ਵਿਨੀਪੈਗ ਦੇ ਅਵਤਾਰ ਸਿੰਘ ਸੋਹੀ ਨੇ ਕੈਨੇਡਾ ਇਮੀਗ੍ਰੇਸ਼ਨ ਐਂਡ ਰਿਫ਼ਿਊਜੀ ਪ੍ਰੋਟੈਕਸ਼ਨ ਐਕਟ ਤਹਿਤ ਜਾਣਕਾਰੀ ਦੀ ਗ਼ਲਤ ਪੇਸ਼ਕਾਰੀ ਕਰਨ ਲਈ ਆਪਣਾ ਜੁਰਮ ਕਬੂਲ ਲਿਆ ਹੈ। 41 ਸਾਲ ਦੇ ਅਵਤਾਰ ਸਿੰਘ ਸੋਹੀ ਨੇ LMIA ‘ਤੇ ਕੈਨੇਡਾ ਆਈ ਇੱਕ ਸਾਊਥ ਏਸ਼ੀਅਨ ਔਰਤ ਤੋਂ 20,000 ਡਾਲਰ ਲੈਕੇ ਇਹ ਕਲੇਮ ਕੀਤਾ ਕਿ ਉਹ ਔਰਤ ਉਸ ਦੇ ਲਈ ਨੈਨੀ ਵੱਜੋਂ ਕੰਮ ਕਰ ਰਹੀ ਸੀ। ਮੈਨੀਟੋਬਾ ਦੀ ਪ੍ਰੋਵਿੰਸ਼ੀਅਲ ਕੋਰਟ ਨੇ ਸੋਮਵਾਰ ਨੂੰ ਸੁਣਵਾਈ ਕੀਤੀ ਕਿ ਔਰਤ ਗ਼ੈਰ-ਕਾਨੂੰਨੀ ਤੌਰ ‘ਤੇ ਕਿਤੇ ਹੋਰ ਕੰਮ ਕਰ ਰਹੀ ਸੀ, ਪਰ ਅਵਤਾਰ ਨੇ ਉਸ ਨੂੰ ਇਹ ਦਿਖਾਉਣ ਲਈ ਤਨਖ਼ਾਹ ਦੀਆਂ ਰਸੀਦਾਂ ਪ੍ਰਦਾਨ ਕੀਤੀਆਂ ਕਿ ਉਹ ਮਾਰਚ 2019 ਤੋਂ ਜੁਲਾਈ 2021 ਤੱਕ ਉਸ ਲਈ ਕੰਮ ਕਰ ਰਹੀ ਸੀ। ਅਵਤਾਰ ਨੇ ਉਸ ਔਰਤ ਨੂੰ ਹੋਰ ਵੀ ਕਈ ਦਸਤਾਵੇਜ਼ ਮੁਹੱਈਆ ਕਰਵਾਏ ਜੋ ਉਸਨੇ ਆਪਣੀ ਪਰਮਾਨੈਂਟ ਰੈਜ਼ੀਡੈਂਸੀ ਦੀ ਅਰਜ਼ੀ ਵਿਚ ਇਸਤੇਮਾਲ ਕੀਤੇ।
ਸਰਕਾਰੀ ਵਕੀਲ ਮੈਟ ਸਿਨਕਲੇਅਰ ਨੇ ਕਿਹਾ, ਇਮੀਗ੍ਰੇਸ਼ਨ ਸਿਸਟਮ ਨੂੰ ਕਮਜ਼ੋਰ ਕਰਨ ਲਈ ਦਸਤਾਵੇਜ਼ ਤਿਆਰ ਕਰਕੇ, ਅਵਤਾਰ ਨੇ ਧੋਖਾਧੜੀ ਕੀਤੀ। ਦੋਵੇਂ ਪੱਖ ਦੇ ਵਕੀਲ ਅਵਤਾਰ ਨੂੰ 20,000 ਡਾਲਰ ਦਾ ਜੁਰਮਾਨਾ ਹੋਣ ‘ਤੇ ਸਹਿਮਤ ਹੋਏ ਅਤੇ ਜੱਜ ਨੇ ਫ਼ੈਸਲੇ ‘ਤੇ ਦਸਤਖ਼ਤ ਕਰ ਦਿੱਤੇ। ਇਸ ਅਪਰਾਧ ਲਈ ਵੱਧ ਤੋਂ ਵੱਧ ਸਜ਼ਾ 50,000 ਡਾਲਰ ਜੁਰਮਾਨਾ ਅਤੇ/ਜਾਂ 2 ਸਾਲ ਦੀ ਜੇਲ ਹੈ। ਸਿਨਕਲੇਅਰ ਨੇ ਕਿਹਾ ਕਿ ਸਤੰਬਰ 2019 ਵਿੱਚ, ਕੈਨੇਡੀਅਨ ਬਾਰਡਰ ਸਰਵਿਸੇਜ਼ ਏਜੰਸੀ ਦੇ ਅਪਰਾਧਿਕ ਜਾਂਚ ਸੈਕਸ਼ਨ ਨੂੰ ਅਵਤਾਰ ਦੇ ਭਰਾ ਹਰਤਾਰ ਸਿੰਘ ਸੋਹੀ ਬਾਰੇ ਜਾਣਕਾਰੀ ਮਿਲੀ ਸੀ, ਜੋ ਕਿ ਇੱਕ ਇਮੀਗ੍ਰੇਸ਼ਨ ਕਨਸਲਟੈਂਟ ਹੈ ਅਤੇ ਅਬਰੌਡ ਇਮੀਗ੍ਰੇਸ਼ਨ ਦਾ ਮਾਲਕ ਹੈ।
ਹਰਤਾਰ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ ਪਰ ਅਜਿਹਾ ਨਹੀਂ ਲੱਗਦਾ ਹੈ ਕਿ ਉਸ ‘ਤੇ ਅਧਿਕਾਰਤ ਤੌਰ ‘ਤੇ ਕੇਸ ਵਿਚ ਦੋਸ਼ ਲਗਾਇਆ ਗਿਆ ਹੈ। ਸੀਬੀਸੀ ਨਿਊਜ਼ ਨੂੰ ਦੱਸਿਆ ਗਿਆ ਸੀ ਕਿ ਉਹ ਭਾਰਤ ਭੱਜ ਗਿਆ ਸੀ, ਪਰ ਸਿਨਕਲੇਅਰ ਨੇ ਇਸਦੀ ਪੁਸ਼ਟੀ ਨਹੀਂ ਕੀਤੀ। ਮਾਰਚ 2021 ਵਿੱਚ, CBSA ਦੇ ਜਾਂਚਕਰਤਾਵਾਂ ਨੇ ਅਬਰੌਡ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸੇਜ਼ ਨਾਲ ਜੁੜੀਆਂ ਤਿੰਨ ਸੰਪਤੀਆਂ ‘ਤੇ ਖੋਜ ਵਾਰੰਟ ਜਾਰੀ ਕਰਕੇ ਤਫਤੀਸ਼ ਕੀਤੀ ਸੀ। ਵਿਨੀਪੈਗ ਦੀ ਇਹ ਕੰਪਨੀ ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਪ੍ਰਾਪਤ ਕਰਾਉਣ ਵਿੱਚ ਮਾਹਰ ਹੈ।
ਪ੍ਰਾਪਤ ਖੋਜ ਵਾਰੰਟ ਦਸਤਾਵੇਜ਼ਾਂ ਦੇ ਅਨੁਸਾਰ, ਜਾਂਚ ਵਿੱਚ ਹਰਤਾਰ ਅਤੇ ਉਸਦੇ ਭਰਾ ਦੇ ਇੱਕ ਅਜਿਹੇ ਘਪਲੇ ਵਿੱਚ ਸ਼ਾਮਲ ਹੋਣ ਦੇ ਦੋਸ਼ਾਂ ਦੀ ਜਾਂਚ ਕੀਤੀ ਗਈ ਸੀ ਜਿਸ ਵਿੱਚ ਮੈਨੀਟੋਬਾ ਦੇ ਵਰਕ ਪਰਮਿਟ ਦੇ ਬਦਲੇ ਨਵੇਂ ਆਏ ਲੋਕਾਂ ਤੋਂ ਹਜ਼ਾਰਾਂ ਡਾਲਰ ਵਸੂਲੇ ਗਏ ਸਨ।