GTA News Media

Top Info Bar
22.1°C Toronto Loading date...
Canada

ਰਿਪਲੇਸਮੈਂਟ ਵਰਕਰਜ਼ ਬਿਲ ‘ਤੇ ਕੋਈ ਪੱਖ ਲੈਣ ਤੋਂ ਪਹਿਲਾਂ ਬਿਲ ਦਾ ਅਧਿਐਨ ਕਰਨਗੇ ਪੌਲੀਐਵ

ਰਿਪਲੇਸਮੈਂਟ ਵਰਕਰਜ਼ ਬਿਲ ‘ਤੇ ਕੋਈ ਪੱਖ ਲੈਣ ਤੋਂ ਪਹਿਲਾਂ ਬਿਲ ਦਾ ਅਧਿਐਨ ਕਰਨਗੇ ਪੌਲੀਐਵ
Share this post via:

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਦਾ ਕਹਿਣਾ ਹੈ ਕਿ ਲਿਬਰਲ ਸਰਕਾਰ ਵੱਲੋਂ ਪ੍ਰਸਤਾਵਿਤ ਰਿਪਲੇਸਮੈਂਟ ਵਰਕਰਜ਼ ਬਿਲ ‘ਤੇ ਕੋਈ ਪੱਖ ਲੈਣ ਤੋਂ ਪਹਿਲਾਂ ਉਹ ਇਸ ਬਿਲ ਦਾ ਅਧਿਐਨ ਕਰਨਗੇ। ਪਿਛਲੇ ਹਫ਼ਤੇ ਫ਼ੈਡਰਲ ਸਰਕਾਰ ਨੇ ਇੱਕ ਬਿਲ ਲਿਆਂਦਾ ਸੀ ਜਿਸ ਤਹਿਤ ਫ਼ੈਡਰਲ ਸਰਕਾਰ ਦੇ ਨਿਯੰਤਰਣ ਹੇਠ ਆਉਂਦੀਆਂ ਕੰਮਕਾਜ ਦੀਆਂ ਜ਼ਿਆਦਾਤਰ ਥਾਂਵਾਂ ‘ਤੇ ਹੜਤਾਲਾਂ ਜਾਂ ਲੌਕਆਊਟ ਦੌਰਾਨ ਰਿਪਲੇਸਮੈਂਟ ਵਰਕਰਜ਼ ਦੀ ਵਰਤੋਂ ਕਰਨ ਭਾਵ ਹੜਤਾਲ ਕਰ ਰਹੇ ਕਾਮਿਆਂ ਦੇ ਬਦਲ ਵੱਜੋਂ ਹੋਰ ਕਾਮਿਆਂ ਤੋਂ ਕੰਮ ਲੈਣ ਦੀ ਮਨਾਹੀ ਹੋਵੇਗੀ।

ਇਹ ਬਿੱਲ ਫ਼ੈਡਰਲ ਤੌਰ ‘ਤੇ ਨਿਯੰਤ੍ਰਿਤ ਉਦਯੋਗਾਂ ਜਿਵੇਂ ਕਿ ਬੈਂਕਿੰਗ, ਹਵਾਈ ਅੱਡਿਆਂ ਅਤੇ ਦੂਰਸੰਚਾਰ ‘ਤੇ ਲਾਗੂ ਹੋਵੇਗਾ, ਪਰ ਫ਼ੈਡਰਲ ਲੋਕ ਸੇਵਾ ਜਾਂ ਕਿਸੇ ਸੂਬੇ ਜਾਂ ਪ੍ਰਦੇਸ਼ ਦੁਆਰਾ ਨਿਯੰਤ੍ਰਿਤ ਕੰਮਕਾਜ ਦੀ ਥਾਂ ’ਤੇ ਲਾਗੂ ਨਹੀਂ ਹੋਵੇਗਾ। ਪੌਲੀਐਵ ਨੇ ਕਿਹਾ ਕਿ ਪਹਿਲਾਂ ਉਹ ਪੜ੍ਹਨਗੇ ਕਿ ਇਸ ਬਿਲ ਵਿਚ ਕੀ ਲਿਖਿਆ ਗਿਆ ਹੈ, ਉਸਤੋਂ ਬਾਅਦ ਫ਼ੈਸਲਾ ਕਰਨਗੇ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਕਿਵੇਂ ਵੋਟ ਕਰੇਗੀ।

