ਵਿਆਜ ਦਰ 5% ‘ਤੇ ਬਰਕਰਾਰ, ਭਵਿੱਖ ਵਿਚ ਵਾਧਿਆਂ ਦੀ ਸੰਭਾਵਨਾ ਤੋਂ ਨਹੀਂ ਇਨਕਾਰ
ਬੈਂਕ ਔਫ਼ ਕੈਨੇਡਾ ਨੇ ਬੁੱਧਵਾਰ ਨੂੰ ਵਿਆਜ ਦਰ ਵਿਚ ਵਾਧਾ ਨਹੀਂ ਕੀਤਾ ਤੇ ਇਸਨੂੰ 5% ‘ਤੇ ਬਰਕਰਾਰ ਰੱਖਿਆ ਹੈ। ਅਰਥਸ਼ਾਸਤਰੀਆਂ ਨੇ ਇਸ ਵਾਰੀ ਵਿਆਜ ਦਰਾਂ ਵਿਚ ਵਾਧਾ ਨਾ ਹੋਣ ਦਾ ਹੀ ਅਨੁਮਾਨ ਲਗਾਇਆ ਸੀ। 2022 ਦੀ ਸ਼ੁਰੂਆਤ ਤੋਂ ਬੈਕ ਔਫ਼ ਕੈਨੇਡਾ ਮਹਿੰਗਾਈ ਨੂੰ ਕਾਬੂ ਕਰਨ ਲਈ ਵਿਆਜ ਦਰਾਂ ਵਿਚ ਵਾਧੇ ਕਰਦਾ ਰਿਹਾ ਹੈ।
ਜੁਲਾਈ ਵਿਚ ਕੈਨੇਡਾ ਵਿਚ 6,000 ਨੌਕਰੀਆਂ ਖ਼ਤਮ ਹੋਈਆਂ ਅਤੇ ਬੇਰੁਜ਼ਗਾਰੀ ਦਰ ਮਾਮੂਲੀ ਵਾਧੇ ਨਾਲ 5.5% ‘ਤੇ ਪਹੁੰਚ ਗਈ। ਅਗਸਤ ਵਿਚ ਹੀ ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਅੰਕੜੇ ਦਰਸਾਉਂਦੇ ਹਨ ਕਿ ਕੈਨੇਡੀਅਨ ਜੀਡੀਪੀ ਦੂਸਰੀ ਤਿਮਾਹੀ ਵਿਚ ਸੁੰਘੜੀ ਹੈ। ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਜੀਡੀਪੀ ਵਿਚ ਇਹ ਪਹਿਲਾ ਨਿਘਾਰ ਸੀ, ਜਿਸ ਦਾ ਅਰਥ ਆਰਥਿਕਤਾ ਵਿਚ ਮਾਮੂਲੀ ਮੰਦੀ ਦਾ ਸੰਕੇਤ ਹੋ ਸਕਦਾ ਹੈ।
ਮਹਿੰਗਾਈ ਨੂੰ 2% ‘ਤੇ ਲਿਆਉਣ ਦੇ ਟੀਚੇ ‘ਤੇ ਜੁਟੇ ਹੋਏ ਕੇਂਦਰੀ ਬੈਂਕ ਲਈ ਭਾਵੇਂ ਆਰਥਿਕ ਧੀਮਾਪਣ ਇੱਕ ਚੰਗੀ ਖ਼ਬਰ ਹੈ, ਪਰ ਜੇ ਬੈਂਕ ਨੂੰ ਭਵਿੱਖ ਵਿਚ ਵਿਆਜ ਦਰ ਵਿਚ ਵਾਧਾ ਕਰਨਾ ਪਿਆ ਤਾਂ ਉਹ ਇਸ ਲਈ ਤਿਆਰ ਹੈ। ਜ਼ਿਆਦਾਤਰ ਆਰਥਿਕ ਸੂਚਕ ਬੈਂਕ ਦੇ ਅਨੁਮਾਨ ਨਾਲੋਂ ਜ਼ਿਆਦਾ ਕਮਜ਼ੋਰ ਦਰਜ ਹੋਏ ਹਨ, ਜਿਸ ਕਰਕੇ ਹੋ ਸਕਦਾ ਹੈ ਕਿ ਬੈਂਕ ਇਸ ਗੇੜ੍ਹ ਵਿਚ ਵਿਆਜ ਦਰਾਂ ਵਿਚ ਹੋਰ ਵਾਧੇ ਨਾ ਕਰੇ।