ਸੈਕਸਟੌਰਸ਼ਨ ਦੇ ਮਾਮਲਿਆਂ ਦੀ ਗਿਣਤੀ ਵਿਚ ਹੋਏ ਵਾਧੇ ਤੋਂ ਬਾਅਦ ਮੌਂਟਰੀਅਲ ਪੁਲਿਸ ਨੇ ਨੌਜਵਾਨਾਂ ਨੂੰ ਸਾਵਧਾਨ ਰਹਿਣ ਦੀ ਚਿਤਾਵਨੀ ਦਿੱਤੀ ਹੈ। ਪੁਲਿਸ ਅਨੁਸਾਰ ਬਾਲ ਜਿਨਸੀ ਸ਼ੋਸ਼ਣ ਇਕਾਈ ਨੂੰ ਇਸ ਸਾਲ ਹੁਣ ਤੱਕ 100 ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋ ਚੁੱਕੀਆਂ ਹਨ। ਪਿਛਲੇ ਸਾਲ ਇਸ ਸਮੇਂ ਤੱਕ 30 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ।
ਸੈਕਸਟੌਰਸ਼ਨ, ਇੰਟਰਨੈਟ ਜਗਤ ਦਾ ਇੱਕ ਅਪਰਾਧ ਹੈ ਜਿਸ ਵਿਚ ਧੋਖੇ ਨਾਲ ਨੌਜਵਾਨਾਂ ਦੀਆਂ ਅਸ਼ਲੀਲ ਤਸਵੀਰਾਂ ਜਾਂ ਵੀਡੀਓਜ਼ ਪ੍ਰਾਪਤ ਕਰਕੇ, ਉਨ੍ਹਾਂ ਨੂੰ ਜਨਤਕ ਕਰਨ ਦੀ ਧਮਕੀ ਦਿੱਤੀ ਜਾਂਦੀ ਹੈ ਅਤੇ ਫਿਰ ਬਲੈਕਮੇਲ ਕਰਕੇ ਪੈਸੇ ਵਸੂਲੇ ਜਾਂਦੇ ਹਨ।
ਪੁਲਿਸ ਮੁਤਾਬਿਕ ਸੈਕਸਟੌਰਸ਼ਨ ਦੇ ਪੀੜਤ ਅਕਸਰ 14 ਤੋਂ 17 ਸਾਲ ਦੀ ਉਮਰ ਦੇ ਨੌਜਵਾਨ ਹੁੰਦੇ ਹਨ ਜਿਨ੍ਹਾਂ ਨੂੰ ਟੀਨੇਜ ਲੜਕੀਆਂ ਵਜੋਂ ਖ਼ੁਦ ਨੂੰ ਪੇਸ਼ ਕਰਨ ਵਾਲੇ ਅਪਰਾਧੀ ਔਨਲਾਈਨ ਸੰਪਰਕ ਕਰਦੇ ਹਨ।ਇਹ ਅਪਰਾਧੀ ਪਹਿਲਾਂ ਪੀੜਤ ਦਾ ਭਰੋਸਾ ਜਿੱਤਦੇ ਹਨ ਅਤੇ ਉਨ੍ਹਾਂ ਨੂੰ ਨਗਨ ਤਸਵੀਰਾਂ ਜਾਂ ਵੀਡੀਓਜ਼ ਭੇਜਣ ਲਈ ਮਨਾਉਂਦੇ ਹਨ ਅਤੇ ਬਾਅਦ ਵਿਚ ਬਲੈਕਮੇਲ ਕਰਦੇ ਹਨ ਕਿ ਜੇ ਉਨ੍ਹਾਂ ਨੂੰ ਪੈਸੇ ਨਾ ਦਿੱਤੇ ਗਏ ਤਾਂ ਉਹ ਪੀੜਤਾਂ ਦੀਆਂ ਤਸਵੀਰਾਂ ਜਾਂ ਵੀਡੀਓਜ਼, ਉਹਨਾਂ ਦੇ ਪਰਿਵਾਰਾਂ ਜਾਂ ਦੋਸਤਾਂ ਨੂੰ ਭੇਜ ਦੇਣਗੇ।
ਪੁਲਿਸ ਨੇ ਨੌਜਵਾਨਾਂ ਨੂੰ ਸੁਝਾਅ ਦਿੱਤਾ ਹੈ ਕਿ ਔਨਲਾਈਨ ਪਲੇਟਫਾਰਮਾਂ ’ਤੇ ਆਪਣੇ ਅਸਲ ਨਾਮ, ਅਸਲ ਉਮਰ, ਸ਼ਹਿਰ ਜਾਂ ਆਪਣੀਆਂ ਰੁਚੀਆਂ ਦਾ ਖੁਲਾਸਾ ਨਹੀਂ ਕਰਨਾ ਚਾਹੀਦਾ।
ਪੁਲਿਸ ਨੇ ਲੋਕਾਂ ਨੂੰ ਕੈਮਰੇ ਸਾਹਮਣੇ ਕੱਪੜੇ ਨਾ ਉਤਾਰਨ ਲਈ ਵੀ ਆਗਾਹ ਕੀਤਾ ਹੈ। ਨਾਲ ਹੀ ਪੁਲਿਸ ਨੇ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਅਜਿਹਾ ਅਪਰਾਧੀ ਨਿਸ਼ਾਨਾ ਬਣਾਉਂਦਾ ਹੈ ਤਾਂ ਪੀੜਤ ਉਸ ਵਿਅਕਤੀ ਨਾਲ ਸੰਪਰਕ ਖ਼ਤਮ ਕਰਕੇ ਤੁਰੰਤ ਪੁਲਿਸ ਨੂੰ ਸੂਚਿਤ ਕਰੇ।
ਦ ਕੈਨੇਡੀਅਨ ਪ੍ਰੈੱਸ