GTA News Media

Top Info Bar
22.1°C Toronto Loading date...
Canada World

ਭਾਰਤ-ਕੈਨੇਡਾ ਦੀਆਂ ਸਰਕਾਰਾਂ ਨੂੰ ਮਤਭੇਦ ਸੁਲਝਾਉਣ ਲਈ ਕਰਨੀ ਪਵੇਗੀ ਗੱਲਬਾਤ: ਜੈਸ਼ੰਕਰ

ਭਾਰਤ-ਕੈਨੇਡਾ ਦੀਆਂ ਸਰਕਾਰਾਂ ਨੂੰ ਮਤਭੇਦ ਸੁਲਝਾਉਣ ਲਈ ਕਰਨੀ ਪਵੇਗੀ ਗੱਲਬਾਤ: ਜੈਸ਼ੰਕਰ
Share this post via:

ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਦੀਆਂ ਸਰਕਾਰਾਂ ਨੂੰ ਇਕ ਦੂਜੇ ਨਾਲ ਗੱਲਬਾਤ ਕਰਨੀ ਹੋਵੇਗੀ ਅਤੇ ਦੇਖਣਾ ਹੋਵੇਗਾ ਕਿ ਉਹ ਖਾਲਿਸਤਾਨ ਪੱਖੀ ਹਰਦੀਪ ਸਿੰਘ ਨਿੱਝਰ ਦੀ ਮੌਤ ਨੂੰ ਲੈ ਕੇ ਆਪਣੇ ਮਤਭੇਦਾਂ ਨੂੰ ਕਿਵੇਂ ਸੁਲਝਾਉਂਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅੱਤਵਾਦ, ਕੱਟੜਵਾਦ ਅਤੇ ਚੋਣ ਦਖਲਅੰਦਾਜ਼ੀ ਦੇ ਸਭ ਤੋਂ ਵੱਡੇ ਮੁੱਦਿਆਂ ਨੂੰ ਹੱਲ ਕਰਨਾ ਹੋਵੇਗਾ। ਵਾਸ਼ਿੰਗਟਨ ਵਿੱਚ ਭਾਰਤੀ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਜੈਸ਼ੰਕਰ ਨੇ ਕਿਹਾ ਕਿ ਭਾਰਤ ਬ੍ਰਿਟਿਸ਼ ਕੋਲੰਬੀਆ ਵਿੱਚ 18 ਜੂਨ ਨੂੰ ਨਿੱਝਰ ਦੀ ਹੱਤਿਆ ਵਿੱਚ ਇੱਕ ਭਾਰਤੀ ਏਜੰਟ ਦੀ “ਸੰਭਵ” ਸ਼ਮੂਲੀਅਤ ਦੇ ਕੈਨੇਡਾ ਦੇ ਦੋਸ਼ਾਂ ਬਾਰੇ ਜਾਣਕਾਰੀ ‘ਤੇ ਵਿਚਾਰ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ, “ਮਾਮਲਾ ਇਹ ਹੈ ਕਿ ਕੈਨੇਡਾ ਨੇ ਕੁਝ ਦੋਸ਼ ਲਾਏ ਹਨ। ਅਸੀਂ ਉਨ੍ਹਾਂ ਨੂੰ ਦੱਸਿਆ ਹੈ ਕਿ ਇਹ ਭਾਰਤ ਸਰਕਾਰ ਦੀ ਨੀਤੀ ਨਹੀਂ ਹੈ, ਪਰ ਜੇਕਰ ਉਹ ਸਾਡੇ ਨਾਲ ਕੋਈ ਖਾਸ ਜਾਣਕਾਰੀ ਅਤੇ ਕੁਝ ਵੀ ਢੁਕਵਾਂ ਸਾਂਝਾ ਕਰਨਾ ਚਾਹੁੰਦੇ ਹਨ, ਤਾਂ ਅਸੀਂ ਉਸ ‘ਤੇ ਵਿਚਾਰ ਕਰਨ ਲਈ ਵੀ ਤਿਆਰ ਹਾਂ।”