ਅਦਾਲਤ ਨੂੰ ਦੱਸਿਆ ਗਿਆ ਕਿ ਤਲਾਸ਼ੀ ਦੌਰਾਨ, ਉਨ੍ਹਾਂ ਨੂੰ ਇੱਕ ਭਾਰਤੀ ਵਿਦੇਸ਼ੀ ਨਾਗਰਿਕ ਲਈ ਜਾਰੀ ਕੀਤਾ ਵਰਕ ਪਰਮਿਟ ਮਿਲਿਆ, ਜਿਸ ਨੇ ਉਸ ਔਰਤ ਨੂੰ ਅਵਤਾਰ ਅਤੇ ਉਸਦੀ ਪਤਨੀ ਲਈ ਨੈਨੀ ਵਜੋਂ ਕੰਮ ਕਰਨ ਦਾ ਅਧਿਕਾਰ ਦਿੱਤਾ ਸੀ। ਸਿਨਕਲੇਅਰ ਨੇ ਕਿਹਾ ਕਿ ਘਰ ਦੇ ਸੀਸੀਟੀਵੀ ਕੈਮਰਿਆਂ ਤੋਂ ਪਤਾ ਚੱਲਦਾ ਹੈ ਕਿ ਤਲਾਸ਼ੀ ਤੋਂ ਪਹਿਲਾਂ ਦੋ ਹਫ਼ਤਿਆਂ ਤੱਕ ਉਹ ਔਰਤ ਕਦੇ ਵੀ ਘਰ ਵਿੱਚ ਦਾਖ਼ਲ ਨਹੀਂ ਹੋਈ ਸੀ। ਜਾਂਚਕਰਤਾਵਾਂ ਨੇ ਫਿਰ ਔਰਤ ‘ ਤੇ ਨਜ਼ਰ ਰੱਖੀ ਅਤੇ ਪਾਇਆ ਕਿ ਉਹ ਬਿਨਾਂ ਅਧਿਕਾਰ ਦੇ ਕਿਸੇ ਹੋਰ ਜਗ੍ਹਾ ‘ਤੇ ਕੰਮ ਕਰ ਰਹੀ ਸੀ।
ਔਰਤ ਨੂੰ ਪੁੱਛਗਿੱਛ ਲਈ ਲਿਆਂਦਾ ਗਿਆ ਅਤੇ ਉਸਨੇ ਸ਼ੁਰੂ ਵਿੱਚ ਜਾਂਚਕਰਤਾਵਾਂ ਨੂੰ ਦੱਸਿਆ ਕਿ ਉਹ ਇੱਕ ਨੈਨੀ ਵਜੋਂ ਕੰਮ ਕਰਦੀ ਸੀ, ਪਰ ਬਾਅਦ ਵਿੱਚ ਉਸਨੇ ਮੰਨਿਆ ਕਿ ਉਸਦੇ ਪਰਿਵਾਰ ਨੇ ਉਸਦੀ LMIA ਲਈ $40,000 ਦਾ ਭੁਗਤਾਨ ਕੀਤਾ ਸੀ। ਪਰ ਜਦੋਂ ਉਹ ਕੈਨੇਡਾ ਪਹੁੰਚੀ ਤਾਂ ਉਸ ਨੂੰ ਦੱਸਿਆ ਗਿਆ ਕਿ ਉਸ ਲਈ ਕੋਈ ਨੌਕਰੀ ਨਹੀਂ ਹੈ। ਸਿਨਕਲੇਅਰ ਨੇ ਕਿਹਾ, ਉਸ ਨੂੰ ਦੱਸਿਆ ਗਿਆ ਸੀ ਕਿ ਜੇਕਰ ਉਹ ਇਹ ਦਿਖਾਉਣ ਲਈ ਪੇਅ ਸਟੱਬ (ਤਨਖ਼ਾਹ ਦੀਆਂ ਰਸੀਦਾਂ) ਲੈਣਾ ਚਾਹੁੰਦੀ ਹੈ ਕਿ ਉਹ ਅਵਤਾਰ ਸੋਹੀ ਲਈ ਨੈਨੀ ਵਜੋਂ ਕੰਮ ਕਰ ਰਹੀ ਹੈ, ਤਾਂ ਉਹ ਪੀ ਆਰ ਦੀ ਅਰਜ਼ੀ ਵਿਚ ਉਹਨਾਂ ਦੀ ਵਰਤੋਂ ਕਰ ਸਕਦੀ ਹੈ, ਪਰ ਉਸਨੂੰ ਪੇਅ ਸਟੱਬ ਲਈ ਭੁਗਤਾਨ ਕਰਨਾ ਪਵੇਗਾ।
