ਅਮਰੀਕਾ ਦੇ ਮਿਸ਼ੀਗਨ ‘ਚ ਇਕ ਘਰ ‘ਚ ਹੋਏ ਜ਼ਬਰਦਸਤ ਧਮਾਕੇ ‘ਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਪੁਲਿਸ ਮੁਤਾਬਕ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਕਈ ਮੀਲ ਤੱਕ ਸੁਣਾਈ ਦਿੱਤੀ। ਨਾਰਥਫੀਲਡ ਟਾਊਨਸ਼ਿਪ ਪੁਲਿਸ ਲੈਫਟੀਨੈਂਟ ਡੇਵਿਡ ਪਾਵੇਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਧਮਾਕਾ ਡੇਟ੍ਰੋਇਟ ਤੋਂ ਲਗਭਗ 72.4 ਕਿਲੋਮੀਟਰ ਪੱਛਮ ਵਿੱਚ ਨੌਰਥਫੀਲਡ ਟਾਊਨਸ਼ਿਪ ਵਿੱਚ ਹੋਇਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਪੂਰੀ ਇਮਾਰਤ ਤਬਾਹ ਹੋ ਗਈ ਅਤੇ ਸਿਰਫ਼ ਜ਼ਮੀਨਦੋਜ਼ ਮੰਜ਼ਿਲ ਹੀ ਬਚੀ ਹੈ।
ਧਮਾਕੇ ਦੀ ਆਵਾਜ਼ ਕਰੀਬ 14.4 ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ ਅਤੇ ਧਮਾਕੇ ਦਾ ਅਸਰ ਇੰਨਾ ਜ਼ਬਰਦਸਤ ਸੀ ਕਿ ਇਮਾਰਤ ਦਾ ਮਲਬਾ ਹਵਾ ‘ਚ ਉੱਡ ਕੇ ਨੇੜਲੇ ਹਾਈਵੇਅ ਦੇ ਦੋਵੇਂ ਪਾਸੇ ਜਾ ਡਿੱਗਿਆ। ਹਾਲਾਂਕਿ, ਗੁਆਂਢੀ ਘਰਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ। ਘਰ ਵਿੱਚ ਛੇ ਲੋਕ ਸਨ, ਜਿਨ੍ਹਾਂ ਵਿੱਚੋਂ ਚਾਰ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਦੋ ਬਚੇ ਹੋਏ ਵਿਅਕਤੀਆਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਸਾਰੇ ਵਿਅਕਤੀ ਆਪਸ ਵਿੱਚ ਸਬੰਧਤ ਹਨ ਜਾਂ ਨਹੀਂ।