GTA News Media

Top Info Bar
22.1°C Toronto Loading date...
Canada

ਭਾਰਤ ਨਾਲ ਵਪਾਰ ‘ਤੇ ਨਿਰਭਰ ਬੀਸੀ ਦੇ ਕਾਰੋਬਾਰੀਆਂ ਦੀਆਂ ਵਧੀਆਂ ਚਿੰਤਾਵਾਂ

ਭਾਰਤ ਨਾਲ ਵਪਾਰ ‘ਤੇ ਨਿਰਭਰ ਬੀਸੀ ਦੇ ਕਾਰੋਬਾਰੀਆਂ ਦੀਆਂ ਵਧੀਆਂ ਚਿੰਤਾਵਾਂ
Share this post via:

ਭਾਰਤ ਨੂੰ ਆਪਣੇ ਉਤਪਾਦ ਵੇਚਣ ਵਾਲੇ ਬੀਸੀ ਦੇ ਕੁਝ ਬਿਜ਼ਨਸ ਮਾਲਕਾਂ ਦਾ ਕਹਿਣਾ ਹੈ ਕਿ ਕੈਨੇਡਾ ਅਤੇ ਭਾਰਤ ਦਰਮਿਆਨ ਚੱਲ ਰਹੇ ਕੂਟਨੀਤਕ ਤਣਾਅ ਕਰਕੇ ਉਹ ਆਪਣੇ ਭਵਿੱਖ ਅਤੇ ਆਪਣੇ ਗੁਜ਼ਾਰੇ ਨੂੰ ਲੈਕੇ ਚਿੰਤਤ ਹਨ।  ਪਰ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੁਆਰਾ ਸਰੀ ਦੇ ਇੱਕ ਸਿੱਖ ਕਾਰਕੁਨ ਦੀ ਹੱਤਿਆ ਦੇ ਭਾਰਤ ‘ਤੇ ਦੋਸ਼ ਲਾਉਣ ਤੋਂ ਬਾਅਦ, ਦੋਵਾਂ ਮੁਲਕਾਂ ਵਿਚ ਤਣਾਅ ਵਧ ਗਿਆ ਹੈ।

ਬੀਸੀ ਸਰਕਾਰ ਦੇ ਅੰਕੜਿਆਂ ਅਨੁਸਾਰ ਭਾਰਤ ਬੀਸੀ ਦਾ ਪੰਜਵਾਂ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। 2022 ਵਿੱਚ, ਭਾਰਤ ਅਤੇ ਕੈਨੇਡਾ ਦਰਮਿਆਨ ਲਗਭਗ $20 ਬਿਲੀਅਨ ਦੀਆਂ ਵਸਤਾਂ ਅਤੇ ਸੇਵਾਵਾਂ ਦਾ ਰਿਕਾਰਡ ਆਯਾਤ-ਨਿਰਯਾਤ ਹੋਇਆ ਸੀ। ਕੈਨੇਡਾ ਵੈਸਟ ਫ਼ਾਊਂਡੇਸ਼ਨ ਦੇ ਵਿਸ਼ਲੇਸ਼ਕ, ਕਾਰਲੋ ਡੇਡ ਨੇ ਕਿਹਾ ਕਿ ਇਹ ਸਿਆਸੀ ਤਣਾਅ ਅਜਿਹੇ ਸਮੇਂ ਵਿਚ ਸ਼ੁਰੂ ਹੋਇਆ ਹੈ ਜਦੋਂ ਦੋਵੇਂ ਦੇਸ਼ਾਂ ਦਰਮਿਆਨ ਹਿੰਦ-ਪ੍ਰਸ਼ਾਂਤ ਰਣਨੀਤੀ ਦੇ ਤਹਿਤ ਵਪਾਰਕ ਗੱਲਬਾਤ ਚਲ ਰਹੀ ਸੀ। ਪ੍ਰਧਾਨ ਮੰਤਰੀ ਟ੍ਰੂਡੋ ਦੇ ਵਿਸਫ਼ੋਟਕ ਬਿਆਨਾਂ ਤੋਂ ਪਹਿਲਾਂ ਵਪਾਰ ਮੰਤਰੀ ਮੈਰੀ ਇੰਗ ਨੇ ਅਕਤੂਬਰ ਵਿਚ ਭਾਰਤ ਭੇਜੇ ਜਾਣ ਵਾਲੇ ਟ੍ਰੇਡ ਮਿਸ਼ਨ ਨੂੰ ਵੀ ਰੱਦ ਕਰ ਦਿੱਤਾ ਸੀ।

