ਬੰਧਕਾਂ ਦੇ ਪਰਿਵਾਰਾਂ ਦੀ ਨੁਮਾਇੰਦਗੀ ਕਰਨ ਵਾਲੇ ਇੱਕ ਸਮੂਹ ਨੇ ਸ਼ੁੱਕਰਵਾਰ ਨੂੰ ਕਿਹਾ 7 ਅਕਤੂਬਰ ਨੂੰ ਹਮਾਸ ਵੱਲੋਂ ਫੜੇ ਗਏ ਕਰੀਬ 240 ਲੋਕਾਂ ਵਿਚੋਂ ਇੱਕ ਬੰਧਕ, ਜਿਸ ਕੋਲ ਅਮਰੀਕਾ ਦੀ ਦੋਹਰੀ ਨਾਗਰਿਕਤਾ ਸੀ, ਦੀ ਮੌਤ ਹੋ ਗਈ ਹੈ। 73 ਸਾਲ ਦਾ ਗਾਦੀ ਹੈਗਾਈ ਇਜ਼ਰਾਈਲੀ ਨਾਗਰਿਕ ਵੀ ਸੀ। ਹੋਸਟੇਜੇਜ਼ ਐਂਡ ਮਿਸਿੰਨਗ ਫ਼ੈਮਿਲੀਜ਼ ਫ਼ੋਰਮ ਨੇ ਗਾਦੀ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ। ਵੱਖ-ਵੱਖ ਜਾਣਕਾਰੀ ਦੇ ਸਰੋਤਾਂ ਦੇ ਮੱਦੇਨਜ਼ਰ, ਇਜ਼ਰਾਈਲੀ ਸਰਕਾਰ ਦੁਆਰਾ ਨਿਯੁਕਤ ਕਮੇਟੀ ਕੁਝ ਬੰਧਕਾਂ ਨੂੰ ਨਾ-ਮੌਜੂਦ ਹੋਣ ‘ਤੇ ਮ੍ਰਿਤਕ ਘੋਸ਼ਿਤ ਕਰ ਰਹੀ ਹੈ।
ਪਰ ਇਸ ਗਰੁੱਪ ਨੇ ਇਹ ਵੇਰਵੇ ਨਹੀਂ ਦਿੱਤੇ ਕਿ ਉਨ੍ਹਾਂ ਨੂੰ ਉਸਦੀ ਮੌਤ ਬਾਰੇ ਜਾਣਕਾਰੀ ਕਿਵੇਂ ਪ੍ਰਾਪਤ ਹੋਈ। ਗਾਦੀ ਹੈਗਾਈ, ਜੂਡਿਥ ਵੀਨਸਟੀਨ ਹੈਗਾਈ ਦਾ ਪਤੀ ਸੀ। 70 ਸਾਲ ਦੀ ਜੂਡਿਥ ਦੀ ਪਰਵਰਿਸ਼ ਕੈਨੇਡਾ ਵਿਚ ਹੋਈ ਸੀ ਅਤੇ ਉਸ ਕੋਲ ਕੈਨੇਡਾ ਅਤੇ ਅਮਰੀਕਾ ਦੀ ਦੋਹਰੀ ਨਾਗਰਿਕਤਾ ਹੈ। ਜੂਡਿਤ ਦੇ ਟਿਕਾਣੇ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਜੂਡਿਥ ਦੇ ਪਰਿਵਾਰਕ ਮੈਂਬਰਾਂ ਦਾ ਡਰ ਹੈ ਕਿ ਉਹ ਵੀ 7 ਅਕਤੂਬਰ ਨੂੰ ਬੰਧਕ ਬਣਾਏ ਗਏ ਲੋਕਾਂ ਵਿਚ ਸ਼ਾਮਲ ਸੀ। ਪਰਿਵਾਰਕ ਮੈਂਬਰਾਂ ਨੇ ਪਿਛਲੇ ਮਹੀਨੇ ਦੱਸਿਆ ਸੀ, ਸਾਨੂੰ ਪਤਾ ਹੈ, ਪ੍ਰਾਪਤ ਹੋ ਰਹੀ ਜਾਣਕਾਰੀ ਅਨੁਸਾਰ ਗਾਦੀ ਦੇ ਗੋਲੀ ਵੱਜੀ ਸੀ ਅਤੇ ਉਹ ਮਾਰਿਆ ਗਿਆ ਸੀ। ਜੂਡਿਥ ਦੇ ਵੀ ਗੋਲੀ ਵੱਜੀ ਸੀ, ਪਰ ਉਸਦੀ ਸਥਿਤੀ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਹਮਾਸ ਆਮ ਤੌਰ ‘ਤੇ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ, ਪਰ ਉਸਨੇ ਚਿਤਾਵਨੀ ਦਿੱਤੀ ਹੈ ਕਿ ਬੰਧਕਾਂ ਲਈ ਸਮਾਂ ਬੀਤ ਰਿਹਾ ਹੈ ਕਿਉਂਕਿ ਇਹ ਜੰਗ ਹੁਣ 12ਵੇਂ ਹਫ਼ਤੇ ਵਿਚ ਦਾਖ਼ਲ ਹੋ ਗਈ ਹੈ। ਇਜ਼ਰਾਈਲੀ ਗਿਣਤੀ ਦੇ ਅਨੁਸਾਰ, 129 ਬੰਧਕ ਅਜੇ ਵੀ ਗਾਜ਼ਾ ਵਿਚ ਹਨ। ਨਵੰਬਰ ਵਿਚ ਅਸਥਾਈ ਯੁੱਧ ਵਿਰਾਮ ਦੌਰਾਨ 100 ਤੋਂ ਵੱਧ ਬੰਧਕ ਰਿਹਾਅ ਕੀਤੇ ਗਏ ਸਨ। 22 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਜਿਸ ਵਿਚ ਇਜ਼ਰਾਈਲ ਫ਼ੌਜ ਵੱਲੋਂ ਗ਼ਲਤੀ ਨਾਲ ਮਾਰੇ ਗਏ ਤਿੰਨ ਬੰਧਕ ਵੀ ਸ਼ਾਮਲ ਹਨ।
24 ਨਵੰਬਰ ਤੋਂ 1 ਦਸੰਬਰ ਦੇ ਮਨੁੱਖਤਾਵਾਦੀ ਵਿਰਾਮ ਦੌਰਾਨ, ਇਜ਼ਰਾਈਲੀ ਜੇਲਾਂ ਚੋਂ 240 ਫ਼ਲਸਤੀਨੀਆਂ ਨੂੰ ਰਿਹਾਅ ਕੀਤਾ ਗਿਆ ਸੀ। ਵੀਰਵਾਰ ਨੂੰ ਇੱਕ ਬਿਆਨ ਵਿੱਚ ਹਮਾਸ ਅਤੇ ਇਸਲਾਮਿਕ ਜੇਹਾਦ ਨੇ ਬੰਧਕਾਂ ਦੀ ਇੱਕ ਹੋਰ ਅਦਲਾ-ਬਦਲੀ ਦੀਆਂ ਉਮੀਦਾਂ ਨੂੰ ਘਟਾ ਦਿੱਤਾ। ਉਹਨਾਂ ਨੇ ਇਜ਼ਰਾਈਲ ਦੁਆਰਾ ਹਮਲੇ ਦੀ ਪੂਰੀ ਸਮਾਪਤੀ ਤੋਂ ਇਲਾਵਾ ਭਵਿੱਖ ਵਿਚ ਕਿਸੇ ਵੀ ਡੀਲ ਤੋਂ ਇਨਕਾਰ ਕੀਤਾ ਹੈ।
(ਸੀਬੀਸੀ ਨਿਊਜ਼)