(ਸਤਪਾਲ ਸਿੰਘ ਜੌਹਲ)-ਕੈਨੇਡਾ ਵਿੱਚ ਪਹੁੰਚਣ ਦੀ ਤਾਂਘ ਭਾਵੇਂ ਦੁਨੀਆਂ ਭਰ ਦੇ ਲੋਕਾਂ ਦੇ ਮਨਾਂ ਵਿੱਚ ਹੈ ਪਰ ਓਥੇ ਪਹੁੰਚ ਕੇ ਕਈ ਵਿਅਕਤੀਆਂ ਦੇ ਅਕਸਰ ਜੁਰਮਾਂ ਵਿੱਚ ਗਲਤਾਨ ਹੋਣ ਦੀਆਂ ਖਬਰਾਂ ਦੀ ਸਿਆਹੀ ਸਾਰਾ ਸਾਲ ਨਹੀਂ ਸੁੱਕਦੀ। ਇਹ ਵੀ ਕਿ ਦੇਸ਼ ਭਰ ਵਿੱਚ ਅਦਾਲਤੀ ਕੇਸਾਂ ਵਿੱਚ ਘਿਰ ਕੇ ਅਤੇ ਜੇਲ੍ਹਾਂ ਵਿੱਚ ਬੰਦ ਹੋਣ ਵਾਲੇ ਲੋਕਾਂ ਵਿੱਚ ਭਾਰਤੀ ਮੂਲ ਅਤੇ ਖਾਸ ਕਰਕੇ ਪੰਜਾਬੀ ਮੂਲ ਦੇ ਦੋਸ਼ੀਆਂ ਅਤੇ ਦੋਸ਼ਣਾਂ ਦੇ ਨਾਵਾਂ ਦੀ ਚਰਚਾ ਰਹਿੰਦੀ ਹੈ। ਲੋਕਾਂ ਅਤੇ ਕਾਰੋਬਾਰਾਂ ਤੋਂ ਗੱਡੀਆਂ ਚੋਰੀ ਕਰਨ ਦੇ ਕੇਸਾਂ ਵਿੱਚ ਹੀ ਇਸ ਸਾਲ ਦੌਰਾਨ ਹੁਣ ਤੱਕ 50 ਦੇ ਕਰੀਬ ਪੰਜਾਬੀ ਗ੍ਰਿਫਤਾਰ ਹੋਏ/ਹੋਈਆਂ ਹਨ। ਇਹ ਵੀ ਕਿ ਡੂੰਘਾਈ ਵਿੱਚ ਮੁਲਾਂਕਣ ਕਰਨ ਤੋਂ ਕੋਈ ਖੇਤਰ ਅਜਿਹਾ ਨਜ਼ਰ ਨਹੀਂ ਪੈਂਦਾ ਜਿਸ ਵਿੱਚ ਕੈਨੇਡਾ ਵਿਖੇ ਆਪਣਾ ਭਵਿੱਖ ਸਿਰਜਣ ਦਾ ਮੌਕਾ ਮਿਲਣ ਤੋਂ ਬਾਅਦ ਅਪਰਾਧਿਕ ਦੋਸ਼ਾਂ ਦੀਆਂ ਕਾਰਵਾਈਆਂ ਅਤੇ ਕਚਿਹਰੀਆਂ ਵਿੱਚ ਤਰੀਕਾਂ ਭੁਗਤਣ ਲਈ ਸਾਡੇ ਲੋਕਾਂ ਦੀਆਂ (ਸਾਰਾ ਸਾਲ) ਰੌਣਕਾਂ ਨਾ ਲੱਗੀਆਂ ਹੋਈਆਂ ਹੋਣ। 