ਕੈਨੇਡਾ ਵਿੱਚ ਘੜੀਆਂ ਹੋਈਆਂ ਇਕ ਘੰਟਾ ਪਿੱਛੇ
ਕੈਨੇਡਾ ਵਿੱਚ ਕੱਲ੍ਹ ਐਤਵਾਰ ਨੂੰ ਘੜੀਆਂ ਨੂੰ ਇਕ ਘੰਟਾ ਪਿੱਛੇ ਕਰ ਦਿੱਤਾ ਗਿਆ ਹੈ। ਦੇਸ਼ ਵਿੱਚ ਅਜਿਹਾ ਸਾਲ ਵਿੱਚ 2 ਵਾਰ ਕੀਤਾ ਜਾਂਦਾ ਹੈ। ਕੈਨੇਡਾ ਵਿੱਚ ਮਾਰਚ ਦੇ ਦੂਜੇ ਐਤਵਾਰ ਨੂੰ ਘੜੀਆਂ ਨੂੰ ਇਕ ਘੰਟੇ ਲਈ ਅੱਗੇ ਕੀਤਾ ਜਾਂਦਾ ਅਤੇ ਨਵੰਬਰ ਦੇ ਪਹਿਲੇ ਹਫ਼ਤੇ ਵਿੱਚ ਘੜੀਆਂ ਨੂੰ ਇਕ ਘੰਟੇ ਲਈ ਪਿੱਛੇ ਕਰ ਦਿੱਤਾ ਜਾਂਦਾ ਹੈ। ਗਰਮੀਆਂ ਦੇ ਮੌਸਮ ਵਿਚ ਲੰਬੇ ਦਿਨ ਹੋਣ ਕਰਕੇ ਕੈਨੇਡਾ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿਚ ਘੜੀਆਂ ਨੂੰ ਇੱਕ ਘੰਟਾ ਅੱਗੇ ਕਰ ਦਿੱਤਾ ਜਾਂਦਾ ਹੈ, ਤਾਂ ਕਿ ਕੁਦਰਤੀ ਚਾਨਣ ਦੀ ਸੁਚੱਜੀ ਵਰਤੋਂ ਕੀਤੀ ਜਾ ਸਕੇ ਅਤੇ ਇਸਨੂੰ ਡੇਅ ਲਾਈਟ ਸੇਵਿੰਗ ਕਿਹਾ ਜਾਂਦਾ ਹੈ।
ਭੂਗੋਲਿਕ ਤੌਰ ‘ਤੇ ਕੈਨੇਡਾ ਵੱਡਾ ਦੇਸ਼ ਹੈ ਅਤੇ ਇੱਥੇ 6 ਟਾਈਮ ਜ਼ੋਨ ਹਨ : ਪੈਸੇਫ਼ਿਕ , ਮਾਊਂਟੇਨ , ਸੈਂਟਰਲ , ਈਸਟਰਨ , ਅਟਲਾਂਟਿਕ ਅਤੇ ਨਿਊਫੰਡਲੈਂਡ ਟਾਈਮ ਜ਼ੋਨ। ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਦੇ ਕੁਝ ਸ਼ਹਿਰਾਂ ਨੂੰ ਛੱਡ ਕੇ ਸੂਬੇ ਵਿੱਚ ਪੈਸੇਫ਼ਿਕ ਟਾਈਮ ਜ਼ੋਨ ਦੇ ਹਿਸਾਬ ਨਾਲ ਚੱਲਿਆ ਜਾਂਦਾ ਹੈ। ਇਸ ਜ਼ੋਨ ਵਿੱਚ ਸਮਾਂ ਕੈਨੇਡਾ ਦੇ ਬਾਕੀ ਸਾਰੇ ਸੂਬਿਆਂ ਨਾਲੋਂ ਪਿੱਛੇ ਹੁੰਦਾ ਹੈ।
ਐਲਬਰਟਾ ਅਤੇ ਯੂਕੌਨ ਮਾਊਂਟੇਨ ਟਾਈਮ ਜ਼ੋਨ ਵਿੱਚ ਜਦਕਿ ਮੈਨੀਟੋਬਾ ਅਤੇ ਸਸਕੈਚਵਨ ਸੈਂਟਰਲ ਟਾਈਮ ਜ਼ੋਨ ਵਿੱਚ ਆਉਂਦੇ ਹਨ। ਓਨਟੇਰੀਓ , ਕਿਊਬੈਕ ਅਤੇ ਨੂਨਾਵੂਤ ਈਸਟਰਨ ਟਾਈਮ ਜ਼ੋਨ ਦੇ ਹਿਸਾਬ ਨਾਲ ਚਲਦੇ ਹਨ। ਨਿਊ ਬਰੰਜ਼ਵਿਕ , ਨੌਵਾਂ ਸਕੋਸ਼ੀਆ ਅਤੇ ਪ੍ਰਿੰਸ ਐਡਵਰਡ ਆਈਲੈਂਡ ਵਿੱਚ ਅਟਲਾਂਟਿਕ ਟਾਈਮ ਜ਼ੋਨ ਹੈ ਅਤੇ ਨਿਊਫੰਡਲੈਂਡ ਵਿੱਚ ਨਿਊਫੰਡਲੈਂਡ ਟਾਈਮ ਜ਼ੋਨ ਹੈ , ਜੋ ਕਿ ਸਭ ਤੋਂ ਅੱਗੇ ਹੈ।