਂ ਕਢਵਾਉਣ ਦੀ ਚਮਲ੍ਹਾਟ ਤੋਂ ਬਾਜ ਨਾ ਆਇਆ ਜਿਸ ਕਰਕੇ ਉਸ ਨੂੰ ਸਟੰਟ ਡਰਾੲਵਿੰਗ ਲਈ ਚਾਰਜ ਕੀਤਾ ਗਿਆ ਹੈ, ਗੱਡੀ ਜਬਤ ਤੇ ਲਾਈਸੈਂਸ ਸਸਪੈਂਡ ਕੀਤਾ ਗਿਆ ਹੈ।
-ਟਰਾਂਟੋ ਵਿੱਚ ਬੀਤੀ ਰਾਤ ਇਕ ਸ਼ੱਕੀ ਮੁੰਡੇ ਨੇ ਪੁਲਿਸ ਦੇ ਕੁੱਤੇ ਨੂੰ ਗੋਲੀਆਂ ਚਲਾ ਕੇ ਕਤਲ ਕੀਤਾ ਤਾਂ ਪੁਲਿਸ ਨੇ ਸ਼ੱਕੀ ਨੂੰ ਗੋਲੀ ਨਾਲ ਫੱਟੜ ਕਰਕੇ ਮਸਾਂ ਕਾਬੂ ਕੀਤਾ।
-ਸੰਕਟ ਵਿੱਚ ਘਿਰੀ ਕੈਨੇਡਾ ਦੀ ਟਰੂਡੋ ਕੈਬਨਿਟ ਵਿੱਚ ਓਟਾਵਾ ਵਿਖੇ ਅੱਜ ਵੱਡੇ ਫੇਰਬਦਲ ਦਾ ਐਲਾਨ ਸੰਭਵ ਹੈ। ਅੱਧੀ ਦਰਜਣ ਤੋਂ ਵੱਧ ਮੰਤਰੀ ਜਵਾਬ ਦੇ ਚੁੱਕੇ ਹਨ।
-ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਕੈਬਨਿਟ ਅੱਜ ਇਕ ਵਾਰੀ ਫਿਰ ਰਸਮੀ ਤੌਰ `ਤੇ ਬਦਲ ਜਾਵੇਗੀ ਪਰ ਇਸ ਨਾਲ਼ ਆਮ ਲੋਕਾਂ ਨੂੰ ਮਹਿੰਗਾਈਆਂ ਅਤੇ ਅਪਰਾਧੀਆਂ ਦੀ ਬੱਲ ਬੱਲੇ ਦੀਆਂ ਚੱਕੀਆਂ ਵਿੱਚ ਪਿਸਣ ਤੋਂ ਰਾਹਤ ਮਿਲ਼ਣ ਦੀ ਅਜੇ ਸੰਭਾਵਨਾ ਨਹੀਂ ਹੈ।
-ਕੈਨੇਡਾ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ LMIA ਫਰਾਡ (ਵਿਦੇਸ਼ੀ ਵਰਕਰਾਂ ਦੀ ਲੁਕਵੀਂ ਲੁੱਟ) ਬਾਰੇ ਦੇਸ਼ ਦੇ ਪਾਰਲੀਮੈਂਟ ਮੈਂਬਰਾਂ ਦੀ ਭੇਦਭਰੀ ਚੁੱਪ ਦੀ ਚਰਚਾ ਜਾਰੀ ਹੈ।
-ਕੈਨੇਡਾ ਵਿੱਚ ਸਤੰਬਰ ਤੋਂ ਸ਼ੁਰੂ ਹੋਣ ਵਾਲੇ ਸਮੈਸਟਰਾਂ ਲਈ ਵਿਦੇਸ਼ਾਂ ਤੋਂ ਸਟੱਡੀ ਪਰਮਿਟ ਨਾਲ਼ ਨੌਜਵਾਨਾਂ ਦੀ ਆਮਦ ਵਧਣ ਦੀਆਂ ਖਬਰਾਂ ਹਨ।
