GTA News Media

Top Info Bar
22.1°C Toronto Loading date...
Canada

ਅਮਰੀਕਾ ਵੱਲੋਂ ਲਾਏ ਗੰਭੀਰ ਦੋਸ਼ਾਂ ਤੋਂ ਬਾਅਦ ਭਾਰਤ ਨੇ ਬਣਾਈ ਜਾਂਚ ਕਮੇਟੀ

ਅਮਰੀਕਾ ਵੱਲੋਂ ਲਾਏ ਗੰਭੀਰ ਦੋਸ਼ਾਂ ਤੋਂ ਬਾਅਦ ਭਾਰਤ ਨੇ ਬਣਾਈ ਜਾਂਚ ਕਮੇਟੀ
Share this post via:

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤ ਦਾ ਹੱਥ ਹੋਣ ਦੇ ਲਾਏ ਦੋਸ਼ਾਂ ਦਾ ਮਾਮਲਾ ਅਜੇ ਠੰਡਾ ਨਹੀਂ ਸੀ ਹੋਇਆ ਕਿ ਇਸ ਵਿਚਾਲੇ ਅਮਰੀਕਾ ਨੇ ਵੀ ਇਕ ਭਾਰਤੀ ਵਿਅਕਤੀ ‘ਤੇ ਖ਼ਾਲਿਸਤਾਨੀ ਆਗੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਲਗਾਏ ਹਨ। ‘ਫਾਈਨੈਂਸ਼ੀਅਲ ਟਾਈਮਜ਼’ ਨੇ ਪਿਛਲੇ ਹਫ਼ਤੇ ਬੇਨਾਮ ਸੂਤਰਾਂ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਸੀ ਕਿ ਅਮਰੀਕੀ ਅਧਿਕਾਰੀਆਂ ਨੇ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ ਅਤੇ ਇਸ ਸਾਜ਼ਿਸ਼ ਵਿਚ ਸ਼ਾਮਲ ਹੋਣ ਦੀ ਚਿੰਤਾ ‘ਤੇ ਭਾਰਤ ਸਰਕਾਰ ਨੂੰ ਚਿਤਾਵਨੀ ਜਾਰੀ ਕੀਤੀ ਸੀ।

“ਵਾਸ਼ਿੰਗਟਨ ਪੋਸਟ” ਨੇ ਇਸ ਸਾਜ਼ਿਸ਼ ਵਿੱਚ ਸ਼ਾਮਲ ਇੱਕ ਭਾਰਤੀ ਦਾ ਨਾਮ ਬੇਪਰਦ ਕੀਤਾ ਹੈ। ਰਿਪੋਰਟ ਮੁਤਾਬਕ ਗੁਪਤਾ ਨੇ ਕੁਝ ਹੋਰਾਂ, ਜਿਨ੍ਹਾਂ ਵਿੱਚ ਇੱਕ ਭਾਰਤੀ ਅਧਿਕਾਰੀ ਵੀ ਸ਼ਾਮਲ ਹੈ, ਨਾਲ ਰਲ਼ ਕੇ ਕਥਿਤ ਤੌਰ ‘ਤੇ ਇਹ ਸਾਜ਼ਿਸ਼ ਜੂਨ ਵਿੱਚ ਘੜੀ ਸੀ, ਕੈਨੇਡਾ ਵਿੱਚ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਤੁਰੰਤ ਬਾਅਦ। ਰਿਪੋਰਟ ਮੁਤਾਬਕ ਗੁਪਤਾ ਜੋ ਕਿ ਇਸ ਵਕਤ ਅਮਰੀਕਾ ਵਿੱਚ ਨਹੀਂ ਹੈ, ਨੇ ਇੱਕ ਭਾੜੇ ਦੇ ਕਾਤਲ ਤੋਂ ਕੰਮ ਕਰਵਾਉਣ ਲਈ ਪੰਦਰਾਂ ਹਜ਼ਾਰ ਡਾਲਰ ਦੀ ਪੇਸ਼ਗੀ ਰਕਮ ਵੀ ਦਿੱਤੀ। ਗੁਪਤਾ ਤੀਹ ਜੂਨ ਨੂੰ ਚੈੱਕ ਰਿਪਬਲਿਕ ਵਿੱਚ ਫੜਿਆ ਗਿਆ, ਜਿੱਥੋਂ ਅਮਰੀਕਾ ਉਸਦੀ ਹਵਾਲਗੀ ਕਰਾਏਗਾ।

