ਕੈਨੇਡਾ ਦੀ ਵਿਦੇਸ਼ ਮੰਤਰੀ ਮੈਲੇਨੀ ਜੋਲੀ ਨੇ ਕਿਹਾ ਕਿ ਕੈਨੇਡਾ ਭਾਰਤ ਨਾਲ ਚਲ ਰਹੇ ਕੂਟਨੀਤਕ ਵਿਵਾਦ ਨੂੰ ਸੁਲਝਾਉਣ ਲਈ ਨਿੱਜੀ ਗੱਲਬਾਤ ਚਾਹੁੰਦਾ ਹੈ। ਭਾਰਤ ਦੁਆਰਾ ਕੈਨੇਡਾ ਨੂੰ ਆਪਣੇ 41 ਡਿਪਲੋਮੈਟਾਂ ਨੂੰ ਵਾਪਸ ਸੱਦਣ ਦੀਆਂ ਖ਼ਬਰਾਂ ਤੋਂ ਬਾਅਦ ਜੋਲੀ ਦਾ ਇਹ ਬਿਆਨ ਆਇਆ ਹੈ। ਫ਼ਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਅਨੁਸਾਰ, ਭਾਰਤ ਨੇ ਕੈਨੇਡਾ ਨੂੰ 10 ਅਕਤੂਬਰ ਤੱਕ 41 ਡਿਪਲੋਮੈਟਾਂ ਨੂੰ ਵਾਪਸ ਬੁਲਾਉਣ ਲਈ ਆਖਿਆ ਹੈ।
ਹਾਲਾਂਕਿ, ਇਹ ਪੁੱਛੇ ਜਾਣ ‘ਤੇ ਕਿ ਕੀ ਉਕਤ ਰਿਪੋਰਟ ਸਹੀ ਹੈ, ਨਾ ਤਾਂ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਅਤੇ ਨਾ ਹੀ ਮੈਲੇਨੀ ਜੋਲੀ ਨੇ ਕੋਈ ਜਵਾਬ ਦਿੱਤਾ। ਜੋਲੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, ਅਸੀਂ ਭਾਰਤ ਸਰਕਾਰ ਦੇ ਸੰਪਰਕ ਵਿੱਚ ਹਾਂ। ਅਸੀਂ ਕੈਨੇਡੀਅਨ ਡਿਪਲੋਮੈਟਾਂ ਦੀ ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਅਸੀਂ ਪ੍ਰਾਈਵੇਟ ਤੌਰ ‘ਤੇ ਗੱਲਬਾਤ ਜਾਰੀ ਰੱਖਾਂਗੇ, ਕਿਉਂਕਿ ਅਸੀਂ ਸੋਚਦੇ ਹਾਂ ਕਿ ਕੂਟਨੀਤਕ ਗੱਲਬਾਤ ਉਦੋਂ ਸਭ ਤੋਂ ਵਧੀਆ ਹੁੰਦੀ ਹੈ ਜਦੋਂ ਉਹ ਪ੍ਰਾਈਵੇਟ ਵਿਚ ਹੋਵੇ।
ਕੈਨੇਡਾ ਵਿਚ ਇੱਕ ਸਿੱਖ ਵੱਖਵਾਦੀ ਆਗੂ ਅਤੇ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਇਲਜ਼ਾਮਾਂ ਨੂੰ ਲੈਕੇ ਕੈਨੇਡਾ ਅਤੇ ਭਾਰਤ ਦਰਮਿਆਨ ਰਿਸ਼ਤੇ ਤਣਾਅਪੂਰਨ ਹੋ ਗਏ ਹਨ। ਕੁਝ ਹਫ਼ਤੇ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ 18 ਜੂਨ ਨੂੰ ਬੀਸੀ ਵਿਚ ਹਰਦੀਪ ਸਿੰਘ ਨਿਝਰ ਦੇ ਹੋਏ ਕਤਲ ਪਿੱਛੇ ਭਾਰਤ ਸਰਕਾਰ ਦਾ ਹੱਥ ਹੋਣ ਦਾ ਦੋਸ਼ ਲਗਾਇਆ ਹੈ। ਟ੍ਰੂਡੋ ਨੇ ਕਿਹਾ ਸੀ ਕਿ ਕੈਨੇਡਾ ਦੇ ਰਾਸ਼ਟਰੀ ਸੁਰੱਖਿਆ ਤੰਤਰ ਕੋਲ ਇਹ ਮੰਨਣ ਦੇ ਕਾਰਨ ਮੌਜੂਦ ਹਨ ਕਿ ਨਿੱਝਰ ਦੀ ਹੱਤਿਆ ਭਾਰਤ ਸਰਕਾਰ ਦੇ ਏਜੰਟਾਂ ਨੇ ਕੀਤੀ ਹੈ।
ਭਾਰਤ ਨੇ ਨਿੱਝਰ ਨੂੰ ਅੱਤਵਾਦੀ ਐਲਾਨਿਆ ਹੋਇਆ ਸੀ, ਪਰ ਭਾਰਤ ਨੇ ਨਿੱਝਰ ਦੇ ਕਤਲ ਵਿਚ ਕਿਸੇ ਸ਼ਮੂਲੀਅਤ ਦੇ ਕੈਨੇਡਾ ਵੱਲੋਂ ਕੀਤੇ ਦਾਅਵਿਆਂ ਨੂੰ ਸਿਰੇ ਤੋਂ ਖ਼ਾਰਜ ਕੀਤਾ ਹੈ। ਫਾਈਨੈਂਸ਼ੀਅਲ ਟਾਈਮਜ਼ ਨੇ ਸਰਕਾਰੀ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਭਾਰਤ ਨੇ 10 ਅਕਤੂਬਰ ਤੋਂ ਬਾਅਦ ਵੀ ਉੱਥੇ ਰਹਿ ਜਾਣ ਵਾਲੇ ਡਿਪਲੋਮੈਟਸ ਦੀ ਡਿਪਲੋਮੈਟਿਕ ਛੋਟ ਨੂੰ ਰੱਦ ਕਰਨ ਦੀ ਧਮਕੀ ਦਿੱਤੀ ਹੈ। ਭਾਰਤ ਵਿਚ ਕੈਨੇਡਾ ਦੇ 62 ਡਿਪਲੋਮੈਟ ਹਨ।
ਭਾਰਤ ਦੇ ਵਿਦੇਸ਼ ਮੰਤਰੀ ਸੁਬਰਾਮਨੀਅਮ ਜੈਸ਼ੰਕਰ ਨੇ ਪਹਿਲਾਂ ਕਿਹਾ ਸੀ ਕਿ ਕੈਨੇਡਾ ਵਿੱਚ ਭਾਰਤੀ ਡਿਪਲੋਮੈਟਾਂ ਵਿਰੁੱਧ ਹਿੰਸਾ ਅਤੇ ਧਮਕੀਆਂ ਦਾ ਮਾਹੌਲ ਸੀ, ਅਤੇ ਸਿੱਖ ਵੱਖਵਾਦੀ ਸਮੂਹਾਂ ਦੀ ਮੌਜੂਦਗੀ ਨੇ ਭਾਰਤ ਨੂੰ ਨਿਰਾਸ਼ ਕੀਤਾ ਹੈ।