2021 ਦੀਆਂ ਚੋਣਾਂ ਵਿੱਚ ਲੌਕਆਊਟ ਦੀ ਸਥਿਤੀ ਵਿੱਚ ਰਿਪਲੇਸਮੈਂਟ ਵਰਕਰਾਂ ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਦਾ ਵਾਅਦਾ ਲਿਬਰਲਾਂ ਨੇ ਕੀਤਾ ਸੀ, ਪਰ ਐਨਡੀਪੀ ਅਤੇ ਲਿਬਰਲਾਂ ਦਰਮਿਆਨ ਹੋਏ ਸਮਰਥਨ ਸਮਝੌਤੇ ਦੇ ਹਿੱਸੇ ਵੱਜੋਂ, ਨਵੇਂ ਪ੍ਰਸਤਾਵਿਤ ਬਿੱਲ ਸੀ-58 ਵਿਚ ਹੜਤਾਲਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਲੌਕਆਊਟ ਜਾਂ ਤਾਲਾਬੰਦੀ ਉਦੋਂ ਵਾਪਰਦੀ ਹੈ ਜਦੋਂ ਰੁਜ਼ਗਾਰਦਾਤਾ ਕੰਮਕਾਜ ਦੀ ਥਾਂ ‘ਤੇ ਕੰਮ ਨੂੰ ਰੋਕਦਾ ਹੈ ਜਾਂ ਮੁਲਾਜ਼ਮਾਂ ਦੁਆਰਾ ਕੀਤੇ ਜਾਣ ਵਾਲੇ ਕੰਮ ਨੂੂੰ ਘਟਾਇਆ, ਬਦਲਿਆ ਜਾਂ ਮੁਅੱਤਲ ਕਰ ਦਿੱਤਾ ਜਾਂਦਾ ਹੈ।

ਐਨਡੀਪੀ ਲੀਡਰ ਜਗਮੀਤ ਸਿੰਘ ਇਸ ਬਿੱਲ ਨੂੰ ਆਪਣੀ ਪਾਰਟੀ ਦੀ ਜਿੱਤ ਵਜੋਂ ਪੇਸ਼ ਕਰ ਰਹੇ ਹਨ, ਜੋ ਕਿ ਲੰਬੇ ਸਮੇਂ ਤੋਂ ਯੂਨੀਅਨ ਲੀਡਰਾਂ ਨਾਲ ਮਿਲ ਕੇ ਇਸ ਵਿਵਸਥਾ ਦੀ ਵਕਾਲਤ ਕਰਦੇ ਰਹੇ ਹਨ। ਕੈਨੇਡੀਅਨ ਚੈਂਬਰ ਔਫ਼ ਕੌਮਰਸ ਅਤੇ ਕੈਨੇਡੀਅਨ ਫੈਡਰੇਸ਼ਨ ਔਫ਼ ਬਿਜ਼ਨਸ ਦੋਵਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਕਾਨੂੰਨ ਮਜ਼ਦੂਰ ਵਿਵਾਦਾਂ ਨੂੰ ਲੰਮਾ ਕਰ ਸਕਦਾ ਹੈ ਅਤੇ ਲੇਬਰ ਯੂਨੀਅਨਾਂ ਨੂੰ ਗੱਲਬਾਤ ਦੀ ਸਥਿਤੀ ਵਿਚ ਬਣੇ ਰਹਿਣ ਦੇ ਪ੍ਰੋਤਸਾਹਨ ਨੂੰ ਹਟਾ ਸਕਦਾ ਹੈ।