ਸੰਯੁਕਤ ਰਾਸ਼ਟਰ ‘ਚ ਭਾਰਤੀ ਡਿਪਲੋਮੈਟ ਨੇ ਹਰਦੀਪ ਸਿੰਘ ਨਿੱਝਰ ਦੇ ਮਾਮਲੇ ਬਾਰੇ ਕੈਨੇਡੀਅਨ ਹਮਰੁਤਬਾ ਕੋਲ ਕੀਤੀ ਪਹੁੰਚ
ਸੰਯੁਕਤ ਰਾਸ਼ਟਰ ਵਿਚ ਕੈਨੇਡਾ ਦੇ ਰਾਜਦੂਤ ਬੌਬ ਰੇਅ ਨੇ ਦੱਸਿਆ ਕਿ ਮੰਗਲਵਾਰ ਨੂੰ ਉਹਨਾਂ ਦੇ ਭਾਰਤੀ ਹਮਰੁਤਬਾ ਨੇ ਉਨ੍ਹਾਂ ਕੋਲ ਹਰਦੀਪ ਸਿੰਘ ਨਿੱਝਰ ਦੇ ਮਾਮਲੇ ਬਾਰੇ ਚਰਚਾ ਕਰਨ ਲਈ ਪਹੁੰਚ ਕੀਤੀ। ਰੇਅ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਵਿਚ ਭਾਰਤ ਦੀ ਸਥਾਈ ਪ੍ਰਤੀਨਿਧੀ, ਰੁਚਿਰਾ ਕਮਬੋਜ ਮੰਗਲਵਾਰ ਨੂੰ ਰੇਅ ਦੇ ਸੰਯੁਕਤ ਰਾਸ਼ਟਰ ਵਿਚ ਭਾਸ਼ਣ ਤੋਂ ਬਾਅਦ ਉਨ੍ਹਾਂ ਕੋਲ ਪਹੁੰਚੀ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ।
ਰੇਅ ਨੇ ਕਿਹਾ, “ਉਸਨੇ ਮੈਨੂੰ ਇੱਕ ਪਾਸੇ ਬੁਲਾਇਆ ‘ਤੇ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਅਸੀਂ ਮਿਲ ਕੇ ਕੰਮ ਕਰਦੇ ਰਹੀਏ ਕਿਉਂਕਿ ਸਰਕਾਰਾਂ ਉਸ ਸਥਿਤੀ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਜਿਸ ‘ਤੇ ਕੰਮ ਕਰਨਾ ਜ਼ਰੂਰੀ ਹੈ। ਮੈਨੂੰ ਇਹ ਦੇਖ ਕੇ ਕੁਝ ਸਕੂਨ ਮਿਲਿਆ ਕਿ ਅਜੇ ਕੂਟਨੀਤੀ ਦੀ ਗੁੰਜਾਇਸ਼ ਹੈ, ਅਤੇ ਮੈਨੂੰ ਲੱਗਦਾ ਕਿ ਅੱਗੇ ਵਧਦਿਆਂ ਅਸੀਂ ਹੋਰ ਗੁੰਜਾਇਸ਼ ਦੇਖਾਂਗੇ।”
ਭਾਰਤ ਨੇ ਨਿੱਝਰ ਦੇ ਕਤਲ ਵਿਚ ਕਿਸੇ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਰੇਅ ਨੇ ਕਿਹਾ ਕਿ ਲੋਕਾਂ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਕੈਨੇਡਾ ਵੱਲੋਂ ਉਠਾਏ ਮੁੱਦਿਆਂ ਨਾਲ ਨਜਿੱਠਣ ਅਤੇ ਹੱਲ ਲੱਭਣ ਲਈ ਹਰ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਹ ਬਹੁਤ ਮਹੱਤਵਪੂਰਨ ਹੈ।
ਰੇਅ ਨੇ ਕਿਹਾ ਕਿ ਕੈਨੇਡੀਅਨਜ਼ ਨੂੰ ਇਹ ਸਮਝਣ ਦੀ ਲੋੜ ਹੈ ਕਿ ਇਕ ਬਿਹਤਰ ਮਕਾਮ ‘ਤੇ ਪਹੁੰਚਣ ਲਈ ਇੱਕ ਦੂਸਰੇ ਪ੍ਰਤੀ ਬਹੁਤ ਜ਼ਿਆਦਾ ਆਪਸੀ ਸਤਿਕਾਰ ‘ਤੇ ਪਹੁੰਚਣ ਦੀ ਵੀ ਜ਼ਰੂਰਤ ਹੈ।ਮੰਗਲਵਾਰ ਨੂੰ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕੈਨੇਡਾ ਨੂੰ ਕਿਹਾ ਹੈ ਕਿ ਉਹ ਨਿੱਝਰ ਦੀ ਮੌਤ ਬਾਰੇ ਕਿਸੇ ਵੀ ਖ਼ਾਸ ਜਾਣਕਾਰੀ ਦੀ ਪੜਚੋਲ ਲਈ ਤਿਆਰ ਹੈ।
(ਸੀਬੀਸੀ ਨਿਊਜ਼)