-ਵੈਨਕੋਵਰ ਅਤੇ ਟੋਰਾਂਟੋ ਵਿਖੇ ਹਵਾਈ ਅੱਡਿਆਂ ਅੰਦਰ ਭਾਰਤ ਅਤੇ ਕੁਝ ਹੋਰ ਦੇਸ਼ਾਂ ਤੋਂ ਆ ਰਹੇ ਜਹਾਜਾਂ ਵਿੱਚੋਂ ਰਫਿਊਜੀ ਅਪਲਾਈ ਕਰਨ ਵਾਲੇ ਲੋਕਾਂ ਦਾ ਆਉਣਾ ਵੀ ਤੇਜ ਹੋਣ ਬਾਰੇ ਪਤਾ ਲੱਗ ਰਿਹਾ ਹੈ।
-ਭਾਰਤ ਤੋਂ ਕੈਨੇਡੀਅਨ ਸੁਪਰ ਵੀਜਾ ਦੀ ਅਰਜੀ ਦੇ ਨਿਪਟਾਰੇ ਨੂੰ ਇਨੀਂ ਦਿਨੀਂ ਲੱਗਭੱਗ ਦੋ ਮਹੀਨੇ ਲੱਗ ਰਹੇ ਹਨ।
-ਮਿਸੀਸਾਗਾ ਵਿੱਚ ਬੀਤੀ 9 ਜੁਲਾਈ ਨੂੰ (ਅੱਧੀ ਰਾਤ ਮਗਰੋਂ) ਕਾਰ ਖੋਹਣ ਸਮੇਂ ਕੁੱਟ ਕੇ ਕਤਲ ਕਰ ਦਿੱਤੇ ਗਏ ਗੁਰਵਿੰਦਰ ਨਾਥ (21) ਦਾ ਬਰੈਂਪਟਨ ਕ੍ਰਿਮਟੋਰੀਅਮ ਵਿੱਚ ਦਿਖਾਲਾ ਅੱਜ 5 ਤੋਂ 7 ਵਜੇ ਤੱਕ ਹੈ। ਸਟੱਡੀ ਪਰਮਿਟ ਲੈ ਕੇ 27 ਜੁਲਾਈ 2021 ਨੂੰ ਕੈਨੇਡਾ ਪੁੱਜੇ ਗੁਰਵਿੰਦਰ ਦੀ ਲਾਸ਼ ਕੱਲ੍ਹ ਨੂੰ ਭਾਰਤ ਰਵਾਨਾ ਕੀਤੀ ਜਾਵੇਗੀ।
-ਬਰੈਂਪਟਨ, ਮਿਸੀਸਾਗਾ ਅਤੇ ਕੈਲੇਡਨ ਵਿੱਚ ਸਕੂਲ 5 ਸਤੰਬਰ ਨੂੰ ਖੁਲ੍ਹਣਗੇ ਪਰ ਛੁੱਟੀਆਂ ਦੌਰਾਨ ਵੀ ਮਾਪਿਆਂ ਨੂੰ ਘਰਾਂ ਵਿੱਚ ਬੱਚਿਆਂ ਦੇ ਫੋਨ, ਇੰਟਰਨੈਟ, ਅਤੇ ਸੋਸ਼ਲ ਮੀਡੀਆ (ਚੈਟਾਂ) ਉਪਰ (ਬੈਡੱਰੂਮਾਂ ਵਿੱਚ ਵੀ) ਲਗਾਤਾਰ ਤਿਰਛੀ ਨਜ਼ਰ ਬਣਾ ਕੇ ਰੱਖਣ ਦੀ ਲੋੜ ਹੈ, ਨਹੀਂ ਤਾਂ ਦੁੱਖਾਂ ਦੇ ਪਹਾੜ ਟੁੱਟਣ ਸਮੇਂ ਪਛਤਾਵਾ ਪੱਲੇ ਪਵੇਗਾ। (ਸਤਪਾਲ ਸਿੰਘ ਜੌਹਲ)
-8ਵੀਂ ਵਿਸ਼ਵ ਪੰਜਾਬੀ ਕਾਨਫਰੰਸ ਬਰੈਂਪਟਨ ਵਿੱਚ 29 ਅਤੇ 30 ਜੁਲਾਈ ਨੂੰ ਸੈਂਚੂਰੀ ਗਾਰਡਨ ਰੀਕ੍ਰਏਸ਼ਨ ਸੈਂਟਰ ਵਿੱਚ ਹੋਣੀ ਹੈ। ਇਸ ਬਾਰੇ ਜਾਣਕਾਰੀ ਲਈ ਚਮਕੌਰ ਸਿੰਘ ਮਾਛੀਕੇ 416 880 8525 ਨੰਬਰ `ਤੇ ਸੰਪਰਕ ਕੀਤਾ ਜਾ ਸਕਦਾ ਹੈ।