ਪੰਜਾਬ ਪੁਲਿਸ ਨੇ ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੂੰ ਇੱਕ 8 ਸਾਲ ਪੁਰਾਣੇ ਮਾਮਲੇ ”ਚ ਗ੍ਰਿਫ਼ਤਾਰ ਕਰ ਲਿਆ ਹੈ। ਇਹ ਮਾਮਲਾ ਡਰੱਗਜ਼ ਨਾਲ ਜੁੜਿਆ ਹੋਇਆ ਹੈ। ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਇਸ ਮਾਮਲੇ ’ਚ ਸਾਲ 2015 ਵਿੱਚ ਫਾਜ਼ਿਲਕਾ ਜ਼ਿਲ੍ਹੇ ਵਿੱਚ ਕੇਸ ਦਰਜ ਹੋਇਆ ਸੀ। ਜਲਾਲਾਬਾਦ ਦੇ ਡਿਪਟੀ ਸੁਪਰੀਡੈਂਟ ਆਫ ਪੁਲਿਸ, ਅੱਛਰੂ ਰਾਮ ਦੀ ਅਗਵਾਈ ਹੇਠਲੀ ਟੀਮ ਨੇ ਵੀਰਵਾਰ ਸਵੇਰੇ-ਸਵੇਰੇ ਖਹਿਰਾ ਨੂੰ ਚੰਡੀਗੜ੍ਹ ਦੇ ਸੈਕਟਰ-5 ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ। ਹੁਣ ਪੰਜਾਬ ਪੁਲਿਸ ਖਹਿਰਾ ਨੂੰ ਫਾਜ਼ਿਲਕਾ ਦੀ ਅਦਾਲਤ ਵਿੱਚ ਪੇਸ਼ ਕਰੇਗੀ।
ਖਹਿਰਾ ਨੂੰ ਦੂਜੀ ਵਾਰ ਗ੍ਰਿਫਤਾਰ ਕੀਤਾ ਗਿਆ ਹੈ ਕਿਉਂਕਿ ਇਸ ਤੋਂ ਪਹਿਲਾਂ ਉਨ੍ਹਾਂ ਨੂੰ 2021 ਵਿੱਚ ਫਾਜ਼ਿਲਕਾ ਦੇ ਡਰੱਗਜ਼ ਮਾਮਲੇ ਵਿੱਚ ਹੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਦੇ ਇਲਜ਼ਾਮਾਂ ਤਹਿਤ ਗ੍ਰਿਫਤਾਰ ਕੀਤਾ ਸੀ। ਜਦੋਂ ਪੁਲਿਸ ਸਵੇਰੇ ਸੁਖਪਾਲ ਸਿੰਘ ਖਹਿਰਾ ਨੂੰ ਗ੍ਰਿਫ਼ਤਾਰ ਕਰਨ ਪਹੁੰਚੀ ਤਾਂ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ”ਤੇ ਲਾਈਵ ਸ਼ੁਰੂ ਕਰ ਦਿੱਤਾ। ਸੁਖਪਾਲ ਸਿੰਘ ਖਹਿਰਾ ਦੇ ਪੁੱਤਰ ਐਡਵੋਕੇਟ ਮਹਿਤਾਬ ਸਿੰਘ ਖਹਿਰਾ ਨੇ ਆਪਣੇ ਪਿਤਾ ਦੇ ਫੇਸਬੁੱਕ ਅਕਾਊਂਟ ”ਤੇ ਇੱਕ ਪੋਸਟ ਵਿੱਚ ਉਨ੍ਹਾਂ ਦੀ ਗ੍ਰਿਫ਼ਤਾਰੀ ਬਾਰੇ ਲਿਖਿਆ।
ਉਨ੍ਹਾਂ ਕਿਹਾ ਕਿ, “ਤੁਹਾਨੂੰ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਮੇਰੇ ਪਿਤਾ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਪੁਲਿਸ ਨੇ 8 ਸਾਲ ਪੁਰਾਣੇ ਨਸ਼ਿਆਂ ਦੇ ਇੱਕ ਕੇਸ ਵਿੱਚ ਮੁੱਖ ਮੰਤਰੀ, ਪੰਜਾਬ ਦੇ ਆਦੇਸ਼ਾਂ ”ਤੇ ਗ੍ਰਿਫ਼ਤਾਰ ਕੀਤਾ ਹੈ। ਇਹ ਉਹੀ ਮਾਮਲਾ ਹੈ ਜਿਸ ਨੂੰ ਭਾਰਤ ਦੀ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਸੀ। ਪੁਲਿਸ ਨੇ ਇੱਕ ਮਜ਼ਬੂਤ ਅਤੇ ਆਵਾਜ਼ ਚੁੱਕਣ ਵਾਲੇ ਆਗੂ ਦੀ ਆਵਾਜ਼ ਨੂੰ ਦਬਾਉਣ ਲਈ ਸਾਰੀਆਂ ਪ੍ਰਕਿਰਿਆਵਾਂ ਨੂੰ ਬਾਈਪਾਸ ਕਰ ਦਿੱਤਾ ਹੈ ਅਤੇ ਇੱਥੋਂ ਤੱਕ ਕਿ ਸੁਪਰੀਮ ਕੋਰਟ ਦੇ ਆਦੇਸ਼ ਨੂੰ ਵੀ। ਮੇਰੇ ਪਿਤਾ ਨੇ ਮੈਨੂੰ ਸਾਰਿਆਂ ਨੂੰ ਸੂਚਿਤ ਕਰਨ ਲਈ ਕਿਹਾ ਹੈ ਕਿ ਉਹ ਕਿਸੇ ਵੀ ਝੂਠੇ ਇਲਜ਼ਾਮ ਤੋਂ ਡਰਨ ਵਾਲੇ ਨਹੀਂ ਹਨ ਅਤੇ ਅੰਤ ਤੱਕ ਪੰਜਾਬ ਲਈ ਲੜਨਗੇ। ਸੱਚ ਦੀ ਜਿੱਤ ਹੋਵੇਗੀ।”
ਇਸ ਵੀਡੀਓ ਵਿੱਚ ਗ੍ਰਿਫ਼ਤਾਰੀ ਬਾਰੇ ਪੁੱਛਣ ”ਤੇ ਡੀਐਸਪੀ ਅੱਛਰੂ ਰਾਮ ਨੇ ਖਹਿਰਾ ਨੂੰ ਦੱਸਿਆ ਕਿ ਨਸ਼ਿਆਂ ਦੇ ਮਾਮਲੇ ਵਿੱਚ ਡੀਆਈਜੀ ਰੈਂਕ ਦੇ ਅਧਿਕਾਰੀ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਸੀ, ਜਿਸ ਵਿੱਚ ਇੱਕ ਐਸਐਸਪੀ ਅਤੇ ਦੋ ਐਸਪੀ ਵੀ ਸ਼ਾਮਲ ਹਨ।