ਇਸ ਮਾਮਲੇ ਨੂੰ ਅਮਰੀਕਾ ਨੇ ਏਨੀ ਗੰਭੀਰਤਾ ਨਾਲ ਲਿਆ ਸੀ ਕਿ ਸੀਆਈਏ ਦੇ ਡਾਇਰੈਕਟਰ ਵਿਲੀਅਮ ਬਰਨਜ਼ ਅਗਸਤ ਵਿੱਚ ਤੇ ਐਨਆਈਏ ਦੇ ਮੁਖੀ ਐਵਰਿਲ ਹੇਨਜ਼ ਅਕਤੂਬਰ ਵਿੱਚ ਇਹ ਮੁੱਦਾ ਚੁੱਕਣ ਵਿਸ਼ੇਸ਼ ਤੌਰ ‘ਤੇ ਭਾਰਤ ਗਏ। ਭਾਰਤ ਅਮਰੀਕਾ ਅੱਗੇ ਸੀਲ ਹੋ ਕੇ ਸਹਿਯੋਗ ਦੇਣ ਲਈ ਮੰਨ ਚੁੱਕਾ ਹੈ।

ਭਾਰਤ ਨੇ ਦੋਸ਼ਾਂ ਦੀ ਜਾਂਚ ਲਈ ਕੀਤਾ ਕਮੇਟੀ ਦਾ ਗਠਨ
ਭਾਰਤ ਨੇ ਅਮਰੀਕੀ ਧਰਤੀ ‘ਤੇ ਇਕ ਸਿੱਖ ਕੱਟੜਪੰਥੀ ਦੇ ਕਤਲ ਦੀ ਸਾਜ਼ਿਸ਼ ਨਾਲ ਜੁੜੇ ਦੋਸ਼ਾਂ ਦੀ ਜਾਂਚ ਲਈ ਇਕ ਉੱਚ ਪੱਧਰੀ ਜਾਂਚ ਕਮੇਟੀ ਦਾ ਗਠਨ ਕੀਤਾ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਬੁੱਧਵਾਰ ਨੂੰ ਕਿਹਾ,”ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਅਮਰੀਕਾ ਨਾਲ ਦੁਵੱਲੇ ਸੁਰੱਖਿਆ ਸਹਿਯੋਗ ‘ਤੇ ਚਰਚਾ ਦੌਰਾਨ ਅਮਰੀਕੀ ਪੱਖ ਨੇ ਸੰਗਠਿਤ ਅਪਰਾਧੀਆਂ, ਬੰਦੂਕ ਚਲਾਉਣ ਵਾਲਿਆਂ, ਅੱਤਵਾਦੀਆਂ ਅਤੇ ਹੋਰਾਂ ਵਿਚਾਲੇ ਗਠਜੋੜ ਨਾਲ ਜੁੜੀਆਂ ਕੁਝ ਜਾਣਕਾਰੀਆਂ ਸਾਂਝੀਆਂ ਕੀਤੀਆਂ ਸਨ। ਅਸੀਂ ਇਹ ਵੀ ਸੰਕੇਤ ਦਿੱਤਾ ਹੈ ਕਿ ਭਾਰਤ ਅਜਿਹੀਆਂ ਸੂਚਨਾਵਾਂ ਨੂੰ ਗੰਭੀਰਤਾ ਨਾਲ ਲੈਂਦਾ ਹੈ, ਕਿਉਂਕਿ ਉਹ ਸਾਡੇ ਰਾਸ਼ਟਰੀ ਸੁਰੱਖਿਆ ਹਿੱਤਾਂ ‘ਤੇ ਵੀ ਪ੍ਰਭਾਵ ਪਾਉਂਦੀਆਂ ਹਨ ਅਤੇ ਸੰਬੰਧਤ ਵਿਭਾਗ ਪਹਿਲਾਂ ਤੋਂ ਹੀ ਇਸ ਮੁੱਦੇ ਦੀ ਜਾਂਚ ਕਰ ਰਹੇ ਹਨ।” ਭਾਰਤ ਨੇ ਮਾਮਲੇ ਦੇ ਸਾਰੇ ਸਬੰਧਤ ਪਹਿਲੂਆਂ ‘ਤੇ ਗੌਰ ਕਰਨ ਲਈ ਉੱਚ ਪੱਧਰੀ ਜਾਂਚ ਕਮੇਟੀ ਦਾ ਗਠਨ ਕੀਤਾ ਹੈ।