ਖ਼ਾਲਿਸਤਾਨ-ਪੱਖੀ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਕੁਝ ਮਹੀਨਿਆਂ ਬਾਅਦ, ਇੱਕ ਸਿੱਖ ਕਾਰਕੁਨ ਨੂੰ ਕਥਿਤ ਤੌਰ ‘ਤੇ ਪੁਲਿਸ ਵੱਲੋਂ ਉਸ ਦੀ ਜਾਨ ਨੂੰ ਖ਼ਤਰੇ ਵਿਚ ਹੋਣ ਬਾਰੇ ਚਿਤਾਵਨੀ ਦਿੱਤੀ ਗਈ ਸੀ। ਡਿਊਟੀ ਟੂ ਵੌਰਨ ਦੇ ਸਿਰਲੇਖ ਵਾਲੇ ਨਵੇਂ ਸਾਹਮਣੇ ਆਏ ਦਸਤਾਵੇਜ਼ ਵਿਚ ਗੁਰਮੀਤ ਸਿੰਘ ਤੂਰ ਨੂੰ ਸੰਬੋਧਿਤ ਕੀਤਾ ਗਿਆ ਹੈ ਅਤੇ ਇਹ ਦਸਤਾਵੇਜ਼ ਖ਼ਾਲਿਸਤਾਨ-ਪੱਖੀ ਸਮੂਹ ਸਿੱਖਸ ਫ਼ੌਰ ਜਸਟਿਸ ਨੇ ਜਨਤਕ ਕੀਤਾ ਹੈ।
ਇੱਕ ਅਨੁਵਾਦਕ ਰਾਹੀਂ ਬੋਲਦਿਆਂ, ਗੁਰਮੀਤ ਸਿੰਘ ਤੂਰ ਨੇ ਪੁਸ਼ਟੀ ਕੀਤੀ ਕਿ ਸਰੀ RCMP ਅਤੇ ਇੰਟੈਗ੍ਰੇਟੇਡ ਨੈਸ਼ਨਲ ਸਿਕਿਓਰਟੀ ਐਨਫ਼ੋਰਸਮੈਂਟ ਟੀਮ (INSET) 24 ਅਗਸਤ ਨੂੰ ਰਾਤੀਂ ਕਰੀਬ 11:30 ਵਜੇ ਉਨ੍ਹਾਂ ਦੇ ਘਰ ਆਈ ਸੀ ਅਤੇ ਖ਼ਤਰੇ ਬਾਰੇ ਚਿਤਾਵਨੀ ਦਿੱਤੀ ਸੀ। ਦਸਤਾਵੇਜ਼ ਦੇ ਇੱਕ ਹਿੱਸੇ ਵਿਚ ਲਿਖਿਆ ਹੈ, ਪੁਲਿਸ ਨੇ ਇੱਕ ਜਾਂ ਇੱਕ ਤੋਂ ਵੱਧ ਤਫ਼ਤੀਸ਼ੀ ਤਰੀਕਿਆਂ ਦੁਆਰਾ ਇਹ ਨਿਰਧਾਰਤ ਕੀਤਾ ਹੈ ਕਿ ਤੁਹਾਡੀ ਜ਼ਿੰਦਗੀ ਖ਼ਤਰੇ ਵਿੱਚ ਹੋ ਸਕਦੀ ਹੈ।
ਸਿੱਖਸ ਫ਼ੌਰ ਜਸਟਿਸ ਨੇ ਇੱਕ ਲਿਖਤੀ ਬਿਆਨ ਵਿੱਚ ਕਿਹਾ ਕਿ ਤੂਰ ਗੁਰੂ ਨਾਨਕ ਸਿੱਖ ਗੁਰਦੁਆਰੇ ਦਾ ਇੱਕ ਸੀਨੀਅਰ ਮੈਂਬਰ ਹੈ, ਅਤੇ ਉਹ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦਾ ਨਜ਼ਦੀਕੀ ਸਾਥੀ ਸੀ। ਨਿੱਝਰ ਨੂੰ 18 ਜੂਨ ਨੂੰ ਗੁਰਦੁਆਰੇ ਦੇ ਬਾਹਰ ਗੋਲੀ ਮਾਰ ਦਿੱਤੀ ਗਈ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਨਿੱਝਰ ਦੇ ਕਤਲ ਤੋਂ ਬਾਅਦ, ਤੂਰ ਨੇ ਖ਼ਾਲਿਸਤਾਨ ਦੇ ਸਮਰਥਨ ਵਿਚ ਰਾਏਸ਼ੁਮਾਰੀ ਲਈ ਬੀਸੀ ਵਿਚ ਸਰਗਰਮੀ ਨਾਲ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ।
ਤੂਰ ਨੇ ਇੱਕ ਅਨੁਵਾਦਕ ਰਾਹੀਂ ਕਿਹਾ ਕਿ ਦਸਤਾਵੇਜ਼ ਪੇਸ਼ ਕਰਨ ‘ਤੇ, RCMP ਨੇ ਉਸ ਨੂੰ ਪੁੱਛਿਆ ਕਿ ਉਹ ਕਿਹੜੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੈ, ਪਰ ਅਧਿਕਾਰੀਆਂ ਨੇ ਉਸ ਨੂੰ ਕਥਿਤ ਖ਼ਤਰਿਆਂ ਬਾਰੇ ਹੋਰ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ। ਤੂਰ ਨੇ ਕਿਹਾ ਕਿ ਚਿਤਾਵਨੀ ਮਿਲਣ ਦੇ ਬਾਅਦ ਤੋਂ ਉਹ ਆਪਣੀ ਸੁਰੱਖਿਆ ਲਈ ਚਿੰਤਤ ਹੈ ਅਤੇ ਉਹ ਆਪਣੇ ਆਲੇ ਦੁਆਲੇ ਪ੍ਰਤੀ ਵਧੇਰੇ ਚੌਕਸ ਰਹਿੰਦਾ ਹੈ।
(ਸੀਬੀਸੀ ਨਿਊਜ਼)