2023 ਦੇ ਅੱਜ ਤੱਕ ਬੀਤੇ 229 ਦਿਨਾਂ ਦੌਰਾਨ ਟੋਰਾਂਟੋ ਇਲਾਕੇ ਵਿੱਚ ਹੀ ਗ੍ਰਿਫਤਾਰ ਅਤੇ ਚਾਰਜ ਹੋ ਚੁੱਕੇ ਪੰਜਾਬੀਆਂ ਅਤੇ ਪੰਜਾਬਣਾਂ ਦਾ ਅੰਕੜਾ 150 ਨੂੰ ਪਾਰ ਕਰ ਚੁੱਕਾ ਹੈ। ਬੀਤੇ ਇਕ ਹਫਤੇ ਦੌਰਾਨ 7 ਗ੍ਰਿਫਤਾਰੀਆਂ ਹੋਈਆਂ ਜਿਨ੍ਹਾਂ ਵਿੱਚ ਮਹਿੰਗੀਆਂ ਕਾਰਾਂ ਚੋਰੀ ਕਰਨ ਵਾਲੇ ਪੰਜਾਬੀਆਂ ਦਾ ਇਕ (ਹੋਰ) ਗਰੋਹ ਸ਼ਾਮਿਲ ਹੈ। ਬੀਤੇ ਕੱਲ੍ਹ ਮਿਲੀ ਜਾਣਕਾਰੀ ਅਨੁਸਾਰ ਯੌਰਕ ਪੁਲਿਸ ਵਲੋਂ 30 ਲੱਖ ਡਾਲਰਾਂ ਦੇ ਮੁੱਲ ਦੀਆਂ ਗੱਡੀਆਂ ਜ਼ਬਤ ਕਰਕੇ 83 ਮਾਮਲਿਆਂ ਤਹਿਤ ਰਨਵੀਰ ਸਫੀ, ਕੁਲਜੀਤ ਸਿੰਘ ਸਿਵੀਆ, ਤੇ ਜਸਮਨ ਪੰਨੂੰ ਨੂੰ ਫੜਿਆ ਗਿਆ ਹੈ ਜਿਨ੍ਹਾਂ ਦੀਆਂ ਉਮਰਾਂ 21 ਤੋਂ 24 ਸਾਲ ਹੈ। ਇਸ ਤੋਂ ਪਹਿਲਾਂ ਵੀ (ਬੀਤੇ ਅਪ੍ਰੈਲ ਮਹੀਨੇ ਵਿੱਚ) ਇਸੇ ਪੁਲਿਸ ਦੇ ਅਧਿਕਾਰੀਆਂ ਨੇ ਕਾਰਾਂ ਚੋਰੀ ਕਰਨ ਵਾਲੇ 119 ਸ਼ੱਕੀ ਫੜੇ ਸਨ ਜਿਨ੍ਹਾਂ ਵਿੱਚ 36 ਪੰਜਾਬੀ ਹਨ ਅਤੇ ਉਸ ਗਰੋਹ ਤੋਂ 556 ਗੱਡੀਆਂ ਫੜ ਹੋਈਆਂ ਸਨ। ਹੁਣ ਇਕ ਵੱਖਰੇ ਪਰ ਅਜੀਬ ਕੇਸ ਵਿੱਚ ਟੋਰਾਂਟੋ ਤੋਂ ਪੱਛਮ ਵੱਲ੍ਹ ਸਥਿਤ ਪਿਕਰਿੰਗ ਕੈਸੀਨੋ ਰਿਜ੍ਰੋਟ ਦਾ ਕਰਿੰਦਾ (ਡੀਲਰ) ਸੰਦੀਪ ਸੋਗੀ (28) ਗ੍ਰਿਫਤਾਰ ਕੀਤਾ ਗਿਆ ਹੈ ਜਿਸ ਖਿਲਾਫ ਆਪਣੇ ਸਾਥੀਆਂ ਨੂੰ ਮਿਲੀਭੁਗਤ ਨਾਲ਼ ਕੈਸੀਨੋ ਦੀਆਂ ਰਕਮਾਂ ਜਿਤਾਉਣ ਦੇ ਦੋਸ਼ ਹਨ। ਉਸ ਦੇ ਸਾਥੀ ਦੋਸ਼ੀਆਂ ਵਜੋਂ ਸੁਖਵੀਰ ਸਿੰਘ, ਦੀਪਕ ਕੱਕੜ, ਤੇ ਅੰਸ਼ੂ ਕੁਮਾਰ ਵੀ ਚਾਰਜ ਕੀਤੇ ਗਏ ਹਨ ਜਿਨ੍ਹਾਂ ਤੋਂ ਕੈਸੀਨੋ ਦੀ ਖੇਡ ਦੌਰਾਨ ਧੋਖੇ ਨਾਲ਼ ਉਟੇਰੇ ਹੋਏ 5000 ਡਾਲਰਾਂ ਤੋਂ ਵੱਧ ਦੀ ਰਕਮ ਵੀ ਪੁਲਿਸ ਨੂੰ ਮਿਲ ਗਈ ਹੈ। ਇਸੇ ਤਰ੍ਹਾਂ ਲੋਕਾਂ ਨੂੰ ਘਰ ਅਤੇ ਕਾਰੋਬਾਰੀ ਜਾਇਦਾਦ ਖਰੀਦਣ ਲਈ ਕਰਜੇ ਦੇਣ ਦੇ ਅਤੇ ਇੰਸ਼ੋਰੈਂਸ ਦੇ ਕਾਰੋਬਾਰ ਵਿੱਚ ਨਕਲੀ ਦਸਤਾਵੇਜਾਂ ਤੇ ਝੂਠੀਆਂ ਜਾਣਕਾਰੀਆਂ ਨਾਲ਼ ਹੇਰਾਫੇਰੀਆਂ ਕਰਨ ਅਤੇ ਗਾਹਕਾਂ ਨੂੰ ਗੁੰਮਰਾਹ ਕਰ ਦੇ ਕੇਸਾਂ ਵਿੱਚ ਯੋਗੇਂਦਰ ਜੈਨ, ਸੁਦੀਪ ਸ਼ਰਮਾ, ਤੇਜਪਾਲ ਮਾਨ, ਅਤੇ ਰਵਿੰਦਰ ਕੌਰ ਬਿਲਨ ਖਿਲਾਫ ਬੀਤੇ ਹਫਤਿਆਂ ਦੌਰਾਨ ਵੱਖਰੇ ਵੱਖਰੇ ਕੇਸਾਂ ਤਹਿਤ ਕਾਨੂੰਨੀ ਕਾਰਵਾਈਆਂ ਹੋਈਆਂ ਅਤੇ ਵੱਡੇ ਜੁਰਮਾਨੇ (20000 ਤੋਂ 50000 ਡਾਲਰ) ਕੀਤੇ ਗਏ ਹਨ। ਟੋਰਾਂਟੋ ਤੋਂ 100 ਕੁ ਕਿਲੋਮੀਟਰ ਉੱਤਰ ਵਿੱਚ ਸਿਮਕੋ `ਚ ਬੀਤੇ ਸਾਲ ਮਈ ਵਿੱਚ ਔਰਤ ਤੋਂ ਕਾਰ ਖੋਹ ਕੇ ਫਰਾਰ ਹੋਏ ਦੋਸ਼ੀਆਂ ਦੀ ਪਛਾਣ ਹੁਣ ਅਰਸ਼ਦੀਪ ਗਿੱਲ ਅਤੇ ਨਵਜੋਤ ਸਿੰਘ ਵਜੋਂ ਕੀਤੀ ਗਈ ਹੈ ਅਤੇ ਦੋਵਾਂ ਦੀ ਗ੍ਰਿਫਤਾਰੀ ਲਈ ਬੀਤੇ ਕੱਲ੍ਹ ਤਸਵੀਰਾਂ (ਉਪਰ) ਅਤੇ ਵਾਰੰਟ ਜਾਰੀ ਕੀਤੇ ਗਏ ਹਨ।