ਭਾਰਤ ਦੇ ਕੈਨੇਡਾ ਅਤੇ ਉਸ ਦੀ ਸਰਕਾਰ ਨਾਲ ਪਿਛਲੇ ਕੁਝ ਸਾਲਾਂ ਤੋਂ ਕੁਝ ਮਤਭੇਦ ਹਨ ਅਤੇ ਸਮੱਸਿਆ ਅੱਤਵਾਦ, ਕੱਟੜਵਾਦ ਅਤੇ ਚੋਣਾਂ ਵਿਚ ਦਖਲਅੰਦਾਜ਼ੀ ਦੇ ਸਬੰਧ ਵਿਚ “ਇਜਾਜ਼ਤ ਦੇਣ” ਦੇ ਦੁਆਲੇ ਕੇਂਦਰਿਤ ਹਨ। ਉਨ੍ਹਾਂ ਕਿਹਾ, ”ਇਹ ਇਜਾਜ਼ਤ ਇਸ ਗੱਲ ਤੋਂ ਵੀ ਪਤਾ ਲੱਗਦੀ ਹੈ ਕਿ ਕੁਝ ਮਹੱਤਵਪੂਰਨ ਹਵਾਲਗੀ ਬੇਨਤੀਆਂ ‘ਤੇ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ, ਜਦਕਿ ਕੁਝ ਅਜਿਹੇ ਲੋਕ ਅਤੇ ਸੰਗਠਨ ਹਨ ਜੋ ਭਾਰਤ ਵਿਚ ਸਪੱਸ਼ਟ ਤੌਰ ‘ਤੇ ਹਿੰਸਾ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ‘ਚ ਸ਼ਾਮਲ ਹਨ ਅਤੇ ਉਨ੍ਹਾਂ ਨੇ ਖੁਦ ਵੀ ਇਸ ਗੱਲ ਨੂੰ ਸਵੀਕਾਰ ਕੀਤਾ ਹੈ। ਮੇਰਾ ਮਤਲਬ ਹੈ, ਇਹ ਕੋਈ ਲੁਕੀ ਹੋਈ ਗੱਲ ਨਹੀਂ ਹੈ ਅਤੇ ਉਹ ਕੈਨੇਡਾ ਵਿੱਚ ਆਪਣੀਆਂ ਗਤੀਵਿਧੀਆਂ ਜਾਰੀ ਰੱਖ ਰਹੇ ਹਨ।’

ਜੈਸ਼ੰਕਰ ਨੇ ਕਿਹਾ ਕਿ ਇੱਕ ਸਮੱਸਿਆ ਇਹ ਵੀ ਹੈ ਕਿ ਕੋਈ ਵੀ ਘਟਨਾ ਅਲੱਗ ਨਹੀਂ ਹੁੰਦੀ। ਉੱਥੇ ਬਹੁਤ ਸਾਰੀਆਂ ਸਮੱਸਿਆਵਾਂ ਹਨ। ਇਸ ਲਈ ਮੈਨੂੰ ਲੱਗਦਾ ਹੈ ਕਿ ਕਿਸੇ ਇੱਕ ਘਟਨਾ ਦੇ ਮਾਮਲੇ ਵਿੱਚ, ਸਬੰਧਤ ਸਰਕਾਰਾਂ ਨੂੰ ਇੱਕ ਦੂਜੇ ਨਾਲ ਗੱਲ ਕਰਨੀ ਪਵੇਗੀ ਅਤੇ ਦੇਖਣਾ ਹੋਵੇਗਾ ਕਿ ਉਹ ਇਸ ਨੂੰ ਕਿਵੇਂ ਸੁਲਝਾਉਂਦੇ ਹਨ। ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਕੂਟਨੀਤਕ ਵਿਵਾਦ ‘ਤੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ.) ਜੇਕ ਸੁਲੀਵਾਨ ਨਾਲ ਚਰਚਾ ਕੀਤੀ। ਉਨ੍ਹਾਂ ਕਿਹਾ, ”ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕੈਨੇਡਾ ਵਿਚ ਸਾਡੇ ਡਿਪਲੋਮੈਟਿਕ ਮਿਸ਼ਨਾਂ ਅਤੇ ਸਾਡੇ ਦੂਤਘਰ ਦੇ ਕਰਮਚਾਰੀਆਂ ਨੂੰ ਵਾਰ-ਵਾਰ ਇਸ ਹੱਦ ਤੱਕ ਧਮਕੀ ਦਿੱਤੀ ਜਾ ਰਹੀ ਹੈ ਕਿ ਅੱਜ ਉਨ੍ਹਾਂ ਲਈ ਉਥੇ ਕੰਮ ਕਰਨਾ ਸੁਰੱਖਿਅਤ ਨਹੀਂ ਹੈ। ਜਿਸ ਕਾਰਨ ਸਾਨੂੰ ਆਪਣੀਆਂ ਵੀਜ਼ਾ ਸੇਵਾਵਾਂ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰਨਾ ਪਿਆ, ਜੋ ਅਸੀਂ ਕਰਨਾ ਪਸੰਦ ਨਹੀਂ ਕਰਦੇ। ਉਨ੍ਹਾਂ ਨੇ ਸਾਡੇ ਲਈ ਉਨ੍ਹਾਂ ਸੇਵਾਵਾਂ ਨੂੰ ਚਲਾਉਣਾ ਮੁਸ਼ਕਲ ਬਣਾ ਦਿੱਤਾ ਹੈ।”