ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਗਾਜ਼ਾ ਵਿੱਚ ਇਜ਼ਰਾਈਲ ਦੇ ਜ਼ਮੀਨੀ ਅਤੇ ਹਵਾਈ ਹਮਲਿਆਂ ਦੌਰਾਨ ਫਲਸਤੀਨੀ ਨਾਗਰਿਕਾਂ ਦੀਆਂ ਵੱਧ ਰਹੀਆਂ ਮੁਸ਼ਕਲਾਂ ਨੂੰ ਘੱਟ ਕਰਨ ਲਈ “ਤੁਰੰਤ ਅਤੇ ਵਧੀ ਹੋਈ ਮਾਨਵਤਾਵਾਦੀ ਜੰਗਬੰਦੀ” ਦੀ ਮੰਗ ਕਰਨ ਵਾਲੇ ਇੱਕ ਮਤੇ ਨੂੰ ਮਨਜ਼ੂਰੀ ਦਿੱਤੀ ਹੈ। ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਸ਼ੁਰੂ ਹੋਣ ਤੋਂ ਬਾਅਦ ਸੰਯੁਕਤ ਰਾਸ਼ਟਰ ਵੱਲੋਂ ਪਾਸ ਕੀਤਾ ਗਿਆ ਇਹ ਪਹਿਲਾ ਮਤਾ ਹੈ। ਹਾਲਾਂਕਿ ਇਜ਼ਰਾਈਲ ਨੇ ਇਸ ਮਤੇ ਨੂੰ ਰੱਦ ਕਰ ਦਿੱਤਾ ਹੈ।
ਅਮਰੀਕਾ, ਬ੍ਰਿਟੇਨ ਤੇ ਰੂਸ ਨੇ ਵੋਟਿੰਗ ਤੋਂ ਬਣਾਈ ਦੂਰੀ
15 ਮੈਂਬਰੀ ਸੁਰੱਖਿਆ ਪ੍ਰੀਸ਼ਦ ਵਿੱਚ ਇਸ ਪ੍ਰਸਤਾਵ ਦੇ ਪੱਖ ਵਿੱਚ 12 ਵੋਟਾਂ ਪਈਆਂ। ਅਮਰੀਕਾ, ਬ੍ਰਿਟੇਨ ਅਤੇ ਰੂਸ ਵੋਟਿੰਗ ਤੋਂ ਦੂਰ ਰਹੇ। ਇਸ ਮਤੇ ਵਿਚ ਜਦੋਂ ਹਮਾਸ ਨੇ 7 ਅਕਤੂਬਰ ਨੂੰ ਇਜ਼ਰਾਈਲ ‘ਤੇ ਹੋਏ ਅਚਾਨਕ ਹਮਲੇ ਦੀ ਨਿੰਦਾ ਨਹੀਂ ਕੀਤੀ ਤਾਂ ਅਮਰੀਕਾ ਅਤੇ ਬ੍ਰਿਟੇਨ ਨੇ ਇਸ ਤੋਂ ਦੂਰੀ ਬਣਾ ਲਈ। ਮਤੇ ਵਿੱਚ ਇੱਕ ਮਨੁੱਖੀ ਜੰਗਬੰਦੀ ਅਤੇ “ਹਮਾਸ ਅਤੇ ਹੋਰ ਸਮੂਹਾਂ ਦੁਆਰਾ ਬੰਧਕ ਬਣਾਏ ਗਏ ਸਾਰੇ ਵਿਅਕਤੀਆਂ ਦੀ ਤੁਰੰਤ ਅਤੇ ਬਿਨਾਂ ਸ਼ਰਤ ਰਿਹਾਈ” ਦੀ ਮੰਗ ਕਰਨ ਵਾਲੀ ਭਾਸ਼ਾ ਨੂੰ ਨਰਮ ਰੱਖਿਆ ਗਿਆ ਹੈ।
ਹਾਲਾਂਕਿ, ਮਾਲਟਾ-ਪ੍ਰਾਯੋਜਿਤ ਮਤਾ ਉਨ੍ਹਾਂ ਗੰਭੀਰ ਮਤਭੇਦਾਂ ਨੂੰ ਦੂਰ ਕਰਨ ਵਿੱਚ ਕਾਮਯਾਬ ਰਿਹਾ, ਜਿਸ ਨੇ ਕੌਂਸਲ ਨੂੰ ਪਿਛਲੇ ਚਾਰ ਮਤਿਆਂ ਨੂੰ ਅਪਣਾਉਣ ਤੋਂ ਰੋਕਿਆ ਸੀ। ਸੰਯੁਕਤ ਰਾਸ਼ਟਰ ਵਿੱਚ ਮਾਲਟਾ ਦੀ ਰਾਜਦੂਤ ਵੈਨੇਸਾ ਫਰੇਜ਼ੀਅਰ ਨੇ ਕਿਹਾ,“ਅੱਜ ਅਸੀਂ ਇੱਕ ਮਹੱਤਵਪੂਰਨ ਪਹਿਲਾ ਕਦਮ ਹਾਸਲ ਕੀਤਾ ਹੈ। ਅਸੀਂ ਨਾਗਰਿਕਾਂ ਦੀ ਸੁਰੱਖਿਆ ਅਤੇ ਹਥਿਆਰਬੰਦ ਸੰਘਰਸ਼ਾਂ ਵਿੱਚ ਬੱਚਿਆਂ ਦੀਆਂ ਮੁਸ਼ਕਲਾਂ ਦੂਰ ਕਰਨ ਲਈ ਵਚਨਬੱਧ ਰਹਾਂਗੇ।”