ਅਵਤਾਰ ਦੇ ਵਕੀਲ, ਮਾਰਟੀ ਮਿਨੁਕ ਨੇ ਕਿਹਾ ਕਿ ਉਸ ਔਰਤ ਅਤੇ ਅਬਰੌਡ ਇਮੀਗ੍ਰੇਸ਼ਨ ਦਰਮਿਆਨ ਜੋ ਵੀ ਗੱਲਬਾਤ ਹੋਈ ਸੀ, ਉਸਦਾ ਖ਼ਾਮਿਆਜ਼ਾ ਅਵਤਾਰ ਭੁਗਤ ਰਿਹਾ ਹੈ। ਮਿਨੁਕ ਨੇ ਕਿਹਾ ਕਿ ਵਿਦੇਸ਼ੀ ਨਾਗਰਿਕ ਦਾ ਅਬਰੌਡ ਇਮੀਗ੍ਰੇਸ਼ਨ ਨਾਲ ਜੋ ਵੀ ਸਮਝੌਤਾ ਹੋਇਆ ਹੈ ਉਸ ਨਾਲ ਉਸ ਦੇ ਮੁਵੱਕਿਲ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਜ਼ਾਹਰ ਹੈ ਕਿ, ਜੋ ਕੁਝ ਵੀ ਤੈਅ ਕੀਤਾ ਗਿਆ ਸੀ, ਉਹ ਅਵਤਾਰ ਸੋਹੀ ਨੂੰ ਇੱਕ ਅਜਿਹੇ ਮਾਮਲੇ ਵਿਚ ਪਾਊਣ ਲਈ ਤੈਅ ਹੋਇਆ ਸੀ ਜਿਸ ਬਾਰੇ ਉਹ ਅਸਲ ਵਿਚ ਕੱਖ ਵੀ ਨਹੀਂ ਜਾਣਦੇ ਸਨ ਅਤੇ ਹੁਣ ਉਹ ਇਸ ਦੇ ਨਤੀਜੇ ਭੁਗਤ ਰਹੇ ਹਨ।
ਅਦਾਲਤ ਨੂੰ ਦੱਸਿਆ ਗਿਆ ਕਿ ਅਵਤਾਰ ਸਿੰਘ ਸੋਹੀ 2006 ਤੋਂ ਕੈਨੇਡਾ ਵਿੱਚ ਹੈ। ਉਹ ਵਿਆਹਿਆ ਹੋਇਆ ਹੈ ਅਤੇ ਉਸਦੇ ਦੋ ਬੱਚੇ ਹਨ। ਮੰਗਲਵਾਰ ਨੂੰ ਅਵਤਾਰ 42 ਸਾਲ ਦਾ ਹੋ ਗਿਆ ਹੈ ਅਤੇ ਉਹ ਕੈਨੇਡੀਅਨ ਨਾਗਰਿਕ ਹੈ। CBSA ਦੀ ਜਾਂਚ
ਜਨਵਰੀ 2022 ਵਿੱਚ, ਸੀਬੀਐਸਏ ਦੀ ਜਾਂਚ ਜਾਰੀ ਰਹੀ ਅਤੇ ਅਧਿਕਾਰੀਆਂ ਨੂੰ ਹਰਤਾਰ ਸਿੰਘ ਸੋਹੀ, ਉਸਦੀ ਪਤਨੀ ਮਨਦੀਪ ਕੌਰ ਸੋਹੀ, ਉਸਦੇ ਭਰਾ ਅਵਤਾਰ ਸਿੰਘ ਸੋਹੀ, ਅਵਤਾਰ ਸਿੰਘ ਦੀ ਪਤਨੀ ਗੁਰਦੀਪ ਕੌਰ ਸੋਹੀ ਅਤੇ ਦੋ ਸਬੰਧਿਤ ਕੰਪਨੀਆਂ, ਅਬਰੌਡ ਇਮੀਗ੍ਰੇਸ਼ਨ ਅਤੇ ਕੇ ਐਸ ਪ੍ਰਾਪਰਟੀਜ਼ ਇੰਕ ਦੇ ਖਾਤਿਆਂ ਲਈ ਕਈ ਬੈਂਕਾਂ ਅਤੇ ਕ੍ਰੈਡਿਟ ਯੂਨੀਅਨਾਂ ਤੋਂ ਵਿੱਤੀ ਦਸਤਾਵੇਜ਼ ਪ੍ਰਾਪਤ ਕਰਨ ਦੇ ਆਦੇਸ਼ ਮਿਲੇ।
ਸੀਬੀਐਸਏ ਨੇ ਅਦਾਲਤੀ ਫਾਈਲਿੰਗਜ਼ ਵਿੱਚ ਦੋਸ਼ ਲਾਇਆ ਹੈ ਕਿ ਅਵਤਾਰ ਅਤੇ ਉਸਦੀ ਪਤਨੀ ਨੇ ਇਮੀਗ੍ਰੇਸ਼ਨ ਅਰਜ਼ੀਆਂ ‘ਤੇ ਜਾਣਕਾਰੀ ਦੀ ਗਲਤ ਪੇਸ਼ਕਾਰੀ ਵਿੱਚ ਹਰਤਾਰ ਦੀ ਮਦਦ ਕੀਤੀ ਅਤੇ ਇਹ ਜੋੜਾ ਹਰਤਾਰ ਦੁਆਰਾ ਪ੍ਰਾਪਤ ਕੀਤੇ ਪੈਸੇ ਨੂੰ ਘਰ ਖਰੀਦਣ ਅਤੇ ਰੈਨੋਵੇਸ਼ਨ ਵਿਚ ਨਿਵੇਸ਼ ਕਰਨ ਲਈ ਆਪਣੀ ਕੰਸਟਰਕਸ਼ਨ ਕੰਪਨੀ ਕੇਐਸ ਪ੍ਰਾਪਰਟੀਜ਼ ਇੰਕ ਦੀ ਵਰਤੋਂ ਕਰ ਰਿਹਾ ਸੀ। ਸੀਬੀਐਸਏ ਦਾ ਮੰਨਣਾ ਹੈ ਕਿ ਅਜਿਹਾ ਪੈਸੇ ਦੇ ਮੂਲ ਸਰੋਤ ਨੂੰ ਛੁਪਾਉਣ ਲਈ ਕੀਤਾ ਗਿਆ ਸੀ। ਦਸਤਾਵੇਜ਼ਾਂ ਅਨੁਆਰ ਨਵੰਬਰ 2016 ਤੋਂ ਜਨਵਰੀ 2020 ਦੇ ਵਿਚਕਾਰ, ਸੋਹੀ ਜੀਆਂ ਅਤੇ ਉਨ੍ਹਾਂ ਦੀਆਂ ਕੰਪਨੀਆਂ ਨੇ ਆਪਣੇ ਬੈਂਕ ਖਾਤਿਆਂ ਵਿਚ 783,827.45 ਡਾਲਰ ਨਕਦੀ ਅਤੇ 9,600 ਅਮਰੀਕੀ ਡਾਲਰ ਨਕਦ ਜਮ੍ਹਾਂ ਕਰਵਾਏ। FINTRAC ਦਾ ਕਹਿਣਾ ਹੈ ਕਿ ਅਜਿਹਾ ਮਨੀ ਲੌਂਡਰਿੰਗ ਨੂੰ ਜ਼ਾਹਰ ਕਰਦਾ ਹੈ ਕਿਉਂਕਿ ਕਲਾਇੰਟ ਦਾ ਖਾਤਾ ਨਕਦ ਜਮ੍ਹਾਂ ਦੀ ਇੱਕ ਉੱਚ ਮਾਤਰਾ ਨੂੰ ਦਰਸਾਉਂਦਾ ਹੈ ਜਿਸਦੇ ਫੰਡਾਂ ਦਾ ਸਰੋਤ ਅਗਿਆਤ ਹੈ।
(ਸੀਬੀਸੀ ਨਿਊਜ਼)