ਉਲਟੀ ਨਾਲ ਗੰਦੀਆਂ ਸੀਟਾਂ ‘ਤੇ ਬੈਠਣ ਤੋਂ ਇਨਕਾਰ ਕਰਨ ਵਾਲੇ ਯਾਤਰੀਆਂ ਨੂੰ ਜਹਾਜ਼ ਚੋਂ ਬਾਹਰ ਕਰਨ ਦੇ ਮਾਮਲੇ ਵਿਚ ਏਅਰ ਕੈਨੇਡਾ ਨੇ ਮੁਆਫ਼ੀ ਮੰਗੀ ਹੈ। ਇਹ ਮਾਮਲਾ 26 ਅਗਸਤ ਦਾ ਹੈ। ਲਾਸ ਵੇਗਸ ਤੋਂ ਮੌਂਟਰੀਅਲ ਆ ਰਹੀ ਇੱਕ ਫ਼ਲਾਈਟ ਬਾਰੇ ਆਪਣਾ ਮਾੜਾ ਅਨੁਭਵ ਸੂਜ਼ਨ ਬੈਨਸਨ ਨੇ ਆਪਣੇ ਫ਼ੇਸਬੁਕ ‘ਤੇ ਸਾਂਝਾ ਕੀਤਾ ਸੀ। ਸੂਜ਼ਨ ਨਿਊਬ੍ਰੰਜ਼ਵਿਕ ਦੀ ਰਹਿਣ ਵਾਲੀ ਹੈ।
ਸੂਜ਼ਨ ਨੇ ਆਪਣੀ ਪੋਸਟ ਵਿਚ ਲਿਖਿਆ ਕਿ ਉਸਦੇ ਅੱਗੇ ਵਾਲੀਆਂ ਸੀਟਾਂ ‘ਤੇ ਦੋ ਔਰਤਾਂ ਸਨ ਜੋ ਬੈਠਣ ਪਿੱਛੇ ਜੱਦੋ ਜਿਹਦ ਕਰ ਰਹੇ ਸਨ। ਪੋਸਟ ਅਨੁਸਾਰ ਇਹ ਔਰਤਾਂ ਵੀਐਨਾ ਜਾ ਰਹੀਆਂ ਸਨ। ਸੂਜ਼ਨ ਨੇ ਲਿਖਿਆ ਕਿ ਪਹਿਲਾਂ ਤਾਂ ਗੰਦੀ ਬਦਬੂ ਆ ਰਹੀ ਸੀ, ਪਰ ਪਤਾ ਨਹੀਂ ਸੀ ਚਲ ਰਿਹਾ ਕਿ ਕੀ ਸਮੱਸਿਆ ਹੈ, ਪਹਿਲਾਂ ਤਾਂ ਵਰਕਰਾਂ ਨੇ ਖ਼ੁਸ਼ਬੂ ਛਿੜਕ ਕੇ ਬਦਬੂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ, ਪਰ ਜਿਨ੍ਹਾਂ ਯਾਤਰੀਆਂ ਨੂੰ ਉਹ ਸੀਟ ਦਿੱਤੀ ਗਈ ਸੀ, ਉਨ੍ਹਾਂ ਨੇ ਫ਼ਲਾਈਟ ਅਟੈਨਡੈਂਟ ਨੂੰ ਦੱਸਿਆ ਕਿ ਸੀਟ ਅਤੇ ਸੀਟ ਬੈਲਟ ਅਜੇ ਗਿੱਲੀ ਸੀ ਅਤੇ ਉਨ੍ਹਾਂ ਨੂੰ ਉਲਟੀ ਵੀ ਨਜ਼ਰ ਆ ਰਹੀ ਸੀ।
ਅਟੈਨਡੈਂਟ ਅਤੇ ਸੁਪਰਵਾਈਜ਼ਰ ਨੇ ਯਾਤਰੀਆਂ ਨੂੰ ਕਿਹਾ ਕਿ ਜਹਾਜ਼ ਵਿਚ ਹੋਰ ਸੀਟ ਨਹੀਂ ਹੈ ਅਤੇ ਉਨ੍ਹਾਂ ਨੂੰ ਉਸੇ ਸੀਟ ‘ਤੇ ਬੈਠਣਾ ਪਵੇਗਾ। ਔਰਤਾਂ ਉਨ੍ਹਾਂ ਲਿੱਬੜੀਆਂ ਸੀਟਾਂ ‘ਤੇ ਕੰਬਲ ਰੱਖ ਕੇ ਅਤੇ ਵਾਈਪ ਨਾਲ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ, ਜਦੋਂ ਇੱਕ ਪਾਇਲਟ ਉਨ੍ਹਾਂ ਦੇ ਕੋਲ ਆਇਆ। ਪਾਇਲਟ ਨੇ ਔਰਤਾਂ ਨੂੰ ਕਿਹਾ ਕਿ ਉਹ ਜਹਾਜ਼ ਚੋਂ ਉਤਰ ਕੇ ਆਪਣੇ ਖ਼ਰਚੇ ‘ਤੇ ਦੂਸਰੀ ਫ਼ਲਾਈਟ ਲੈ ਸਕਦੀਆਂ ਹਨ, ਜਾਂ ਫਿਰ ਉਨ੍ਹਾਂ ਨੂੰ ਸਿਕਿਓਰਟੀ ਦੀ ਮਦਦ ਨਾਲ ਜਹਾਜ਼ ਤੋਂ ਬਾਹਰ ਕੱਢ ਕੇ, ਨੋ ਫ਼ਲਾਈ ਲਿਸਟ ਵਿਚ ਪਾ ਦਿੱਤਾ ਜਾਵੇਗਾ।
ਪਾਇਲਟ ਨੇ ਉਨ੍ਹਾਂ ਔਰਤਾਂ ਉਪਰ ਫ਼ਲਾਈਟ ਅਟੈਨਡੈਂਟ ਨਾਲ ਰੁੱਖੇ ਹੋਣ ਦਾ ਇਲਜ਼ਾਮ ਲਗਾਇਆ। ਪਰ ਉਸ ਦੇ ਅਨੁਸਾਰ ਔਰਤਾਂ ਪ੍ਰੇਸ਼ਾਨ ਸਨ ਅਤੇ ਆਪਣੀ ਗੱਲ ‘ਤੇ ਅਟੱਲ ਸਨ, ਪਰ ਉਹ ਤਲਖ਼ ਜਾਂ ਰੁੱਖੀਆਂ ਨਹੀਂ ਸਨ। ਫਿਰ ਸਿਕਿਓਰਟੀ ਨੇ ਔਰਤਾਂ ਨੂੰ ਜਹਾਜ਼ ਚੋਂ ਬਾਹਰ ਉਤਾਰ ਦਿੱਤਾ।
ਏਅਰ ਕੈਨੇਡਾ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਸਮੀਖਿਆ ਕਰ ਰਿਹਾ ਹੈ ਅਤੇ ਯਾਤਰੀਆਂ ਨਾਲ ਸੰਪਰਕ ਕੀਤਾ ਗਿਆ ਹੈ ਕਿਉਂਕਿ ਇਸ ਘਟਨਾ ਦੌਰਾਨ ਏਅਰਲਾਈਨ ਦੇ ਸੰਚਾਲਨ ਸਬੰਧੀ ਤੌਰ-ਤਰੀਕਿਆਂ ਦਾ ਸਹੀ ਢੰਗ ਨਾਲ ਪਾਲਣ ਨਹੀਂ ਕੀਤਾ ਗਿਆ। ਇਸ ਵਿੱਚ ਇਹਨਾਂ ਯਾਤਰੀਆਂ ਤੋਂ ਮੁਆਫੀ ਮੰਗਣਾ, ਕਿਉਂਕਿ ਉਹਨਾਂ ਨੂੰ ਸਪੱਸ਼ਟ ਤੌਰ ‘ਤੇ ਮਿਆਰੀ ਦੇਖਭਾਲ ਨਹੀਂ ਮਿਲੀ ਜਿਸ ਦੇ ਉਹ ਹੱਕਦਾਰ ਸਨ, ਅਤੇ ਉਹਨਾਂ ਦੀਆਂ ਚਿੰਤਾਵਾਂ ਨੂੰ ਹੱਲ ਕਰਨਾ ਸ਼ਾਮਲ ਹੈ।
ਦ ਅਸੋਸੀਏਟੇਡ ਪ੍ਰੈੱਸ