ਕਾਰਲੋ ਦਾ ਕਹਿਣਾ ਹੈ ਕਿ ਨਾ ਤਾਂ ਵਪਾਰਕ ਗੱਲਬਾਤ ਅਤੇ ਨਾ ਹੀ ਵਪਾਰ ਮਿਸ਼ਨ, ਦੋਵਾਂ ਤੋਂ ਇੱਕ ਦਮ ਬਾਅਦ ਭਾਵੇਂ ਕੋਈ ਵਪਾਰਕ ਵਾਧਾ ਨਹੀਂ ਹੁੰਦਾ, ਪਰ ਇਸ ਨਾਲ ਵਪਾਰਕ ਦਿਸ਼ਾ ਸਪਸ਼ਟ ਜ਼ਰੂਰ ਹੋ ਜਾਂਦੀ ਹੈ। ਪਰ ਇਸ ਵੇਲੇ ਅਨਿਸ਼ਚਿਤਤਾ ਹੈ, ਹਾਲਾਂਕਿ ਕਾਰਲੋ ਨੇ ਉਮੀਦ ਜਤਾਈ ਹੈ ਕਿ ਕੈਨੇਡਾ ਅਤੇ ਭਾਰਤ ਦਰਮਿਆਨ ਵਪਾਰ ਉਸੇ ਤਰ੍ਹਾਂ ਜਾਰੀ ਰਹੇਗਾ ਜਿਵੇਂ ਕਿ ਕਈ ਸਾਲ ਪਹਿਲਾਂ ਕੈਨੇਡਾ ਅਤੇ ਚੀਨ ਵਿਚਕਾਰ ਸਬੰਧ ਟੁੱਟਣ ‘ਤੇ ਜਾਰੀ ਰਿਹਾ ਸੀ।

ਸਰੀ ਬੋਰਡ ਔਫ਼ ਟ੍ਰੇਡ ਦੀ ਸੀਈਓ, ਅਨੀਤਾ ਹੂਬਰਮੈਨ ਨੇ ਕਿਹਾ ਕਿ ਉਹ 2011 ਵਿੱਚ ਭਾਰਤ ਵਿਚ ਆਪਣੇ ਪਹਿਲੇ ਵਪਾਰਕ ਮਿਸ਼ਨ ਤੋਂ ਬਾਅਦ ਆਪਣੀ ਟੀਮ ਨਾਲ ਮਿਲਕੇ ਭਾਰਤ ਨਾਲ ਸਬੰਧ ਬਣਾਉਣ ਲਈ ਕੰਮ ਕਰ ਰਹੀ ਹੈ ਅਤੇ ਤਾਜ਼ਾ ਤਣਾਅ ਤੋਂ ਉਹ ਬੇਹੱਦ ਨਿਰਾਸ਼ ਹੈ। ਅਨੀਤਾ ਨੇ ਕਿਹਾ ਕਿ ਭਾਰਤ ਵੱਲੋਂ ਕੈਨੇਡਾ ਵਿਚ ਵੀਜ਼ਾ ਸੇਵਾਵਾਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਕਾਰੋਬਾਰਾਂ ਨੂੰ ਡਾਢੀ ਪ੍ਰੇਸ਼ਾਨੀ ਹੋਈ, ਕਿਉਂਕਿ ਵਪਾਰਕ ਸਬੰਧਤ ਬਣਾਉਣ ਲਈ ਤੁਹਾਨੂੰ ਵਿਅਕਤੀਗਤ ਰੂਪ ਵਿਚ ਜ਼ਮੀਨੀ ਪੱਧਰ ‘ਤੇ ਜਾਣਾ ਪੈਂਦਾ ਹੈ। ਉਸਨੇ ਉਮੀਦ ਜਤਾਈ ਹੈ ਕਿ ਦੋਵੇਂ ਸਰਕਾਰਾਂ ਜਲਦੀ ਹੀ ਕੋਈ ਸਕਾਰਾਤਮਕ ਰਸਤਾ ਲੱਭ ਸਕਦੀਆਂ ਹਨ।

(ਸੀਬੀਸੀ ਨਿਊਜ਼)