ਪਾਰਲੀਮੈਂਟਰੀ ਬਜਟ ਅਫਸਰ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਫ਼ੈਡਰਲ ਸਰਕਾਰ ਨੂੰ ਈਵੀ ਪਲਾਂਟਸ ਲਈ ਐਲਾਨੀਆਂ 28.2 ਬਿਲੀਅਨ ਦੀਆਂ ਸਬਸਿਡੀਆਂ ‘ਤੇ ਬ੍ਰੇਕ-ਈਵਨ ਦੀ ਸਥਿਤੀ ‘ਤੇ ਆਉਣ, ਯਾਨੀ ਰਾਸ਼ੀ ਰਿਕਵਰ ਕਰਨ ਵਿਚ 20 ਸਾਲ ਦਾ ਸਮਾਂ ਲੱਗੇਗਾ। ਰਿਪੋਰਟ ਅਨੁਸਾਰ ਵਿੰਡਸਰ ਵਿਚ ਸਟੈਲਨਟਿਸ ਦੇ EV ਬੈਟਰੀ ਪਲਾਂਟ ਅਤੇ ਸੇਂਟ ਥੌਮਸ ਵਿਚ ਫ਼ੌਕਸਵੈਗਨ ਦੇ ਪਲਾਂਟ ਤੋਂ ਫ਼ੈਡਰਲ ਸਬਸਿਡੀਆਂ ਦੇ ਬਰਾਬਰ ਦਾ ਮਾਲੀਆ ਪੈਦਾ ਕਰਨ ਤੱਕ ਸਾਲ 2043 ਤੱਕ ਦਾ ਸਮਾਂ ਲੱਗੇਗਾ।
ਪਾਰਲੀਮੈਂਟਰੀ ਬਜਟ ਅਫਸਰ ਈਵ ਜਿਰੌ ਨੇ ਕਿਹਾ ਕਿ ਕੈਨੇਡਾ ਸਰਕਾਰ ਨੇ ਸੰਭਾਵਤ ਤੌਰ ‘ਤੇ ਸਪਰਿੰਗ ਦੌਰਾਨ ਠੀਕ ਅੰਦਾਜ਼ਾ ਨਹੀਂ ਲਗਾਇਆ ਸੀ, ਜਦ ਉਸਨੇ ਕਿਹਾ ਸੀ ਉਹ ਪੰਜ ਸਾਲਾਂ ਤੋਂ ਵੀ ਘੱਟ ਸਮੇਂ ਵਿਚ ਫ਼ੌਕਸਵੈਗਨ ਸਬਸਿਡੀ ਰਿਕਵਰ ਕਰ ਲਏਗੀ।ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦਿਆਂ ਈਵ ਨੇ ਕਿਹਾ, ਸਾਡੀ ਰਿਪੋਰਟ ਆਸ਼ਾਵਾਦੀ ਘੱਟ ਅਤੇ ਵਾਜਿਬ ਵਧੇਰੇ ਹੈ। ਉਨ੍ਹਾਂ ਕਿਹਾ ਕਿ ਜੇ ਉਹਨਾਂ ਦੀ ਰਿਪੋਰਟ ਗ਼ਲਤ ਸਾਬਤ ਹੁੰਦੀ ਹੈ ਤਾਂ ਇਹ ਦੇਸ਼ ਲਈ ਚੰਗਾ ਹੀ ਹੋਵੇਗਾ, ਪਰ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਅਜਿਹੀ ਸੰਭਾਵਨਾ ਹੈ।
ਫ਼ੈਡਰਲ ਸਰਕਾਰ ਨੇ ਸਪਰਿੰਗ ਵਿਚ ਸੇਂਟ ਥੌਮਸ ਵਿਚ ਫ਼ੌਕਸਵੈਗਨ ਦਾ ਬੈਟਰੀ ਪਲਾਂਟ ਯਕੀਨੀ ਬਣਾਉਣ ਲਈ ਅਗਲੇ ਦਸ ਸਾਲਾਂ ਦੌਰਾਨ ਕੰਪਨੀ ਨੂੰ 13 ਬਿਲੀਅਨ ਦੀ ਸਬਸਿਡੀ ਦਾ ਐਲਾਨ ਕੀਤਾ ਸੀ। ਇਸ ਗਰਮੀਆਂ ਦੌਰਾਨ ਸਟੈਲਨਟਿਸ-ਐਲਜੀ ਨੇ ਵਿੰਡਸਰ ਪਲਾਂਟ ਦੀ ਉਸਾਰੀ ਇਹ ਕਹਿੰਦਿਆਂ ਰੋਕ ਦਿੱਤੀ ਸੀ ਕਿ ਉਸਨੂੰ ਸੂਬਾ ਅਤੇ ਫ਼ੈਡਰਲ ਸਰਕਾਰ ਕੋਲੋਂ 500 ਮਿਲੀਅਨ ਤੋਂ ਵੱਧ ਦੇ ਸ਼ੁਰੂਆਤੀ ਨਿਵੇਸ਼ ਦੀ ਜ਼ਰੂਰਤ ਹੋਵੇਗੀ। ਸਰਕਾਰਾਂ ਵੱਲੋਂ 15 ਬਿਲੀਅਨ ਤੱਕ ਦੀ ਸਬਸਿਡੀਆਂ ਦਾ ਐਲਾਨ ਕਰਨ ਤੋਂ ਬਾਅਦ ਉਸਾਰੀ ਦਾ ਕੰਮ ਮੁੜ ਸ਼ੁਰੂ ਹੋਇਆ ਸੀ। ਇਹ ਪਲਾਂਟ 2024 ਤੱਕ ਸ਼ੁਰੂ ਹੋਣ ਦੀ ਉਮੀਦ ਹੈ ਅਤੇ ਇਹ ਕਰੀਬ 2,500 ਲੋਕਾਂ ਨੂੰ ਰੁਜ਼ਗਾਰ ਦਵੇਗਾ।
ਫ਼ੌਕਸਵੈਗਨ ਅਤੇ ਸਟੈਲਨਟਿਸ ਨੂੰ ਦੋ-ਤਿਹਾਈ ਸਬਸਿਡੀ ਯਾਨੀ ਕੁੱਲ 18.8 ਬਿਲੀਅਨ ਫ਼ੈਡਰਲ ਸਰਕਾਰ ਦਵੇਗੀ ਅਤੇ 9.4 ਬਿਲੀਅਨ ਓਨਟੇਰਿਓ ਸਰਕਾਰ ਵੱਲੋਂ ਦਿੱਤੀ ਜਾਵੇਗੀ। PBO ਨੇ ਕਿਹਾ ਕਿ ਓਨਟੇਰਿਓ ਨੇ ਆਪਣੀ ਸਬਸਿਡੀ ਦੀ ਭਰਪਾਈ ਬਾਬਤ ਸਮਾਂ-ਸੀਮਾ ਜਾਰੀ ਨਹੀਂ ਕੀਤੀ ਹੈ। ਕੈਨੇਡੀਅਨ ਟੈਕਸਪੇਅਰਜ਼ ਫ਼ੈਡਰੇਸ਼ਨ ਦੇ ਚੇਅਰ, ਜੇਅ ਗੋਲਡਬਰਗ ਨੇ ਕਿਹਾ ਕਿ ਕੈਨੇਡੀਅਨ ਆਟੋ ਉਦਯੋਗ ਲਈ ਵਰਦਾਨ ਕਹੇ ਜਾ ਰਹੇ ਇਨ੍ਹਾਂ ਪ੍ਰਾਜੈਕਟਾਂ ਬਾਰੇ ਈਵ ਦੇ ਕੰਜ਼ਰਵੇਟਿਵ ਅੰਦਾਜ਼ੇ ਸਹੀ ਸਨ। ਉਨ੍ਹਾਂ ਕਿਹਾ ਕਿ ਸਰਕਾਰਾਂ ਲਈ ਇਹ ਸਵੀਕਾਰ ਕਰਨਾ ਜ਼ਰੂਰੀ ਹੈ ਕਿ ਹੁਣ ਬਹੁਤ ਹੋਇਆ, ਹੋਰ ਕਾਰਪੋਰੇਟ ਭਲਾਈ ਜਾਂ ਮੁਫ਼ਤ ਪੈਸੇ ਨਹੀਂ ਵੰਡਣੇ।
ਵਿੰਡਸਰ-ਟੈਕਮਸੇਹ ਤੋਂ ਲਿਬਰਲ ਐਮਪੀ, ਇਰੇਕ ਕੁਜ਼ਮੀਰਜ਼ਿਕ ਨੇ ਕਿਹਾ ਕਿ ਇਨ੍ਹਾਂ ਪਲਾਂਟਸ ਦੇ ਲੱਗਣ ਕਾਰਨ ਹੋਰ ਨਿਵੇਸ਼ਾਂ ਵਰਗੇ ਆਰਥਿਕ ਲਾਭਾਂ ਨੂੰ ਰਿਪੋਰਟ ਵਿਚ ਸ਼ਾਮਲ ਨਾ ਕਰਨ ਕਰਕੇ, ਪੀਬੀਓ ਨੇ ਪੂਰੀ ਤਸਵੀਰ ਪੇਸ਼ ਨਹੀਂ ਕੀਤੀ ਹੈ।
(ਸੀਬੀਸੀ ਨਿਊਜ਼)