ਅਮਰੀਕਾ ਵਿੱਚ ਭਾਰਤੀ ਵਿਦਿਆਰਥਣ ਬੇਹੱਦ ਤਰਸਯੋਗ ਹਾਲਤ ‘ਚ ਸ਼ਿਕਾਗੋ ਦੀਆਂ ਸੜਕਾਂ ਤੇ ਮਿਲੀ ਹੈ। ਭੁੱਖ ਨਾਲ ਵਿਲਕਦੀ ਹੈਦਰਾਬਾਦ ਦੀ ਸਈਦਾ ਜ਼ੈਦੀ ਦਾ ਸਾਰਾ ਸਮਾਨ ਚੋਰੀ ਹੋ ਚੁੱਕਾ ਹੈ ਅਤੇ ਉਹ ਦਰ- ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ। ਸਈਦਾ ਜ਼ੈਦੀ ਦੀ ਮਾਂ ਨੇ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਪੱਤਰ ਲਿਖ ਕੇ ਮਦਦ ਦੀ ਮੰਗ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਸਈਦਾ ਜ਼ੈਦੀ ਡੈਟਰਾਇਟ ਦੀ ਟਰਾਇਨ ਯੂਨੀਵਰਸਿਟੀ ‘ਚ ਐਮ.ਐਸ. ਦੀ ਪੜਾਈ ਕਰਨ ਪੁੱਜੀ ਸੀ, ਪਰ ਹਾਲਾਤ ਕਿ ਕਿਵੇਂ ਅਤੇ ਕਿਉਂ ਵਿਗੜੇ ਇਸ ਬਾਰੇ ਪਤਾ ਨਹੀਂ ਲੱਗ ਸਕਿਆ।
ਟਵਿਟਰ ‘ਤੇ ਜਾਰੀ ਇੱਕ ਵੀਡੀਓ ਵਿੱਚ ਭਾਰਤੀ ਵਿਦਿਆਰਥਣ ਆਪਣੇ ਆਪ ਨੂੰ ਹੈਦਰਾਬਾਦ ਨਾਲ ਸਬੰਧਤ ਦੱਸ ਰਹੀ ਹੈ। ਉਹ ਕਹਿੰਦੀ ਹੈ ਕਿ ਇਲਾਜ ਲਈ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਟੈਸਟਾਂ ਲਈ ਖੂਨ ਦੇ ਨਮੂਨੇ ਲਏ ਜਾਣ ਕਾਰਨ ਉਹ ਕਮਜ਼ੋਰ ਮਹਿਸੂਸ ਕਰ ਰਹੀ ਹੈ। ਵੀਡੀਓ ਵਿਚ ਇਕ ਸ਼ਖਸ ਉਸ ਨੂੰ ਖਾਣਾ ਮੁਹੱਈਆ ਕਰਵਾਉਣ ਅਤੇ ਭਾਰਤ ਵਾਪਸੀ ਕਰਨ ਵਿੱਚ ਮਦਦ ਦਾ ਭਰੋਸਾ ਦਿੰਦਾ ਹੈ। ਇੰਟਰਨੈੱਟ ‘ਤੇ ਵਾਇਰਲ ਵੀਡੀਓ ਦੇਖ ਕੇ ਲੋਕ ਹੱਕੇ ਬੱਕੇ ਰਹਿ ਗਏ ਅਤੇ ਸਈਦਾ ਨੂੰ ਤੁਰੰਤ ਭਾਰਤ ਲਿਆਉਣ ਦੇ ਪ੍ਰਬੰਧ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ।